ਦੀਵਾਲੀ ਦੇ ਤਿਉਹਾਰ ਨੇੜੇ ਸ਼ਹਿਰਾਂ ਵਿੱਚ, ਬਾਜ਼ਾਰਾਂ ਵਿੱਚ ਰੌਣਕ ਤੇ ਗਹਿਮਾ-ਗਹਿਮੀ ਪੂਰੀ ਵਧ ਜਾਂਦੀ ਹੈ। ਬਾਜ਼ਾਰਾਂ ਵਿਚ ਤਾਂ ਪੈਰ ਰੱਖਣ ਨੂੰ ਕਿੱਧਰੇ ਥਾਂ ਨਹੀਂ ਹੁੰਦੀ।
ਅਸਲ ਵਿੱਚ ਦੀਵਾਲੀ ਪੂਰੇ ਦੇਸ਼ ਵਿੱਚ ਮਨਾਇਆ ਜਾਣ ਵਾਲਾ ਇਕ ਸਰਬ ਸਾਂਝਾ ਤਿਓਹਾਰ ਹੈ।ਇਸ ਨੂੰ ਹਰ ਵਰਗ ਦੇ, ਹਰ ਧਰਮ ਦੇ ਲੋਕ ਬਹੁਤ ਖੁਸ਼਼ੀ ਨਾਲ ਮਨਾਉਂਦੇ ਹਨ।ਮਨਾਉਣ ਦਾ ਤਰੀਕਾ ਵੱਖੋ-ਵੱਖ ਹੋ ਸਕਦਾ ਹੈ।
ਮੇਰਾ ਸ਼ੁੁਰੂ ਤੋਂ ਰੁਝਾਣ ਰਿਹਾ ਹੈ ਕਿ ਮੈਂ ਆਪਣੇ ਪਰਿਵਾਰ ਨਾਲ ਦੀਵਾਲੀ ਵਾਲੇ ਦਿਨ, ਪਿੰਡ ਚਲਾ ਜਾਂਦਾ ਹਾਂ, ਤੇ ਸ਼ਹਿਰ ਦੀ ਇਸ ਸ਼ੋਰ-ਸ਼ਰਾਬੇ ਭਰੀ ਜ਼ਿੰਦਗੀ ਤੋਂ ਜ਼ਰਾ ਰਾਹਤ ਮਿਲਦੀ ਹੈ।ਇਸ ਵਾਰ ਵੀ ਇੱਦਾਂ ਹੀ ਹੋਇਆ ਮੈਂ ਆਪਣੇ ਪਿੰਡ ਪਹੁੰਚ ਗਿਆ।ਘਰ ਦਾ ਇੱਕ ਛੋਟਾ ਜਵਾਕ ਅੱਗੇ ਕੜਛੀ ਵਿੱਚ ਧੁਖਦੀ ਅੱਗ ਤੇ ਪਿੱਛੇ ਪਰਿਵਾਰ ਦੀਆਂ ਬੁੜੀਆਂ ਖੇਤਾਂ ਵੱਲ ਮਟੀਆਂ ਤੇ ਲੱਸੀ ਪਾਉਣ ਜਾ ਰਹੀਆਂ ਸੀ।ਘਰ ਚਾਹ ਪਾਣੀ ਪੀ, ਮੈਂ ਖੇਤਾਂ ਵੱਲ ਚਲਾ ਗਿਆ।ਖੇਤੀਂ ਜਾ ਕੇ ਵੇਖਿਆ ਤਾਂ ਨਾਲ ਦੇ ਖੇਤ, ਬੰਤੂ ਬਾਬੇ ਕੇ ਨਰਮਾ ਚੁਗ ਰਹੇ ਸੀ ਤੇ ਓਹ ਆਪ ਡੇਕ ਹੇਠਾਂ ਚਾਹ ਬਣਾ ਰਿਹਾ ਸੀ।ਮੈਂ ਉਸ ਕੋਲ ਚਲਾ ਗਿਆ, ਤੇ ਜਾ ਫਤਹਿ ਬੁਲਾਈ।ਉਸ ਨੇ ਆਪਣਾ ਡੱਬੀਦਾਰ ਪਰਨਾ ਅੱਖਾਂ ਤੋਂ ਉਤਾਂਹ ਚੁੱਕ ਮੇਰੇ ਵੱਲ ਜ਼ਰਾ ਧਿਆਨ ਨਾਲ ਤੱਕਿਆ ਫਿਰ ਕੁੱਝ ਸਮੇਂ ਦੀ ਵਿੱਥ ਪਾ ਉਸ ਨੇ ਮੈਨੂੰ ਪਛਾਣਿਆ ਤੇ ਬੋਲਿਆ, ਆ ਸ਼ੇਰਾ ਵਾ, ਕੀ ਹਾਲ ਨੇ ਤੇਰੇ।ਆ ਬੈਠ ਜਾ ਮੰਜੇ `ਤੇ।
“ਬਾਬਾ ਬੜਾ ਟਾਈਮ ਲਾ ਤਾ ਪਛਾਨਣ ਲੱਗਿਆਂ।”
ਓ ਸ਼ੇਰਾ ਅੱਖਾਂ ਦਿਨੋ-ਦਿਨ ਜਵਾਬ ਦਿੰਦਿਆਂ ਜਾਂਦੀਆਂ, ਕੀ ਕਰੀਏ।”ਤੂੰ ਸੁਣਾ ਸਭ ਰਾਜ਼ੀ-ਵਾਜ਼ੀ ।”
