ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ-ਕਲਿਆਣਕਾਰੀ ਫਲਸਫ਼ੇ ਦੀ ਪ੍ਰਸੰਗਕਿਤਾ ਸਦੀਵੀ ਹੈ।ਜਿਥੇ ਅਜੋਕੇ ਧਨਾਢ ਬਾਬਾ ਨਾਨਕ ਜੀ ਦੇ ਨਾਂਅ `ਤੇ ਆਪੋ-ਆਪਣੇ ਧਾਰਮਿਕ, ਆਰਥਕ, ਸਮਾਜਕ, ਰਾਜਨੀਤਕ ਅਤੇ ਸਭਿਆਚਾਰਕ ਹਿੱਤ ਪਾਲਦੇ ਹਨ ਉਥੇ ਬਹੁਤ ਸਾਰੇ ਚੇਤੰਨ ਲੋਕ ਉਹ ਵੀ ਹਨ, ਜੋ ਬਾਬਾ ਨਾਨਕ ਜੀ ਦੇ ਫਲਸਫ਼ੇ ਨੂੰ ਸਮੁੱਚੀ ਲੋਕਾਈ ਦੇ ਭਲੇ ਲਈ ਲੋਕਾਂ ਵਿੱਚ ਉਵੇਂ ਦਾ ਉਵੇਂ ਪੇਸ਼ ਕਰ ਰਹੇ ਹਨ, ਜਿਵੇਂ ਕਿ ਬਾਬਾ ਨਾਨਕ ਜੀ ਨੇ ਕੀਤਾ ਸੀ।ਅਜਿਹਾ ਹੀ ਇਕ ਯਤਨ ਸੁਸ਼ੀਲ ਦੁਸਾਂਝ ਵਲੋਂ ਲਿਖੀ ਅਤੇ ਧਰਮਿੰਦਰ ਮਸਾਣੀ ਵਲੋਂ ਗਾਈ ਗਈ `ਅਕੀਦਤ` ਦੇ ਰੂਪ ਵਿਚ ਕੀਤਾ ਗਿਆ ਹੈ ਜੋ ਕਿ ਬਾਬਾ ਨਾਨਕ ਜੀ ਦੇ ਫਲਸਫ਼ੇ ਨੂੰ ਸੁਚੇਤ ਰੂਪ ਵਿੱਚ ਵਡਿਆਉਂਦਾ ਨਜ਼ਰ ਆਉਂਦਾ ਹੈ।ਇਸ ਗ਼ਜ਼ਲ ਰੂਪੀ `ਅਕੀਦਤ` ਦੇ ਮਤਲੇ ਵਿਚ ਹੀ ਸ਼ਾਇਰ ਕਹਿੰਦਾ ਹੈ ਕਿ ਬਾਬਾ ਨਾਨਕ ਜੀ ਦਾ ਫਲਸਫ਼ਾ ਸਾਰੇ ਹਨ੍ਹੇਰਿਆਂ ਨੂੰ ਚੀਰ ਕੇ ਰੌਸ਼ਨੀ ਦੇ ਰਿਹਾ ਹੈ ।ਮਤਲਾ ਇਵੇਂ ਹੈ-
“ਰਾਤਾਂ ਦੇ ਮੱਥਿਆਂ `ਤੇ ਜੋ ਚਮਕਦੀ ਗੁਰੂ ਜੀ,
ਸ਼ਬਦਾਂ ਦੇ ਜੁਗਨੂੰਆਂ ਦੀ ਹੈ ਰੌਸ਼ਨੀ ਗੁਰੂ ਜੀ।”
ਸੁਸ਼ੀਲ ਦੁਸਾਂਝ ਦੀ ਗ਼ਜ਼ਲ ਦੇ ਰੂਪ ਵਿਚ ਲਿਖੀ ਗਈ ਇਸ `ਅਕੀਦਤ` ਨੂੰ ਆਪਣੀ ਜਾਨਦਾਰ ਅਵਾਜ਼ ਨਾਲ `ਲੋਕ ਸੰਗੀਤ ਮੰਚ` ਦੇ ਗਾਇਕ ਧਰਮਿੰਦਰ ਮਸਾਣੀ ਨੇ ਆਪਣੇ ਉਸਤਾਦ ਪ੍ਰੋ. ਸ਼ਮਸ਼ਾਦ ਅਲੀ ਖਾਨ ਦੇ ਆਸ਼ੀਰਵਾਦ ਨਾਲ ਗਾਇਆ ਹੈ।ਇਸ ਨੂੰ ਸੰਗੀਤ ਅਮਦਾਦ ਅਲੀ ਨੇ ਦਿੱਤਾ ਹੈ ਤੇ ਕੰਪੋਜ਼ ਜਗੀਰ ਸਿੰਘ ਨੇ ਕੀਤਾ ਹੈ।ਇਸ ਦਾ ਡਿਜ਼ਾਈਨ `ਜਿੰਦ ਵਿਦ ਲੈਨਜ਼` ਨੇ ਤਿਆਰ ਕੀਤਾ ਹੈ।ਜਿਥੇ ਇਸ `ਅਕੀਦਤ` ਦੀ ਪ੍ਰਭਾਵਸ਼ਾਲੀ ਸ਼ਬਦਾਵਲੀ ਸਰੋਤਿਆਂ ਨੂੰ ਆਪਣੇ ਵਲ ਖਿੱਚਦੀ ਹੈ, ਉਥੇ ਧਰਮਿੰਦਰ ਮਸਾਣੀ ਦੀ ਮਖ਼ਮਲੀ ਅਵਾਜ਼ ਅਤੇ ਇਸ ਦਾ ਸੰਗੀਤ ਵੀ ਸਭ ਦੇ ਦਿਲਾਂ ਨੂੰ ਮੋਂਹਦਾ ਹੈ।ਪਹਿਲੇ ਸ਼ਿਅਰ ਦੀ ਖੂਬਸੂਰਤੀ ਦੇਖੋ ਕਿ ਜਦੋਂ ਬਾਬਾ ਨਾਨਕ ਜੀ ਦੇ ਫਲਸਫ਼ੇ ਉਤੇ ਅਮਲ ਕਰਕੇ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਦੇ ਹਾਂ ਤਾਂ ਵਾਟਾਂ ਵੀ ਜਗਮਗਾਉਣ ਲੱਗਦੀਆਂ ਨੇ-
“ਪੈਰਾਂ ਦੇ ਹੇਠ ਵਾਟਾਂ ਵੀ ਜਗਮਗਾਉਂਦੀਆਂ ਨੇ,
ਚਾਨਣ ਦੀ ਲੀਕ ਤੇਰੀ ਹੈ ਜ਼ਿੰਦਗੀ ਗੁਰੂ ਜੀ।”
ਅਗਲੇ ਸ਼ਿਅਰ ਵਿਚ ਗ਼ਜ਼ਲਗੋ ਕਹਿੰਦੇ ਹਨ ਕਿ ਜਦੋਂ ਬਾਬਾ ਨਾਨਕ ਜੀ ਦੇ ਅਮਲੀ ਜੀਵਨ ਬਾਰੇ ਪੜ੍ਹਦੇ/ਸੁਣਦੇ ਹਾਂ ਤਾਂ ਅਲੌਕਿਕ ਨਿੱਘ ਮਹਿਸੂਸ ਹੁੰਦਾ ਹੈ।ਇਹ ਨਿੱਘ ਬਿਲਕੁੱਲ ਉਸੇ ਨਿੱਘ ਜਿਹਾ ਹੈ ਜਿਹੋ-ਜਿਹਾ ਨਿੱਘ ਭਰ ਸਿਆਲ ਵਿੱਚ ਬਾਣੀ ਸੁਣਦਿਆਂ ਸੰਗਤ ਵਿਚ ਮਾਨਣ ਨੂੰ ਮਿਲਦਾ ਹੈ।ਸ਼ਿਅਰ ਹੈ-
“ਲਫਜ਼ਾਂ `ਚੋਂ ਨਿੱਘ ਆਉਂਦਾ ਸਾਖੀ ਸੁਣਾਂ ਜੇ ਤੇਰੀ,
ਸਰਦੀ `ਚ ਨਿੱਘ ਸੰਗਤ ਹੈ ਮਾਣਦੀ ਗੁਰੂ ਜੀ।”
ਸ਼ਾਇਰ ਬੋਲਦਾ ਹੈ ਕਿ ਬਾਬਾ ਨਾਨਕ ਜੀ ਸਾਨੂੰ ਸਿੱਖਿਆ ਦਿੰਦੇ ਹਨ ਕਿ ਜ਼ਿੰਦਗੀ ਵਿੱਚ ਕਿਸੇ ਵੀ ਮੁਸੀਬਤ ਜਾਂ ਕਿਸੇ ਵੀ ਜ਼ੁਲਮ ਤੋਂ ਘਬਰਾਉਣਾ ਨਹੀਂ ਹੈ, ਸਗੋਂ ਹਰ ਤੁਫ਼ਾਨ ਜਾਂ ਜ਼ੁਲਮ ਦਾ ਸਾਹਮਣਾ ਦਲੇਰੀ ਅਤੇ ਹੌਂਸਲੇ ਨਾਲ ਕਰਨਾ ਹੈ।ਤੂਫਾਨਾਂ ਸਾਹਮਣੇ ਖੜ੍ਹਨਾਂ ਅਤੇ ਜ਼ਾਲਮਾਂ ਨਾਲ ਭਿੜਨਾ ਹੀ ਬਾਬਾ ਨਾਨਕ ਜੀ ਦੀ ਸਿੱਖਿਆ ਉਤੇ ਪਹਿਰਾ ਦੇਣਾ ਹੈ ਅਤੇ ਉਹਨਾਂ ਦੀ ਬੰਦਗੀ ਹੈ।ਸ਼ਿਅਰ ਹੈ-
