Sunday, December 22, 2024

ਸੰਤਾਂ ਦੀ ਤਪੋ ਭੂਮੀ ਡੇਰਾ ਬਾਬਾ ਜੱਸਾ ਸਿੰਘ

           Dera Baba Jassa SIngh 1ਡੇਰਾ ਬਾਬਾ ਜੱਸਾ ਸਿੰਘ ਪਟਿਆਲਾ ਸ਼ਹਿਰ ਵਿਖੇ ਸੂਲਰ ਰੋਡ ’ਤੇ ਸਥਿਤ ਇੱਕ ਪਵਿੱਤਰ ਸਥਾਨ ਹੈ।ਜਿਸ ਨੂੰ ਚਾਰ ਮਹਾਂਪੁਰਸ਼ਾਂ ਬਾਬਾ ਹਰਦਿੱਤ ਸਿੰਘ, ਬਾਬਾ ਜੱਸਾ ਸਿੰਘ, ਬਾਬਾ ਨੰਦ ਸਿੰਘ ਅਤੇ ਬਾਬਾ ਗੁਰਮੁੱਖ ਸਿੰਘ ਜੀ ਦੀ ਤਪੋ ਭੂਮੀ ਹੋਣ ਦਾ ਮਾਣ ਪ੍ਰਾਪਤ ਹੈ।ਬਰਨਾਲਾ ਜਿਲ੍ਹੇ ਦੇ ਪਿੰਡ ਧਨੌਲੇ ਦੇ ਜੰਮਪਲ ਬਾਬਾ ਹਰਦਿੱਤ ਸਿੰਘ ਜੀ ਦਾ ਪਰਿਵਾਰ ਉਦਾਸੀ ਸੰਤਾਂ ਦਾ ਸ਼ਰਧਾਲੂ ਸੀ।ਸੰਤਾਨ ਦੀ ਮੌਤ ਹੋਣ ਕਾਰਨ ਇਹ ਪਰਿਵਾਰ ਬਹੁਤ ਦੁੱਖੀ ਸੀ।ਇਸ ਪਰਿਵਾਰ ਨੇ ਉਦਾਸੀ ਮਹਾਂਪੁਰਸ਼ਾਂ ਨੂੰ ਜੋਦੜੀ ਕੀਤੀ ਕਿ ਜੇਕਰ ਸਾਡੇ ਘਰ ਪੈਦਾ ਹੋਣ ਵਾਲੀ ਸੰਤਾਨ ਨੂੰ ਜੀਵਨ ਦਾਤ ਮਿਲ ਜਾਵੇ ਤਾਂ ਅਸੀਂ ਉਸ ਨੂੰ ਆਪ ਜੀ ਦੀ ਸੇਵਾ ਵਿੱਚ ਭੇਟ ਕਰ ਦਿਆਂਗੇ।ਇਸ ਪ੍ਰਣ ਦੇ ਬਦਲੇ ਬਾਬਾ ਹਰਦਿੱਤ ਸਿੰਘ ਨੇ ਉਦਾਸੀ ਡੇਰੇ ਵਿਖੇ ਸੇਵਾ ਨੂੰ ਆਪਣਾ ਜੀਵਨ ਮਨੋਰਥ ਬਣਾਇਆ।ਇਹਨਾਂ ਉਦਾਸੀ ਮਹਾਂਪੁਰਖਾਂ ਦੇ ਆਦੇਸ਼ ਅਨੁਸਾਰ ਆਪ ਨੇ ਗੁਰਦੁਆਰਾ ਅਕੋਈ ਸਾਹਿਬ, ਪਾਤਸ਼ਾਹੀ ਛੇਵੀਂ ਵਿਖੇ ਬਾਰ੍ਹਾਂ ਸਾਲ ਨਿਰੰਤਰ ਸੇਵਾ ਕੀਤੀ। ਇਲਾਕੇ ਦੀਆਂ ਸੰਗਤਾਂ ਵਿੱਚ ਆਪ ਜੀ ਦੀ ਸੇਵਾ ਦੇ ਚਰਚੇ ਹੋਣ ਲੱਗੇ ਅਤੇ ਧਨੌਲਾ ਨਿਵਾਸੀਆਂ ਨੇ ਆਪ ਜੀ ਨੂੰ ਆਪਣੇ ਪਿੰਡ ਚੱਲਣ ਦੀ ਬੇਨਤੀ ਕੀਤੀ।ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਬਾਬਾ ਹਰਦਿੱਤ ਸਿੰਘ ਜੀ ਨੇ ਅਗਲੇ ਵੀਹ ਸਾਲ ਇਸ ਪਿੰਡ ਤੋਂ ਬਾਹਰ ਏਕਾਂਤ ਵਿੱਚ ਰਹਿ ਕੇ ਬੰਦਗੀ ਕੀਤੀ, ਜਿਥੇ ਅਜਕਲ ਗੁਰਦੁਆਰਾ ਤਪਿਆਣਾ ਸਾਹਿਬ ਸੁਸ਼ੋਭਿਤ ਹੈ।ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਬਾਬਾ ਜੱਸਾ ਸਿੰਘ ਅਤੇ ਬਾਬਾ ਨੰਦ ਸਿੰਘ, ਬਾਬਾ ਹਰਦਿੱਤ ਸਿੰਘ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਸਨ।
                      ਬਾਬਾ ਜੱਸਾ ਸਿੰਘ ਜੀ ਦਾ ਅਸਲ ਨਾਂ ਬੀਬੀ ਜੱਸ ਕੌਰ ਸੀ, ਦਾ ਜਨਮ ਪਿੰਡ ਧਨੌਲਾ, ਜਿਲ੍ਹਾ ਬਰਨਾਲਾ ਵਿਖੇ ਹੋਇਆ। ਬਚਪਨ ਤੋਂ ਹੀ ਧਾਰਮਿਕ ਰੁਚੀਆਂ ਦੀ ਮਾਲਿਕ ਬੀਬੀ ਜੱਸ ਕੌਰ ਦੇ ਸਹੁਰਾ ਪਰਿਵਾਰ ਨੂੰ ਉਹਨਾਂ ਦੀ ਭਗਤੀ ਭਾਵਨਾ ਅਤੇ ਸਾਧਾਂ-ਸੰਤਾਂ ਦੀ ਸੇਵਾ ਚੰਗੀ ਨਾ ਲੱਗੀ।ਨਤੀਜਾ ਇਹ ਹੋਇਆ ਕਿ ਆਪ ਨੂੰ ਸਹੁਰਾ ਪਰਿਵਾਰ ਵੱਲੋਂ ਤਿਆਗ ਦੇ ਦਿੱਤਾ ਗਿਆ।ਅਜਿਹੇ ਨਾਜ਼ੁਕ ਮੌਕੇ ਬੀਬੀ ਜੀ ਦੀ ਅਵਸਥਾ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਦੇ ਪਿਤਾ ਨੇ ਬੀਬੀ ਨੂੰ ਬਾਬਾ ਹਰਦਿੱਤ ਸਿੰਘ ਜੀ ਦੀ ਸੇਵਾ ਵਿੱਚ ਤਪਿਆਣਾ ਸਾਹਿਬ ਵਿਖੇ ਅਰਪਨ ਕਰ ਦਿੱਤਾ।
                ਬਾਬਾ ਹਰਦਿੱਤ ਸਿੰਘ ਜੀ ਨੇ ਕਰੜੀ ਪ੍ਰੀਖਿਆ ਤੋਂ ਬਾਅਦ ਬੀਬੀ ਨੂੰ ਸੇਵਾ ਵਿੱਚ ਰੱਖ ਲਿਆ ਅਤੇ ਮਰਦਾਂ ਵਾਲਾ ਲਿਬਾਸ ਪੁਵਾ ਕੇ ਜੱਸਾ ਸਿੰਘ ਦਾ ਨਾਂ ਦਿੱਤਾ।ਬਾਬਾ ਨੰਦ ਸਿੰਘ ਜੀ ਜੋ ਕਿ ਰਿਸ਼ਤੇ ਵਿੱਚ ਬਾਬਾ ਹਰਦਿੱਤ ਸਿੰਘ ਦੇ ਭਾਣਜੇ ਲੱਗਦੇ ਸਨ, ਦਾ ਜਨਮ ਪਿੰਡ ਲੋਹਾਖੇੜੇ ਵਿਖੇ ਮਾਤਾ ਰਾਮ ਰੱਤੋ ਅਤੇ ਪਿਤਾ ਦੇਵਾ ਸਿੰਘ ਦੇ ਘਰ ਹੋਇਆ। ਬਾਬਾ ਨੰਦ ਸਿੰਘ ਨੇ ਬਾਬਾ ਰਾਮ ਦਾਸ ਦੇ ਡੇਰੇ ਤੋਂ ਗੁਰਬਾਣੀ ਸਿੱਖਿਆ ਪ੍ਰਾਪਤ ਕੀਤੀ ਜਿਸ ਨਾਲ ਅਜਿਹੀ ਚੇਟਕ ਲੱਗੀ ਕਿ ਆਪ ਨੇ ਆਪਣਾ ਪੂਰਾ ਜੀਵਨ ਬੰਦਗੀ ਦੇ ਲੇਖੇ ਲਾਉਣ ਦਾ ਫੈਸਲਾ ਕਰ ਲਿਆ ਅਤੇ ਅਗਲੀ ਰਹਿਨੁਮਾਈ ਲਈ ਬਾਬਾ ਹਰਦਿੱਤ ਸਿੰਘ ਦੀ ਸ਼ਰਨ ਵਿੱਚ ਆ ਗਏ।
                  ਬਾਬਾ ਹਰਦਿੱਤ ਸਿੰਘ ਦੀ ਸੋਭਾ ਪੂਰੇ ਇਲਾਕੇ ਵਿੱਚ ਫ਼ੈਲ ਚੁੱਕੀ ਸੀ, ਜਿਸ ਤੋਂ ਪ੍ਰਭਾਵਿਤ ਹੋ ਕੇ ਨਾਭਾਪਤੀ ਮਹਾਰਾਜਾ ਹੀਰਾ ਸਿੰਘ ਨੇ ਆਪ ਜੀ ਨੂੰ ਨਾਭੇ ਦੀ ਧਰਤੀ ਨੂੰ ਭਾਗ ਲਾਉਣ ਲਈ ਬੇਨਤੀ ਕੀਤੀ। ਮਹਾਰਾਜਾ ਹੀਰਾ ਸਿੰਘ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਬਾਬਾ ਹਰਦਿੱਤ ਸਿੰਘ ਅਤੇ ਉਹਨਾਂ ਦੇ ਨਾਲ ਬਾਬਾ ਜੱਸਾ ਸਿੰਘ ਤੇ ਬਾਬਾ ਨੰਦ ਸਿੰਘ ਨੇ ਨਾਭੇ ਟਿਕਾਣਾ ਕੀਤਾ।ਇਸ ਸਥਾਨ ਤੇ ਅੱਜਕਲ੍ਹ ਗੁਰਦੁਆਰਾ ਟਿੱਬੀ ਸਾਹਿਬ ਸੁਸ਼ੋਭਿਤ ਹੈ।ਆਪ ਦੀ ਸੋਭਾ ਦਾ ਖਿੱਚਿਆ ਹੋਇਆ ਪਟਿਆਲਾਪਤੀ ਮਹਾਰਾਜਾ ਰਜਿੰਦਰ ਸਿੰਘ ਇਸ ਸਥਾਨ ’ਤੇ ਪਹੁੰਚਿਆ ਅਤੇ ਆਪ ਜੀ ਨੂੰ ਪਟਿਆਲਾ ਵਿਖੇ ਚਰਨ ਪਾਉਣ ਦੀ ਬੇਨਤੀ ਕੀਤੀ।ਮਹਾਰਾਜਾ ਸਾਹਿਬ ਦੀ ਸ਼ਰਧਾ ਨੂੰ ਵੇਖਦਿਆਂ ਮਹਾਂਪੁਰਸ਼ਾਂ ਨੇ ਉਸ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਅਤੇ ਡੇਰਾ ਬਾਬਾ ਜੱਸਾ ਸਿੰਘ ਵਾਲੇ ਸਥਾਨ ਨੂੰ ਆਪਣਾ ਟਿਕਾਣਾ ਬਣਾਇਆ।ਬਾਬਾ ਜੱਸਾ ਸਿੰਘ ਜੀ ਦੇ ਸਮਰਪਣ ਅਤੇ ਬੰਦਗੀ ਤੋਂ ਬਾਬਾ ਹਰਦਿੱਤ ਸਿੰਘ ਇੰਨੇ ਖੁਸ਼ ਹੋਏ ਕਿ ਉਹਨਾਂ ਨੇ ਬਚਨ ਕੀਤਾ ਕਿ ਸਾਡਾ ਨਾਂ ਤਾਂ ਦੱਸਣ ’ਤੇ ਹੀ ਪਤਾ ਲੱਗੇਗਾ ਪਰ ਇਹ ਸਥਾਨ ਬਾਬਾ ਜੱਸਾ ਸਿੰਘ ਦੇ ਨਾਂ ਨਾਲ ਜਾਣਿਆ ਜਾਏਗਾ। ਬਾਬਾ ਹਰਦਿੱਤ ਸਿੰਘ ਜੀ ਦੇ ਗੁਰਪੁਰ ਨਿਵਾਸ ਕਰਨ ਤੋਂ ਬਾਅਦ ਇਸ ਡੇਰੇ ਨੂੰ ਬਾਬਾ ਜੱਸਾ ਸਿੰਘ ਜੀ ਅਤੇ ਉਹਨਾਂ ਪਿੱਛੋਂ ਬਾਬਾ ਨੰਦ ਸਿੰਘ ਜੀ ਨੇ ਸੰਭਾਲਿਆ।ਬਾਬਾ ਨੰਦ ਸਿੰਘ ਜੀ ਨੇ ਆਪਣੇ ਜਿਉਂਦਿਆਂ ਹੀ ਇਹ ਸੇਵਾ ਪੰਥ ਪ੍ਰਸਿੱਧ ਵਿਦਵਾਨ ਪ੍ਰਚਾਰਕ ਬਾਬਾ ਗੁਰਮੁਖ ਸਿੰਘ ਜੀ ਨੂੰ ਦੇ ਦਿੱਤੀ।
             ਬਾਬਾ ਗੁਰਮੁਖ ਸਿੰਘ ਦਾ ਜਨਮ ਪਿੰਡ ਦਲੇਰ ਸਿੰਘ ਵਾਲਾ, ਜਿਲ੍ਹਾ ਮਾਨਸਾ ਵਿਖੇ 1895 ਈ. ਵਿੱਚ ਹੋਇਆ।ਆਪ ਦਾ ਬਚਪਨ ਦਾ ਨਾਂ ਬਾਬੂ ਰਾਮ ਸੀ ਅਤੇ ਆਮ ਸੰਤ ਅਤਰ ਸਿੰਘ ਜੀ ਦੀ ਪ੍ਰੇਰਨਾ ਸਦਕਾ ਅੰਮ੍ਰਿਤ ਛਕ ਕੇ ਗੁਰਮੁਖ ਸਿੰਘ ਬਣੇ। ਕੁਝ ਚਿਰ ਬ੍ਰਿਟਿਸ਼ ਭਾਰਤੀ ਫੌਜ ਵਿੱਚ ਨੌਕਰੀ ਕਰਨ ਪਿੱਛੋਂ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਸਿੱਖੀ ਦੇ ਪ੍ਰਚਾਰ ਵਿੱਚ ਜੁਟ ਗਏ। ਆਪ ਜੀ ਨੇ ਨਨਕਾਣਾ ਸਾਹਿਬ ਅਤੇ ਜੈਤੋਂ ਦੇ ਮੋਰਚਿਆਂ ਵਿੱਚ ਵੀ ਸਰਗਰਮ ਹਿੱਸਾ ਲਿਆ ਤੇ ਗ੍ਰਿਫਤਾਰੀਆ ਵੀ ਦਿੱਤੀਆਂ।ਇਸ ਪਿੱਛੋਂ ਸਿੱਖੀ ਦੇ ਪ੍ਰਚਾਰ ਹਿੱਤ ਉਹਨਾਂ ਨੇ ਭਾਰਤ ਦੇ ਵੱਖ-ਵੱਖ ਕੋਨਿਆਂ ਜਿਵੇਂ ਰਾਵਲਪਿੰਡੀ, ਕਰਾਚੀ, ਪਿਸ਼ਾਵਰ (ਪਾਕਿਸਤਾਨ), ਕੋਟਾ, ਕਲਕੱਤਾ ਅਤੇ ਕਸ਼ਮੀਰ ਆਦਿ ਦੀ ਯਾਤਰਾ ਕੀਤੀ।ਸਿੱਖੀ ਦੀ ਮਹਿਕ ਨੂੰ ਵਿਦੇਸ਼ਾ ਤੱਕ ਪਹੁੰਚਾਉਣ ਲਈ ਉਹਨਾਂ ਨੇ ਜਾਪਾਨ, ਇੰਗਲੈਂਡ ਅਤੇ ਕੈਨੇਡਾ ਆਦਿ ਮੁਲਕਾਂ ਦੀ ਯਾਤਰਾ ਵੀ ਕੀਤੀ। ਆਪ ਦੇ ਵਾਕ ਅਜਿਹੇ ਸਰਲ ਤੇ ਭਾਵਪੂਰਤ ਹੁੰਦੇ ਸਨ ਕਿ ਸ੍ਰੋਤਿਆਂ ਦੇ ਮਨਾਂ ਵਿੱਚ ਲਹਿ ਜਾਂਦੇ ਸਨ।ਪੜ੍ਹੇ-ਲਿਖੇ ਅਤੇ ਅਨਪੜ੍ਹ ਹਰ ਮਨੁੱਖ ਤੇ ਉਹਨਾਂ ਨੇ ਡੂੰਘਾ ਅਸਰ ਪਾਇਆ।