ਮੈਂ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ ਸਭ ਠੀਕ ਠਾਕ ਹੈ।
ਦੋ ਇੱਟਾਂ ਲਾ ਬਣਾਏ ਚੁੱਲ੍ਹੇ ਵਿੱਚ ਅੱਗ ਜਗ-ਬੁਝ ਕਰ ਰਹੀ ਸੀ।ਬਾਬਾ ਫੂਕਾਂ ਮਾਰ-ਮਾਰ ਅੱਗ ਬਾਲਣ ਦੀ ਕੋਸ਼ਿਸ਼ ਕਰ ਰਿਹਾ ਸੀ।ਧੂਆਂ ਪੈ-ਪੈ ਉਸ ਦੀਆਂ ਅੱਖਾਂ ਲਾਲ ਹੋ ਚੁੱਕੀਆ ਸਨ ਤੇ ਵਿਚ ਪਾਣੀ ਸਿਮਕ ਰਿਹਾ ਸੀ।ਉਸ ਮੋਢੇ ਟੰਗੇ ਪਰਨੇ ਨਾਲ ਅੱਖਾਂ ਪੂੰਜੀਆਂ ਤੇ ਫਿਰ ਗੱਲਾਂ ਕਰਨ ਲੱਗ ਪਿਆ।
ਮੈਂ ਕਿਹਾ, ਬਾਬਾ ਹੋਰ ਕੀ ਕੀ ਬਣਦਾ ਫਿਰ ਦੀਵਾਲੀ ‘ਤੇ ?”
“ਕਾਦੀ ਦੀਵਾਲੀ, ਸ਼ੇਰਾ ਬੁਰਾ ਹਾਲ ਹੋਇਆ ਪਿਆ ਏ?”
ਉਸ ਥੱਲੇ ਬੈਠੇ-ਬੈਠੇ ਨੇ ਮੂੰਹ ਮੇਰੇ ਵੱਲ ਘੁਮਾ ਲਿਆ।
“ਐਤਕੀਂ ਤਾਂ ਭਾਅ ਜਮਾਂ ਵੀ ਨੀ ਫਸਲ ਦਾ, ਮੰਦਾ ਬਹੁਤ ਏ।ਉਤੋਂ ਮਹਿੰਗਾਈ ਨੇ ਚੀਕਾਂ ਕਢਾ ਰੱਖੀਆਂ।ਕੋਈ ਨਿੱਕੀ-ਮੋਟੀ ਚੀਜ਼ ਲੈਣ ਜਾਈਏ, ਪਿਓ ਦਾ ਪਿਓ ਮੰਗ ਬੈਠ ਜਾਂਦੇ ਨੇ ਤੇ ਜੇ ਫਸਲ ਵੇਚਣ ਜਾਈਏ ਤਾਂ ਭੋਰਾ ਰੇਟ ਨੀ ਲਾਉਂਦੇ।
“ਪਰ ਬਾਬਾ ਸਰਕਾਰ ਨੇ ਤਾਂ ਇਸ ਵਾਰ ਨਰਮੇ ਦਾ ਵੀ ਰੇਟ ਬੰਨ੍ਹਿਆ ਏ।”
“ਬੰਨਣ ਨੂੰ ਕੀ ਆਖਣਾ ਸ਼ੇਰਾ, ਮਿਲਦਾ ਤਾਂ ਕੁੱਝ ਨੀ।
ਚਾਹ ਉਬਲ ਚੁੱਕੀ ਸੀ।ਬਾਬਾ ਉਠਿਆ, ਉਸ ਡਗੀ ਦੇ ਪਾਣੀ ਵਿੱਚ ਰੱਸੀ ਨਾਲ ਬੰਨੀ ਦੁੱਧ ਦੀ ਬੋਤਲ ਖੋਲ੍ਹੀ ਤੇ ਚਾਹ ਵਿਚ ਦੁੱਧ ਪਾਇਆ।
“ਅੱਜ ਤਾਂ ਦੀਵਾਲੀ ਆ ਬਾਬਾ, ਅੱਜ ਨਰਮਾ ਚੁਗਣ ਵਾਲਿਆਂ ਨੇ ਛੁੱਟੀ ਨੀ ਕੀਤੀ।”
ਬਾਬਾ ਮੇਰੀ ਗੱਲਾਂ ਵੱਲ ਧਿਆਨ ਜਿਹਾ ਕਰਦਾ ਬੋਲਿਆ, “ਛੁੱਟੀ ਕਰਨ ਨੂੰ ਇਹ ਸਰਕਾਰੀ ਨੌਕਰੀ `ਤੇ ਲੱਗੇ ਨੇ।” ਮੈਂ ਮਿੰਨਾ ਜਿਹਾ ਹੱਸ ਪਿਆ।