“ਤੂਫਾਨ ਸਾਵੇਂ ਖੜ੍ਹਨਾ ਜ਼ਾਲਿਮ ਦੇ ਸੰਗ ਭਿੜਨਾ,
ਤੇਰੀ ਹੈ ਇਹ ਸਿਖਾਵਤ ਤੇ ਬੰਦਗੀ ਗੁਰੂ ਜੀ।”
ਗ਼ਜ਼ਲਗੋ ਅਗੇ ਕਹਿੰਦੇ ਹਨ ਕਿ ਬਾਬਾ ਨਾਨਕ ਜੀ ਦਾ ਗਿਆਨ ਨਾਲ ਲੈਸ ਹੋ ਕੇ ਹਜ਼ਾਰਾਂ ਕਿਲੋਮੀਟਰ ਸਫ਼ਰ ਤੈਅ ਕਰਨਾ ਅੱਜ ਵੀ ਲੋਕਾਈ ਨੂੰ ਰੌਸ਼ਨੀ ਪ੍ਰਦਾਨ ਕਰਦਾ ਹੈ।ਉਹਨਾਂ ਦਾ ਜੀਵਨ ਸਭ ਲਈ ਪ੍ਰੇਰਨਾ ਸਰੋਤ ਹੈ।ਜੇ ਗਿਆਨ ਹੋਵੇਗਾ ਤਾਂ ਹੀ ਅਸੀਂ ਅਸਲੀ-ਨਕਲੀ, ਧਰਮੀ-ਅਧਰਮੀ, ਸਾਧੂ-ਪਾਖੰਡੀ, ਦਇਆ-ਜ਼ੁਲਮ ਆਦਿ ਦੀ ਸਮਝ ਪਾ ਸਕਾਂਗੇ।ਪਰ ਜੇ ਸਾਨੂੰ ਗਿਆਨ ਹੀ ਨਹੀਂ ਹੈ ਤਾਂ ਅਸੀਂ ਕਰਮਕਾਡਾਂ ਦਾ ਵਿਰੋਧ ਕਿਹੜੀ ਦਲੀਲ ਦੇ ਕੇ ਕਰਾਂਗੇ? ਇਸ ਲਈ ਗਿਆਨ ਨਾਲ ਲੈਸ ਹੋ ਕੇ ਤਰਕ ਅਤੇ ਦਲ਼ੀਲ ਨਾਲ ਉਤਰ ਦੇਣ ਦੇ ਕਾਬਿਲ ਬਣਨਾ ਅੱਜ ਦੀ ਸਭ ਤੋਂ ਵੱਡੀ ਜ਼ਰੂਰਤ ਹੈ।ਬਹੁਤ ਖੂਬਸੂਰਤ ਸ਼ਿਅਰ ਹੈ-
“ਸੂਰਜ ਤਲੀ ਟਿਕਾਅ ਕੇ ਤੇਰਾ ਸਫ਼ਰ `ਤੇ ਜਾਣਾ,
ਅੱਜ ਵੀ ਇਹ ਕਾਫ਼ਲੇ ਨੂੰ ਦਏ ਰੌਸ਼ਨੀ ਗੁਰੂ ਜੀ।”
ਸ਼ਾਇਰ ਕਹਿੰਦੇ ਹਨ ਕਿ ਜਿਸ ਵੀ ਇਨਸਾਨ ਨੇ ਬਾਬਾ ਨਾਨਕ ਜੀ ਦੇ ਫਲਸਫ਼ੇ ਨਾਲ ਆਪਣਾ ਜ਼ਮੀਰ ਅਤੇ ਆਪਣਾ ਦਿਮਾਗ ਰੌਸ਼ਨ ਕਰ ਲਿਆ ਹੈ, ਉਹ ਇਨਸਾਨ ਹੀ ਬਾਬਾ ਜੀ ਦੀ ਸਿੱਖਿਆ ਉਤੇ ਅਮਲ ਕਰ ਰਿਹਾ ਹੈ।ਕਵੀ ਕਹਿੰਦੇ ਹਨ ਕਿ ਕਾਲੀ ਵੇਈਂ ਦਾ ਇਤਿਹਾਸ ਵੀ ਇਸੇ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਸਾਨੂੰ ਗਿਆਨ ਨਾਲ ਆਪਣਾ ਜ਼ਮੀਰ ਅਤੇ ਆਪਣਾ ਦਿਮਾਗ ਰੌਸ਼ਨ ਕਰਨਾ ਚਾਹੀਦਾ ਹੈ।ਸ਼ਿਅਰ ਵਿਚ ਬਿੰਬਾਂ ਦੀ ਖੂਬਸੂਰਤੀ ਵੇਖੋ-