            1947 ਈ. ਦੀ ਭਾਰਤ-ਪਾਕਿਸਤਾਨ ਵੰਡ ਸਮੇਂ ਬਾਬਾ ਗੁਰਮੁਖ ਸਿੰਘ ਵੱਲੋਂ ਡੇਰਾ ਬਾਬਾ ਜੱਸਾ ਸਿੰਘ ਵਿੱਖੇ ਸ਼ਰਨਾਰਥੀਆਂ ਲਈ ਕੈਂਪ ਲਗਾਇਆ ਗਿਆ, ਜਿਸ ਵਿੱਚ ਹਜ਼ਾਰਾਂ ਸੰਗਤਾਂ ਦੀ ਸੇਵਾ ਸੰਭਾਲ ਕੀਤੀ ਗਈ।ਡਾ. ਭਾਈ ਵੀਰ ਸਿੰਘ ਵਰਗੀਆਂ ਪੰਥਕ ਸ਼ਖਸੀਅਤਾਂ ਦੇ ਆਪ ਜੀ ਨਾਲ ਸਨੇਹ ਦਾ ਸਦਕਾ ਹੀ ਸੀ ਕਿ ਉਹ ਜਦੋਂ ਵੀ ਇਸ ਪਾਸੇ ਆਉਂਦੇ ਤਾਂ ਡੇਰਾ ਬਾਬਾ ਜੱਸਾ ਸਿੰਘ ਵਿਖੇ ਜ਼ਰੂਰ ਨਤਮਸਤਕ ਹੁੰਦੇ ਸਨ। ਬਾਬਾ ਗੁਰਮੁਖ ਸਿੰਘ ਜੀ ਨੇ ਸੰਗਤਾਂ ਲਈ ਨਵੀਆਂ ਉਸਾਰੂ ਲੀਹਾਂ ਤੇ ਚੱਲ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ-ਗੱਦੀ ਦਿਵਸ ਨੂੰ ਹਰ ਸਾਲ ਮਨਾਉਣ ਦੀ ਪ੍ਰੰਪਰਾ ਸ਼ੁਰੂ ਕੀਤੀ।ਆਪ ਜੀ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਸ਼੍ਰੋਮਣੀ ਵਿਆਖਿਆਕਾਰ ਦਾ ਖਿਤਾਬ ਦਿੱਤਾ ਗਿਆ।ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਪ ਜੀ ਨੂੰ ਜਾਰੀ ਕੀਤਾ ਗਿਆ ਪ੍ਰਸ਼ੰਸਾ ਪੱਤਰ ਆਪ ਜੀ ਦੀ ਸ਼ਖਸੀਅਤ ਦੇ ਮਹੱਤਵ ਨੂੰ ਉਜਾਗਰ ਕਰਨ ਵਾਲਾ ਇਕ ਹੋਰ ਅਹਿਮ ਪ੍ਰਮਾਣ ਹੈ।
            ਬਾਬਾ ਗੁਰਮੁੱਖ ਸਿੰਘ ਵੱਲੋਂ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਲਈ ਕੀਤੇ ਗਏ ਉਪਰਾਲਿਆਂ ਵਿੱਚ ਗੁਰਮਤਿ ਕਾਲਜ, ਪਟਿਆਲਾ ਦੀ ਸਥਾਪਨਾ ਦਾ ਅਹਿਮ ਸਥਾਨ ਹੈ। ਭਵਿੱਖ ਮੁਖੀ ਸੋਚ ਦੇ ਮਾਲਕ ਬਾਬਾ ਗੁਰਮੁਖ ਸਿੰਘ ਨੇ ਜਿੱਥੇ ਆਪ ਸਾਰੀ ਉਮਰ ਸਿੱਖੀ ਪ੍ਰਚਾਰ ਨੂੰ ਸਮਰਪਤ ਕਰ ਦਿੱਤੀ ਉਥੇ ਇਸ ਕਾਰਜ ਨੂੰ ਲਗਾਤਾਰ ਜਾਰੀ ਰੱਖਣ ਲਈ ਇੱਕ ਅਜਿਹਾ ਬੂਟਾ ਲਾਇਆ ਜੋ ਹਮੇਸ਼ਾਂ ਪੰਥ ਦੀ ਸੇਵਾ ਵਿੱਚ ਹਾਜ਼ਰ ਰਹੇਗਾ। ਗੁਰਮਤਿ ਕਾਲਜ ਦੇ ਸੰਕਲਪ ਪਿੱਛੇ ਬਾਬਾ ਗੁਰਮੁਖ ਸਿੰਘ ਦੀ ਭਾਵਨਾ ਅਜਿਹੇ ਸਿੱਖ ਪ੍ਰਚਾਰਕ ਅਤੇ ਵਿਦਵਾਨ ਪੈਦਾ ਕਰਨਾ ਸੀ ਜੋ ਸਿੱਖੀ ਦੇ ਗਿਆਨ ਦੇ ਨਾਲ-ਨਾਲ ਅਕਾਦਮਿਕ ਪੱਖੋਂ ਵੀ ਪੂਰਨ ਰੂਪ ਵਿੱਚ ਸਮਰੱਥ ਹੋਣ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਗੁਰਮਤਿ ਕਾਲਜ ਦੇ ਅੰਤਰਗਤ ਧਰਮ ਅਧਿਐਨ ਵਿਸ਼ੇ ਵਿੱਚ ਐੱਮ.ਏ. ਦੀ ਡਿਗਰੀ ਕਰਵਾਈ ਜਾਂਦੀ ਹੈ। ਸੰਨ 1964 ਈ. ਵਿੱਚ ਬਾਬਾ ਗੁਰਮੁਖ ਸਿੰਘ ਨੇ ਸੰਗਤ ਦੀ ਸੰਮਤੀ ਨਾਲ ਡੇਰਾ ਬਾਬਾ ਜੱਸਾ ਸਿੰਘ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਰਕੇ ਡੇਰੇ ਦਾ ਪ੍ਰਬੰਧ ਇਸ ਕਮੇਟੀ ਨੂੰ ਸੌਂਪ ਦਿੱਤਾ। ਜੂਨ 1984 ਈ. ਦੇ ਦਰਬਾਰ ਸਾਹਿਬ ਵਿਖੇ ਵਾਪਰੇ ਘੱਲੂਘਾਰੇ ਦੀ ਪੀੜ ਨੂੰ ਨਾ ਸਹਾਰਦੇ ਹੋਏ ਬਾਬਾ ਗੁਰਮੁੱਖ ਸਿੰਘ ਜੀ ਜੋ ਉਸ ਸਮੇਂ ਅਮਰੀਕਾ ਵਿਖੇ ਸਨ, ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਬਿਰਾਜੇ। ਡੇਰਾ ਬਾਬਾ ਜੱਸਾ ਸਿੰਘ ਵਿੱਖੇ ਹਰ ਸਾਲ ਸਤੰਬਰ ਦੇ ਮਹੀਨੇ ਡੇਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਉਪਰੋਕਤ ਚਾਰੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਜੋੜ ਮੇਲਾ ਮਨਾਇਆ ਜਾਂਦਾ ਹੈ।