“ਮੈਂ ਤਾਂ ਕਿਹਾ ਸੀ ਸ਼ੇਰਾ, ਵੀ ਭਾਈ ਛੁੱਟੀ ਕਰਲੋ ਅੱਜ ਤਾਂ।ਇਹਨਾਂ ਨੂੰ ਵੀ ਲਾਲਚ ਤਾਂ ਹੁੰਦਾ ਹੀ ਹੈ।ਨਾਲੇ ਅੱਜ ਦੇ ਵਕਤ ਜਿਹੜੇ ਚਾਰ ਛਿੱਲੜ ਆਉਂਦੇ ਆ, ਓਹ ਹੀ ਚੰਗੇ ਨੇ।”
ਇੰਨੇ ਨੂੰ ਬਾਬੇ ਨੇ, ਮੋਢੇ ਤੋਂ ਮੂਕਾ ਲਾ, ਪਿੱਤਲ ਦੇ ਪਤੀਲੇ ਨੂੰ ਕਿਨਾਰਿਆ ਤੋਂ ਫੜ ਹੇਠਾਂ ਉਤਾਰ ਲਿਆ।
“ਸ਼ੇਰਾ ਚਾਹ ਗਲਾਸ ਚ ਪਾਵਾਂ ਜਾਂ ਬਾਟੀ ਵਿੱਚ।”
“ਬਾਟੀ ਚ ਹੀ ਪਾ ਦੇ ਬਾਬਾ।”
ਦੋ ਬਾਟੀਆਂ ਵਿਚ ਚਾਹ ਪਾ ਕੇ ਬਾਬਾ ਪਤੀਲਾ ਚੁੱਕ ਚੋਗਿਆਂ ਨੂੰ ਚਾਹ ਦੇਣ ਚਲਾ ਗਿਆ।
ਮੈਂ ਚਾਹ ਦੀ ਬਾਟੀ ਚੁੱਕ ਕੁੱਝ ਸੋਚਾਂ ਵਿੱਚ ਪੈ ਗਿਆ।ਦੀਵਾਲੀ ਵੇਲੇ ਵੱਡੇ ਵਪਾਰੀ, ਦੁਕਾਨਾਂ ਵਾਲੇ ਆਪਣਾ ਸਾਰਾ ਪੈਸਾ ਇਕੱਠਾ ਕਰਦੇ ਹਨ ਤੇ ਕਿੰਨੇ ਧਨੀ ਹੋ ਜਾਂਦੇ ਹਨ।ਸਾਲ ਦਾ ਸਾਰਾ ਹਿਸਾਬ-ਕਿਤਾਬ ਲਾਉਂਦੇ ਹਨ ਤੇ ਖੂਬ ਪਾਰਟੀਆਂ ਕਰ, ਪਟਾਕੇ ਚਲਾ, ਖੂਬ ਖੁਸ਼ੀਆਂ ਮਨਾਉਂਦੇ ਹਨ।ਤੇ ਦੂਸਰੇ ਪਾਸੇ ਇਹ ਵਿਚਾਰੇ ਕਿਸਾਨ, ਦਿਹਾੜੀਆਂ, ਇੰਨਾ ਲਈ ਕੋਈ ਦੀਵਾਲੀ ਨਹੀ ਕੋਈ ਤਿਓਹਾਰ ਨਹੀਂ।ਦਿਹਾੜੀਆਂ ਦੀ ਤਾਂ ਦੀਵਾਲੀ ਇੰਨੀ ਕੁ ਹੁੰਦੀ, ਬਸ ਸ਼ਾਮ ਨੂੰ ਸੌ-ਸੌ ਰੁਪਈਆ ਮਿਲ ਜਾਂਦਾ ਹੈ ਕੰਮ ਤੋਂ ।
ਦੀਵਾਲੀ ਦੀ ਖੁਸ਼ੀ ਓਹ ਵੀ ਸਾਂਝੀ ਕਰਦੇ ਹਨ।ਆਪਣੇ ਘਰ ਦੇ ਬਨੇਰੇ `ਤੇ ਕੁੱਝ ਦੀਵੇ ਬਾਲ ਕੇ।ਦੂਸਰੇ ਪਾਸੇ ਅਮੀਰ ਲੋਕ, ਘਰ ਨੂੰ ਸਜਾਉਣ ਲਈ, ਲੜੀਆਂ, ਲਾਈਟਾਂ ਵਾਲਿਆਂ ਨੂੰ ਪਹਿਲਾਂ ਬੁੱਕ ਕਰ ਲੈਂਦੇ ਹਨ।ਘਰ ਨੂੰ ਵਹੁੱਟੀ ਵਾਂਗ ਸ਼ਿਗਾਰ ਦਿੰਦੇ ਹਨ।ਅਸਲ ਵਿੱਚ ਤਿਓਹਾਰ ਦੀ ਖੁਸ਼ੀ ਤਾਂ ਬੰਦੇ ਦੀ ਹੈਸੀਅਤ `ਤੇ ਨਿਰਭਰ ਕਰਦੀ ਹੈ।
ਇੰਨੇ ਨੂੰ ਬਾਬੇ ਨੇ ਆ ਆਪਣੀ ਚਾਹ ਵਾਲੀ ਬਾਟੀ ਚੁੱਕ ਲਈ।
“ਬਾਬਾ ਇਸ ਵਾਰ ਪਰਾਲੀ ਦਾ ਕਿਵੇਂ ਕਰਨਾ ਫਿਰ?”
