ਅੰਤਰਰਾਸ਼ਟਰੀ ਕਬੱਡੀ ਕੱਪ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਵਿਸ਼ਵ ਕਬੱਡੀ ਕੱਪ ਪਹਿਲੀ ਦਸੰਬਰ ਤੋਂ 10 ਦਸੰਬਰ ਤੱਕ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ, ਉਸ ਦੇ ਤਿੰਨ ਅੰਤਰਰਾਸ਼ਟਰੀ ਮੈਚ 3 ਦਸੰਬਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ‘ਚ ਕਰਵਾਏ ਜਾਣਗੇ ਅਤੇ ਇਸ ਵਿੱਚ 6 ਟੀਮਾਂ ਭਾਗ ਲੈਣਗੀਆਂ।ਸੰਜੇ ਪੋਪਲੀ ਆਈ.ਏ.ਐਸ ਡਾਇਰੈਕਟਰ ਖੇਡਾਂ ਪੰਜਾਬ ਨੇ ਜਿਲ੍ਹਾ ਅਧਿਕਾਰੀਆਂ ਨਾਲ ਗੁਰੂ ਨਾਨਕ ਸਟੇਡੀਅਮ ਅੰਮਿ੍ਰਤਸਰ ਮੀਟਿੰਗ ਦੌਰਾਨ ਤਿਆਰੀਆਂ ਦਾ ਜਾਇਜਾ ਲੈਣ ਉਪਰੰਤ ਦਿੱਤੀ।ਅੰਮ੍ਰਿ੍ਰਤਸਰ ਵਿੱਚ ਤਿੰਨੇ ਮੈਚ ਸਵੇਰੇ 11.00 ਵਜੇ ਤੋਂ ਲੈ ਕੇ ਸ਼ਾਮ 4.00 ਵਜੇ ਤੱਕ ਚੱਲਣਗੇ।ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਜਿੰਮੇਵਾਰੀ ਅਤੇ ਲਗਨ ਨਾਲ ਨਿਭਾਉਣ ਦੇ ਨਿਰਦੇਸ਼ ਦਿੱਤੇ।ਉਨ੍ਹਾਂ ਕਿਹਾ ਕਿ ਇਸ ਵਿਸ਼ਵ ਕਬੱਡੀ ਕੱਪ ਦਾ ਉਦਘਾਟਨ ਪਹਿਲੀ ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਟੂਰਨਾਮੈਂਟ ਦੀ ਸਮਾਪਤੀ 10 ਦਸੰਬਰ ਨੂੰ ਡੇਰਾ ਬਾਬਾ ਨਾਨਕ (ਜ਼ਿਲ੍ਹਾ ਗੁਰਦਾਸਪੁਰ) ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋਵੇਗੀ।ਅੰਤਰਰਾਸ਼ਟਰੀ ਕਬੱਡੀ ਕੱਪ ਦੇ ਸਮਾਪਤੀ ਸਮਾਗਮ ਦੌਰਾਨ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਕਬੱਡੀ ਕੱਪ ਵਿੱਚ ਭਾਰਤ, ਪਾਕਿਸਤਾਨ, ਇੰਗਲੈਂਡ, ਅਮਰੀਕਾ, ਕੈਨੇਡਾ, ਸ੍ਰੀਲੰਕਾ, ਕੀਨੀਆ, ਨਿਊਜ਼ੀਲੈਂਡ ਅਤੇ ਆਸਟਰੇਲੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ।ਅੰਤਰਰਾਸ਼ਟਰੀ ਕਬੱਡੀ ਕੱਪ ਦਾ ਉਦਘਾਟਨ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਵਿਖੇ 1 ਦਸੰਬਰ 2019 ਨੂੰ ਕੀਤਾ ਜਾਵੇਗਾ।3 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਅੰਮਿ੍ਰਤਸਰ ਵਿਖੇ ਮੈਚ ਖੇਡੇ ਜਾਣਗੇ।4 ਦਸੰਬਰ ਦੇ ਮੁਕਾਬਲੇ ਸ੍ਰੀ ਗੁਰੂ ਹਰ ਸਹਾਏ ਸਟੇਡੀਅਮ, ਫਿਰੋਜ਼ਪੁਰ, 5 ਦਸੰਬਰ ਦੇ ਮੁਕਾਬਲੇ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਅਤੇ 6 ਦਸੰਬਰ ਦੇ ਮੁਕਾਬਲੇ ਪੋਲੋ ਗਰਾਉਂਡ ਪਟਿਆਲਾ ਵਿਖੇ ਕਰਵਾਏ ਜਾਣਗੇ।ਸੈਮੀਫਾਈਨਲ 8 ਦਸੰਬਰ, 2019 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਜਾਵੇਗਾ ਅਤੇ ਸਮਾਪਤੀ ਸਮਾਗਮ 10 ਦਸੰਬਰ ਨੂੰ ਡੇਰਾ ਬਾਬਾ ਨਾਨਕ (ਜ਼ਿਲ੍ਹਾ ਗੁਰਦਾਸਪੁਰ) ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋਵੇਗਾ।
ਇਸ ਮੌਕੇ ਸ਼ਿਵਰਾਜ ਸਿੰਘ ਬੱਲ ਐਸ.ਡੀ.ਐਮ ਅੰਮ੍ਰਿਤਸਰ, ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਸਰਤਾਜ ਸਿੰਘ ਚਾਹਲ ਏ.ਡੀ.ਸੀ.ਪੀ, ਕਰਤਾਰ ਸਿੰਘ ਡਿਪਟੀ ਡਾਇਰੈਕਟਰ ਖੇਡਾਂ, ਬਾਜ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਅੰਗਰੇਜ ਸਿੰਘ ਹੁੰਦਲ ਸਹਾਇਕ ਟਰਾਂਸਪੋਰਟ ਅਫਸਰ, ਗੁਰਲਾਲ ਸਿੰਘ ਰਿਆੜ ਖੇਡ ਅਫਸਰ ਵੀ ਮੋਜੂਦ ਸਨ।