           ਇਸ ਜੋੜ ਮੇਲੇ ਵਿੱਚ ਜਿੱਥੇ ਦੇਸ਼-ਵਿਦੇਸ਼ ਤੋਂ ਗੁਰਮੁਖ ਸੱਜਣ ਸ਼ਾਮਿਲ ਹੁੰਦੇ ਹਨ, ਉਥੇ ਧਨੌਲਾ, ਨਾਭਾ, ਸੰਗਰੂਰ ਅਤੇ ਅਕੋਈ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਸੰਗਤਾਂ ਹੁੰਮ-ਹੁੰਮਾ ਕੇ ਪਹੁੰਚਦੀਆਂ ਹਨ।ਇਹ ਜੋੜ ਮੇਲਾ ਇੱਕ ਪਾਸੇ ਸਾਨੂੰ ਸਾਡੀ ਪਰੰਪਰਾ ਨਾਲ ਜੋੜਦਾ ਹੈ ਅਤੇ ਦੂਜੇ ਪਾਸੇ ਸਿੱਖੀ ਦੇ ਭਵਿੱਖ ਮੁਖੀ ਪ੍ਰਚਾਰ-ਪ੍ਰਸਾਰ ਦਾ ਉਪਰਾਲਾ ਵੀ ਸਾਬਤ ਹੁੰਦਾ ਹੈ।
            ਇਸ ਵਰ੍ਹੇ ਇਹ ਧਾਰਮਿਕ ਜ਼ੋੜ ਮੇਲਾ 27, 28, 29 ਸਤੰਬਰ, 2019 ਨੂੰ ਵਧੇਰੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਪ੍ਰਬੰਧ ਦਾ ਸਿਲਾ ਡੇਰਾ ਬਾਬਾ ਜੱਸਾ ਸਿੰਘ ਪਟਿਆਲਾ ਦੇ ਆਨਰੇਰੀ ਜਨਰਲ ਸਕੱਤਰ, ਪ੍ਰੋਫੇੈਸਰ ਜਸਬੀਰ ਸਿੰਘ ਨੂੰ ਜਾਂਦਾ ਹੈ ਜਿਹਨਾਂ ਦੇ ਉਦਮਾਂ ਸਦਕੇ ਇਹ ਕਾਰਜ਼ ਸਰਵਸਕਤੀਮਾਨ ਗੁਰੂ ਕ੍ਰਿਪਾ ਨਾਲ ਹੀ ਸੰਪੂਰਨ ਹੁੰਦੇ ਹਨ। ਇਸ ਵਰ੍ਹੇ 27 ਸਤੰਬਰ, 2019 ਸਵੇਰੇ 10:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਸਦਾ ਭੋਗ 29 ਸਤੰਬਰ, 2019 ਨੂੰ ਸਵੇਰੇ 10:30 ਵਜੇ ਪਵੇਗਾ। ਉਸਤੋ ਉਪਰੰਤ 11 ਤੋਂ 2 ਵਜੇ ਤੱਕ ਰਸ-ਭਿੰਨਾ ਕੀਰਤਨ ਹੋਵੇਗਾ।ਡਾਕਟਰ ਜਸਬੀਰ ਕੌਰ, ਪ੍ਰਿੰਸੀਪਲ ਗੁਰਮਤਿ ਕਾਲਜ, ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰਣਗੀਆਂ। ਉਪਰੰਤ ਡਾ. ਹਰਭਜਨ ਸਿੰਘ ਕਥਾ ਸੁਨਾਉਣਗੇ।ਇਸ ਤੋਂ ਬਾਦ ਗੁਰੂ ਦਾ ਲੰਗਰ ਅਤੁੱਟ ਵਰਤੇਗਾ।

Jaswant Singh Patiala 1

ਡਾਕਟਰ ਜਸਵੰਤ ਸਿੰਘ ਪੁਰੀ
ਡਾਕਟਰ ਆਫ ਲੈਟਰਜ਼ (ਅੋਨੋਰਿਸ ਕੌਸਾ)
ਪੰਜਾਬ ਰਤਨ (ਮੈਂਬਰ ਦੀਵਾਨ ਪਰਿਵਾਰ)
ਮੋ – 93165 20136

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply