ਦੁਆਬਾ ਤੇ ਮਾਝਾ ਦੇ ਇੱਕ-ਇੱਕ ਅਤੇ ਮਾਲਵਾ ਦੇ ਦੋ ਵਿਧਾਨ ਸਭਾ ਹਲਕਿਆਂਵਿੱਚ ਸੰੰਗਤ ਦਰਸ਼ਨ ਦਾ ਐਲਾਨ
ਮਿਉਂਸੀਪਲ ਚੋਣਾਂ ਛੇਤੀਂ ਕਰਵਾਈਆਂ ਜਾਣਗੀਆਂ
ਬਠਿੰਡਾ, 2 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਭਾਰਤ ਨੇ ਦੁਨੀਆਂ ਭਰ ਵਿੱਚ ਨਵੀਂ ਪਛਾਣ ਬਣਾਈ ਹੈ ਅਤੇ ਦੁਨੀਆਂ ਦੇ ਪ੍ਰਮੁੱਖ ਦੇਸ਼ਾਂ ਦਾ ਭਾਰਤ ਵੱਲ ਅਕ੍ਰਸ਼ਨ ਵਧਿਆ ਹੈ। ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਦੋ ਦਿਨਾਂ ਸੰਗਤ ਦਰਸ਼ਨ ਦੇ ਅੱਜ ਪਹਿਲੇ ਦਿਨ ਪੱਕਾ ਖੁਰਦ ਪਿੰਡ ਵਿੱਚ ਪੱਤਰਕਾਰਾਂ ਵੱਲੋਂ ਸ੍ਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੇ ਪ੍ਰਭਾਵ ਸਬੰਧੀ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਐਨ. ਡੀ. ਏ. ਦੀ ਸਰਕਾਰ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਗੁਵਾਂਢੀ ਮੁਲਕਾ ਸਣੇ ਦੁਨੀਆਂ ਭਰ ਦੇ ਦੇਸ਼ਾਂ ਦੇ ਨਾਲ ਸਬੰਧ ਸੁਧਾਰਨ ਅਤੇ ਇਨ੍ਹਾਂ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਲਈ ਕਦਮ ਚੁੱਕੇ ਹਨ। ਇਸ ਛੋਟੇ ਜਹੇ ਅਰਸੇ ਦੌਰਾਨ ਭਾਰਤ ਦੀ ਦੁਨੀਆਂ ਭਰ ਵਿੱਚ ਪੁੱਛ ਹੋਰ ਵਧੀ ਹੈ ਅਤੇ ਸਬੰਧਾਂ ਨੂੰ ਠੋਸ ਰੂਪ ਦੇਣ ਵੱਲ ਵੱਡਾ ਕਦਮ ਪੁੱਟਿਆ ਗਿਆ ਹੈ। ਤਲਵੰਡੀ ਸਾਬੋ ਹਲਕੇ ਵਿੱਚ ਜ਼ਿਆਦਾ ਸੰਗਤ ਦਰਸ਼ਨ ਕਰਨ ਦੇ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਉਹ ਪਿਛਲੇ ਸਮੇਂ ਦੌਰਾਨ ਇਸ ਹਲਕੇ ਵਿੱਚ ਕਈ ਵਾਰ ਆਏ ਹਨ ਪਰ ਫਿਰ ਵੀ ਉਹ ਸਮੁੱਚੇ ਸੂਬੇ ਵਿੱਚ ਸੰਗਤ ਦਰਸ਼ਨ ਕਰਨ ਨੂੰ ਪ੍ਰਥਾਮਿਕਤਾ ਦਿੰਦੇ ਹਨ ਅਤੇ ਲਗਾਤਾਰ ਸੰਗਤ ਦਰਸ਼ਨ ਕਰ ਰਹੇ ਹਨ। ਸੰਗਤ ਦਰਸ਼ਨਾਂ ਨੂੰ ਯੋਜਨਾਬੱਧ ਤਰੀਕੇ ਨਾਲ ਅਮਲ ਵਿੱਚ ਲਿਾਉਣ ਲਈ ਉਨ੍ਹਾਂ ਨੇ ਹਰੇਕ ਦੋ ਮਹੀਨੇ ਵਿੱਚ ਦੁਆਬਾ ਅਤੇ ਮਾਝਾ ਦੇ ਇੱਕ-ਇੱਕ ਅਤੇ ਮਾਲਵਾ ਦੇ ਦੋ ਵਿਧਾਨ ਸਭਾ ਹਲਕਿਆਂ ਵਿੱਚ ਸੰੰਗਤ ਦਰਸ਼ਨ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਰੇਕ ਹਲਕੇ ਵਿੱਚ ਸੰਗਤ ਦਰਸ਼ਨ ਕਰਨ ਲਈ ਘੱਟੋ ਘੱਟ ਚਾਰ- ਪੰਜ ਦਿਨ ਲੱਗ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਮਾਝੇ ਵਿੱਚ ਇਸ ਦੀ ਨਵੇਂ ਸਿਰੇ ਤੋਂ ਕਾਦੀਆਂ ਵਿੱਧਾਨ ਸਭਾ ਹਲਕੇ ਵਿੱਚ ਅਗਲੇ ਹਫਤੇ ਸੰਗਤ ਦਰਸ਼ਨ ਕਰਕੇ ਇਹ ਸ਼ੁਰੂਆਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਲੋਕਾਂ ਨਾਲ ਸੰਪਰਕ ਪੈਦਾ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰਨ ਦਾ ਵਧੀਆ ਤਰੀਕਾ ਹਨ ਜਿਸ ਨੂੰ ਉਹ ਸੱਤਾ ਵਿੱਚ ਆਉਣ ਵੇਲੇ ਹਮੇਸ਼ਾਂ ਹੀ ਅਪਨਾਉਾਂਦੇ ਨ। ਸੂਬੇ ਵਿੱਚ ਕਾਨੂੰਨ ਵਿਵਸਥਾ ਦੇ ਸਬੰਧ ਵਿੱਚ ਪੁੱਛੇ ਗਏ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਕੁਲ ਮਿਲਾ ਕੇ ਸੂਬੇ ਵਿੱਚ ਅਮਨ ਕਨੂੰਨ ਦੀ ਹਾਲਤ ਸਾਰੇ ਸੂਬਿਆਂ ਨਾਲੋਂ ਚੰਗੀ ਹੈ ਪਰ ਇੱਕਾ-ਦੁੱਕਾ ਵਾਪਰ ਰਹੀਆਂ ਘਟਨਾਵਾਂ ਨੂੰ ਉਨ੍ਹਾਂ ਦੀ ਸਰਕਾਰ ਬਹੁਤ ਗੰਭੀਰਤਾ ਨਾਲ ਲੈਂਦੀ ਹੈ। ਉਨ੍ਹਾਂ ਕਿਹਾ ਕਿ ਜੁਰਮ ਦੀਆਂ ਘਟਨਾਵਾਂ ਨੂੰ ਹਰ ਹਾਲਤ ਵਿੱਚ ਸਖਤੀ ਨਾਲ ਨਿਪਟਿਆ ਜਾਵੇਗਾ ਅਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਵਿੱਚ ਲਿਪਤ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਭਾਂਵੇਂ ਉਹ ਕਿਸੇ ਵੀ ਪਾਰਟੀ ਦਾ ਹੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਤਹਈਆ ਕੀਤਾ ਹੋਇਆ ਹੈ ਕਿ ਕੋਈ ਵੀ ਗੁਨਾਹਕਾਰ ਕਾਨੂੰਨ ਦੇ ਹੱਥਾਂ ਵਿੱਚੋਂ ਬਚ ਕੇ ਨਾ ਨਿਕਲੇ ਅਤੇ ਕਿਸੇ ਵੀ ਬੇਗੁਨਾਹ ਨੂੰ ਕੋਈ ਨੁਕਸਾਨ ਨਾ ਹੋਵੇ। ਲੁਧਿਆਣਾ ਵਿੱਚ ਕਤਲ ਦੀ ਵਾਪਰੀ ਘਟਨ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਘਟਨਾ ਦੀ ਪਹਿਲਾਂ ਹੀ ਜਾਂਚ ਦੇ ਹੁਕਮੇ ਦੇ ਦਿੱਤੇ ਹਨ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਮਿਉਂਸੀਪਲ ਚੋਣਾਂ ਦੇ ਸਬੰਧ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਇਹ ਚੋਣਾਂ ਜਲਦੀ ਕਰਵਾਈਆਂ ਜਾ ਰਹੀਆਂ ਹਨ। ਸੂਬੇ ਦੀ ਆਰਥਿਕਤਾ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਖੇਤੀ ਅਤੇ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਰਾਜ ਸਰਕਾਰ ਨੇ ਪਹਿਲਾ ਹੀ ਅਨੇਕਾਂ ਕਦਮ ਚੁੱਕੇ ਹਨ ਅਤੇ ਇਸ ਸਬੰਧੀ ਵੱਖ ਵੱਖ ਪੱਖਾਂ ਤੋਂ ਲਗਾਤਾਰ ਫੈਸਲੇ ਲਏ ਜਾ ਰਹੇ ਹਨ। ਰਾਜ ਵਿੱਚ ਚਲ ਰਹੇ ਮੌਜੂਦਾ ਝੋਨੇ ਦੀ ਖਰੀਦ ਸੀਜ਼ਨ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਸੂਬੇ ਸਰਕਾਰ ਨੇ ਹਰਿਆਣਾ ਦੇ ਵਪਾਰੀਆਂ ਨੂੰ ਸੂਬੇ ਵਿੱਚੋਂ ਬਾਸਮਤੀ ਖਰੀਦਣ ਦੀ ਆਗਿਆ ਦੇ ਦਿੱਤੀ ਹੈ ਜਿਸ ਦਾ ਮਕਸਦ ਖਰੀਦ ਦੇ ਸਬੰਧ ਵਿੱਚ ਮੁਕਾਬਲੇਬਾਜ਼ੀ ਪੈਦਾ ਕਰਨਾ ਹੈ ਤਾਂ ਜੋ ਇਸ ਮੁਕਾਬਲੇਬਾਜ਼ੀ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਜ਼ਿਆਦਾ ਭਾਅ ਮਿਲ ਸਕੇ ਅਤੇ ਉਨ੍ਹਾਂ ਦੇ ਹਿੱਤ ਸੁਰੱਖਿਅਤ ਹੋ ਸਕਣ। ਇਸ ਦੇ ਨਾਲ ਹੀ ਸਰਕਾਰ ਨੇ ਸ਼ੈਲਰ ਮਾਲਕਾਂ ਨੂੰ ਵੀ ਪਹਿਲਾਂ ਦਿੱਤੀਆਂ ਗਈਆਂ ਰਿਆਇਤਾਂ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਗੁਰਥੜੀ, ਪੱਕਾ ਕਲਾਂ, ਫੱਲੜ, ਪੱਕਾ ਖੁਰਦ, ਸ਼ੇਖੂ, ਤਰਖਾਣਵਾਲਾ, ਰਾਮਸਰਾ, ਫੁੱਲੋਖਾਰੀ ਅਤੇ ਕਣਕਵਾਲ ਆਦਿ ਪਿੰਡਾਂ ਵਿੱਚ ਸੰਗਤ ਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕੇ ਦੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ. ਜੇ. ਐਸ. ਚੀਮਾ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਡੀ ਆਈ ਜੀ ਅਮਰ ਸਿੰਘ ਚਾਹਲ, ਐਸ ਐਸ ਪੀ ਗੁਰਪ੍ਰੀਤ ਸਿੰਘ ਭੁੱਲਰ, ਅਕਾਲੀ ਦਲ ਦੇ ਜਿਲ੍ਹਾ ਪ੍ਰੈਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾ ਅਤੇ ਰਾਜ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।