“ਜਿਵੇਂ ਪਹਿਲਾਂ ਕਰਦੇ ਆ ਸ਼ੇਰਾ। ”
“ਪਰ ਇਸ ਵਾਰ ਤਾਂ ਕੇਸ ਪੈਂਦਾ ਬਾਬਾ ਸਾੜਨ `ਤੇ । ਪ੍ਰਦੂਸ਼਼ਣ ਬਹੁਤ ਹੁੰਦਾ ਨਾ ਏਦਾਂ ।”
“ਜਿਹੜੇ ਸਹਿਰਾਂ ਵਾਲੇ ਅੰਤਾਂ ਦੇ ਪਟਾਕੇ ਚਲਾਉਂਦੇ ਨੇ, ਓਹ ਪ੍ਰਦੂਸ਼ਣ ਨੀ ਕਰਦੇ। ”
ਗਲ ਤਾਂ ਬਾਬੇ ਦੀ ਵੀ ਠੀਕ ਸੀ
“ਪਰ ਬਾਬਾ ਇਸ ਵਾਰ ਤਾਂ ਸਰਕਾਰ ਨੇ ਸਮਾਂ ਬੰਨ੍ਹ ਤਾ ਵੀ ਇੰਨਾ ਸਮਾਂ ਹੀ ਪਟਾਕੇ ਚਲਾਉਣੇ। ”
“ਜਿਹੋ ਜਾ ਫਸਲਾਂ ਦਾ ਭਾਅ ਬੰਨ੍ਹਿਆ, ਓਦਾਂ ਦਾ ਸਮਾਂ ਬੰਨ੍ਹ ਤਾ ਹੋਣਾ।”
ਬਾਬਾ ਕੁੱਝ ਮਜ਼ਾਕੀਆ ਲਹਿਜ਼ੇ ਵਿੱਚ ਬੋਲਿਆ।
” ਓ ਕਾਕਾ ਆ ਜਿਹੜਾ ਸਰਕਾਰ ਰੌਲਾ ਪਾਉਂਦੀ ਪਰਾਲੀ ਨਾ ਸਾੜੋ, ਇਹ ਗੱਲਾਂ ਸਭ ਕਾਗਜ਼ਾਂ, ਪੋਸਟਰਾਂ ਤੇ ਖਬਰਾਂ ਤੱਕ ਹੀ ਸੀਮਤ ਨੇ।ਅਸਲ `ਚ ਕੋਈ ਕੰਮ ਨੀ ਕਰਦਾ। ”
ਗੱਲਾਂ ਵਿੱਚ ਬਾਬੇ ਦੀ ਜ਼ਿੰਦਗੀ ਦੇ ਉਤਰਾਵਾਂ ਚੜ੍ਹਾਵਾਂ ਦਾ ਤਜ਼ਰਬਾ ਬੋਲ ਰਿਹਾ ਸੀ।ਜਿਹੜਾ ਸਮੇਂ ਦਾ ਸੱਚ ਸੀ।
ਮੈਂ ਬਾਬੇ ਨੂੰ ਫਤਹਿ ਬੁਲਾ, ਘਰ ਵੱਲ ਮੁੜ ਆਇਆ ਅਤੇ ਸਮੇਂ ਦੀਆਂ ਸੋਚਾਂ ਵਿੱਚ ਗੁਆਚ ਗਿਆ।
ਮਨਪ੍ਰੀਤ ਮਨੀ
ਬਠਿੰਡਾ।
ਮੋ – 81960 22120