“ਰੌਸ਼ਨ ਜ਼ਮੀਰ ਨਾਨਕ ਰੌਸ਼ਨ ਦਿਮਾਗ ਨਾਨਕ,
ਗਾਉਂਦੀ ਹੈ ਕਾਲੀ ਵੇਈਂ ਹਰ ਵਕਤ ਹੀ ਗੁਰੂ ਜੀ।”
ਬਾਬਾ ਨਾਨਕ ਜੀ ਨੇ ਉਸ ਸਮੇਂ ਹੁਕਮਰਾਨਾਂ ਵਲੋਂ ਕੀਤੇ ਜਾਂਦੇ ਜ਼ੁਲਮਾਂ ਅਤੇ ਆਪ-ਹੁਦਰੀਆਂ ਲਈ ਹਾਕਮਾਂ ਨੂੰ ਵੀ ਫਿਟਕਾਰਿਆ ਸੀ।ਪਰ ਨਾਲ ਹੀ ਲੋਕਾਂ ਨੂੰ ਵੀ ਜ਼ੁਲਮ ਨਾ ਸਹਿ ਕੇ ਜ਼ਾਲਮਾਂ ਵਿਰੁੱਧ ਲਾਮਬੰਦ ਹੋਣ ਲਈ ਉਤਸ਼ਾਹਿਤ ਕੀਤਾ ਸੀ।ਇਸ ਲਈ ਆਖਰੀ ਸ਼ਿਅਰ ਵਿਚ ਸ਼ਾਇਰ ਸੁਸ਼ੀਲ ਦੁਸਾਂਝ ਕਹਿੰਦੇ ਹਨ ਕਿ ਅਜੋਕੇ ਸਮੇਂ ਵਿਚ ਜ਼ੁਲਮਾਂ ਦੇ ਕਹਿਰ ਤੋਂ ਘਬਰਾਉਣ ਦੀ ਥਾਂ ਕਿਰਤੀਆਂ ਨੂੰ ਵਿਸ਼ਾਲ ਲਾਮਬੰਦੀ ਵਲ ਵਧਣਾ ਚਾਹੀਦਾ ਹੈ, ਕਿਉਂਕਿ ਇਹ ਜ਼ੁਲਮ ਦੀ ਹਨ੍ਹੇਰੀ ਦਾ ਕਹਿਰ ਕਿਰਤੀਆਂ ਅੱਗੇ ਕੁੱਝ ਵੀ ਨਹੀਂ ਹੈ।
ਅੰਤ ਵਿੱਚ ਸੁਸ਼ੀਲ ਦੁਸਾਂਝ, ਧਰਮਿੰਦਰ ਮਸਾਣੀ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਬਾਬਾ ਨਾਨਕ ਜੀ ਦੇ ਫਲਸਫੇ ਪ੍ਰਤੀ ਚੇਤੰਨ ਕਰਦੀ `ਅਕੀਦਤ` ਦੇ ਰੂਪ ਵਿੱਚ ਦਿੱਤੀ ਸੱਚੀ-ਸੁੱਚੀ ਸ਼ਰਧਾਂਜਲੀ ਦੀ ਵਧਾਈ ਦਿੰਦਾ ਹੋਇਆ `ਅਕੀਦਤ` ਦਾ ਆਖਰੀ ਸ਼ਿਅਰ ਸਾਂਝਾ ਕਰਦਾ ਹਾਂ-
“ਨ੍ਹੇਰੀ ਤਾਂ ਕਹਿਰ ਦੀ ਹੈ ਚਾਵ੍ਹੇ ਉਡਾ ਲਿਜਾਣਾ,
ਪਰ ਕਿਰਤੀਆਂ ਦੇ ਸਾਵੇਂ ਨਾ ਕੱਖ ਵੀ ਗੁਰੂ ਜੀ।”
ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ – 98552 07071