ਹਰ ਪ੍ਰੀਖਿਆ ਲਈ ਸਮਾਂ ਘੱਟ ਤੇ ਸਲੇਬਸ ਜ਼ਿਆਦਾ ਹੁੰਦਾ ਹੈ, ਪਰ ਜੇ ਯੋਜਨਾਬੰਦੀ ਅਜਿਹੀ ਹੋਵੇ ਕਿ ਸਾਰੇ ਮੁੱਖ ਪ੍ਰਸ਼ਨਾਂ ਦੀ ਸੂਚੀ ਕੇਵਲ ਪੜ੍ਹੀ ਹੋਵੇ, ਲਿਖ ਕੇ ਯਾਦ ਕੀਤੀ ਹੋਵੇ ਅਤੇ ਨਾ ਭੁੱਲਣਯੋਗ ਹੋਵੇ, ਤਾਂ ਸਮੇ ਦੀ ਬੱਚਤ ਵੀ ਹੋਵੇਗੀ ਤੇ ਸਲੇਬਸ ਵੀ ਪੁਰਾ ਹੋ ਜਾਵੇਗਾ।ਪੱਕੇ ਯਾਦ ਕੀਤੇ ਪ੍ਰਸ਼ਨਾਂ ਨੂੰ ਇੱਕ, ਦੋ ਅਤੇ ਤਿੰਨ ਸਟਾਰ ਲਗਾ ਕੇ ਅੰਕਿਤ ਕਰੋ, ਕੋਸ਼ਿਸ਼ ਇਹ ਹੋਵੇ ਕਿ ਪ੍ਰੀਖਿਆ ਤੋਂ ਪਹਿਲਾਂ ਸਾਰੇ ਪ੍ਰਸ਼ਨਾਂ ਤੇ ਤਿੰਨ ਸਟਾਰ ਲੱਗੇ ਹੋਣ।ਬਾਰਵੀਂ (ਸਾਇੰਸ) ਦੇ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦੀ ਇਹ ਘੜੀ ਬੜੀ ਅਹਿਮ ਹੁੰਦੀ ਹੈ।ਸਾਇੰਸ ਦੇ ਵਿਸ਼ਿਆਂ `ਤੇ ਪਕੜ ਕਰਨਾ ਚੁਣੌਤੀਪੂਰਨ ਕਾਰਜ ਮੰਨਿਆ ਗਿਆ ਹੈ, ਸਾਇੰਸ ਦੇ ਸਾਰੇ ਵਿਸ਼ੇ ਫਿਜ਼ਿਕਸ, ਕੈਮਿਸਟਰੀ, ਮੈਥ ਅਤੇ ਬਾਇਲੋਜੀ ਬਿਨਾਂ ਨੋਟਿਸ ਜਾਂ ਬਿਨਾਂ ਲਿਖਤੀ ਅਭਿਆਸ ਦੇ ਹੱਲ ਕਰਨਾ ਮੁਸ਼ਕਿਲ ਹੀ ਨਹੀਂ, ਨਾਮੁਨਕਿਨ ਹਨ।ਹਰੇਕ ਸਾਇੰਸ ਵਿਸ਼ੇ ਨਾਲ ਸਬੰਧਿਤ ਕੁੱਝ ਅਜਿਹੇ ਪਹਿਲੂ ਹਨ, ਜਿੰਨਾਂ ਨੂੰ ਜਾਣ ਕੇ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ, ਫਿਜ਼ਿਕਸ ਵਿਸ਼ਾ ਵਿਦਿਆਰਥੀ ਦੇ ਓਵਰਆਲ ਪਰਸੈਂਟਾਈਲ ਨੂੰ ਸਿਖਰ ਤੇ ਲਿਜਾ ਸਕਦਾ ਹੈ।
ਫਿਜ਼ਿਕਸ ਵਿੱਚ ਕਿਸੇ ਵੀ ਵਿਸ਼ੇ ਨੂੰ ਰੱਟਾ ਨਹੀਂ ਲਗਾਇਆ ਜਾ ਸਕਦਾ, ਕਿਤਾਬ ਦਾ ਮੁਕੰਬਲ ਰੂਪ `ਚ ਅਧਿਐਨ ਕਰਕੇ, ਹਰ ਵਿਸ਼ੇ ਨੂੰ ਪ੍ਰਯੋਗੀ ਰੂਪ `ਚ ਸਮਝਣਾ ਜਰੂਰੀ ਹੁੰਦਾ ਹੈ।ਇਸ ਵਿਸ਼ੇ ਨੂੰ ਤਿੰਨ ਭਾਗਾਂ ਵਿੱਚ ਵੰਡ ਕੇ ਸੂਚੀਬੱਧ ਕੀਤਾ ਜਾਵੇ।ਜਿਵੇਂ ਸਾਰੇ ਵਿਸ਼ੇ ਨਾਲ ਸਬੰਧਿਤ ਫਾਰਮੁਲੇ, ਪਰਿਭਾਸ਼ਾਵਾਂ, ਇਕਾਈਆਂ ਅਤੇ ਡੈਰੀਵੇਸ਼ਨਾਂ ਦੀ ਵੱਖੋ-ਵੱਖਰੀ ਸੂਚੀ ਨਾਲ ਯਾਦ ਰੱਖਣਾ ਬੇਹਦ ਆਸਾਨ ਹੋ ਜਾਂਦਾ ਹੈ।ਵਿਸ਼ੇ ਨਾਲ ਸਬੰਧਿਤ ਗ੍ਰਾਫ ਅਤੇ ਲੇਬਲ ਕੀਤੇ ਚਿਤਰਾਂ ਦਾ ਲਿੱਖ ਕੇ ਕੀਤਾ ਅਭਿਆਸ ਪੂਰੇ ਅੰਕ ਦਵਾ ਕਰਦਾ ਹੈ।ਵਿਸ਼ੇ ਨਾਲ ਸਬੰਧਿਤ ਕੋਈ ਸ਼ੱਕ ਹੋਵੇ, ਤਾਂ ਮੌਕੇ ਤੇ ਆਪਣੇ ਅਧਿਆਪਕ ਦੀ ਸਹਾਇਤਾ ਲਾਓ।ਕਰਮ ਅਨੁਸਾਰ ਪ੍ਰਸ਼ਨਾਂ ਨੂੰ ਹੱਲ ਕਰੋ, ਜੇ ਲੰਬੇ ਪ੍ਰਸ਼ਨ ਪਹਿਲਾਂ ਹੱਲ ਕਰ ਲਏ ਜਾਣ, ਤਾਂ ਬਿਹਤਰ ਹੈ।ਕਿਉਂਕਿ ਪ੍ਰੀਖਿਆ ਦੇ ਆਖਰੀ ਸਮੇਂ `ਚ ਕਈ ਵਾਰ ਲੰਬੇ ਪ੍ਰਸ਼ਨਾਂ ਲਈ ਸਮਾਂ ਘੱਟ ਰਹਿ ਜਾਂਦਾ ਹੈ।1-2 ਅੰਕਾਂ ਵਾਲੇ ਪ੍ਰਸ਼ਨ ਥੋੜੇ ਸਮੇਂ `ਚ ਵੀ ਕੀਤੇ ਜਾ ਸਕਦੇ ਹਨ।ਲਿਖਤੀ ਪ੍ਰਸ਼ਨਾਂ ਨਾਲੋਂ ਨੁਮੈਰੀਕਲ ਪ੍ਰਸ਼ਨ ਵੱਧ ਅੰਕ ਦਿਵਾਉਂਦੇ ਹਨ।ਇਸ ਲਈ ਉਹਨਾਂ ਵਿਸ਼ਿਆਂ ਲਈ ਵੱਖਰੀ ਸੂਚੀ ਬਣਾ ਲਾਓ, ਜਿਨ੍ਹਾਂ ਵਿੱਚੋਂ ਅਕਸਰ ਨੁਮੈਰੀਕਲ ਹੀ ਪੁੱਛੇ ਜਾਂਦੇ ਹਨ।ਪਿਛਲੇ ਸਾਲਾਂ ਦੇ ਪੇਪਰ, ਤੇ ਅਭਿਆਸ-ਪੇਪਰ ਨੂੰ ਸਮਾਂਬੱਧ ਹੱਲ ਕਰਨ ਦੇ ਅਭਿਆਸ ਨਾਲ ਵਿਦਿਆਰਥੀਆਂ ਨੂੰ ਆਪਣੀਆਂ ਸ਼ਕਤੀਆਂ ਜਾਂ ਕਮਜ਼ੋਰੀਆਂ ਦਾ ਅਹਿਸਾਸ ਹੋ ਜਾਂਦਾ ਹੈ।ਪੂਰੇ ਅੰਕ ਹਾਸਿਲ ਕਰਨ ਲਈ ਉਤਰਾਂ ਨੂੰ ਹਮੇਸ਼ਾਂ ਪੁਆਇੰਟ ਵਾਈਜ਼, ਸੰਖੇਪ ਅਤੇ ਸਾਫ ਢੰਗ ਨਾਲ ਲਿਖੋ।
ਰਸਾਇਣ ਵਿਗਿਆਨ ਵਿਸ਼ਾ ਮਾਦਾ ਦੇ ਕੰਪੋਜੀਸ਼ਨ, ਸਟ੍ਰਕਚਰ ਪ੍ਰਾਪਰਟੀਜ਼ ਨਾਲ ਸਬੰਧਿਤ ਹੁੰਦਾ ਹੈ।ਵੇਖਣ ਨੂੰ ਇਹ ਵਿਸ਼ਾ ਗੁੰਝਲਦਾਰ ਜਾਪਦਾ ਹੈ, ਪਰ ਯਤਨ ਤੇ ਸਖਤ ਮਿਹਨਤ ਨਾਲ ਇਸ ਵਿਸ਼ੇ ਤੇ ਵੀ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ।
ਪ੍ਰੀਖਿਆਵਾਂ ਤੋਂ ਇੱਕ ਦਿਨ ਪਹਿਲਾਂ ਸਾਰੇ ਵਿਸ਼ੇ ਤੇ ਪਕੜ ਮਜ਼ਬੂਤ ਕਰ ਲਓ, ਪ੍ਰੀਖਿਆ ਦੇ ਅਖੀਰਲੇ ਮਿੰਟ ਕੋਈ ਵਿਸ਼ਾ ਰਹਿ ਨਾ ਜਾਵੇ, ਪਹਿਲਾਂ ਤੋਂ ਤਿਆਰ ਨੋਟਿਸ ਅਤੇ ਉਹਨਾਂ ਵਿੱਚਲੇ ਫਾਰਮੁੱਲੇ ਨਾਲ ਹੋਰ ਸ਼ਾਰਟ ਕਰਕੇ ਦਿਮਾਗ `ਚ ਬਿਠਾਓ।
ਪੇਸ਼ਕਸ਼ –
ਵਿਜੈ ਗਰਗ (ਪੀ.ਈ.ਐਸ)
ਮਲੋਟ। ਮੋ – 90233 46816