ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਮੌਕੇ ਮੁਹੱਈਆ ਕਰਾਉਣ ਲਈ ਉਪਰਾਲੇ ਕਰਨ ਦਾ ਲਿਆ ਪ੍ਰਣ
ਸੰਗਰੂਰ, 20 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਈ ਜਾ ਰਹੀ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਜਿਲਾ ਟਾਸਕ ਫੋਰਸ ਦੀ ਸਹਾਇਕ ਕਮਿਸ਼ਨਰ ਅੰਕੁੁਰ ਮਹਿੰਦਰੂ ਦੀ ਪ੍ਰਧਾਨਗੀ ‘ਚ ਹੋਈ, ਜਿਸ ਦੌਰਾਨ ਇਸ ਮੁਹਿੰਮ ਤਹਿਤ 26 ਜਨਵਰੀ ਤੱਕ ਮਨਾਏ ਜਾਣ ਵਾਲੇ ਜਾਗਰੂਕਤਾ ਹਫਤੇ ਦੀ ਸ਼ੁਰੂਆਤ ਕੀਤੀ ਗਈ।
ਇਸ ਮੀਟਿੰਗ ਵਿੱਚ ਹਾਜ਼ਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੇ ਹੋਰ ਵਿਭਾਗੀ ਨੁਮਾਇੰਦਿਆਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਅੰਕੁਰ ਮਹਿੰਦਰੂ ਨੇ ਆਖਿਆ ਕਿ ਜ਼ਿਲਾ ਸੰਗਰੂਰ ਵਿੱਚ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਗਵਾਈ ਹੇਠ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਸਫਲਤਾਪੂਰਬਕ ਚਲਾਈ ਜਾ ਰਹੀ ਹੈ, ਜਿਸ ਤਹਿਤ ਲਗਾਤਾਰ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।ਇਸੇ ਤਹਿਤ ਹੀ ਜ਼ਿਲਾ ਸੰਗਰੂਰ ਦੇ ਕਈ ਪੁਲਾਂ ’ਤੇ ਬੇਟੀ ਬਚਾਓ, ਬੇਟੀ ਪੜਾਓ ਨੂੰ ਸਮਰਪਿਤ ਗਰੈਫੀਟੀਜ਼ ਤੋਂ ਇਲਾਵਾ ਹੋਣਹਾਰ ਵਿਦਿਆਰਥਣਾਂ ਨੂੰ ਸਮਰਪਿਤ ਟੇਬਲ ਕੈਲੰਡਰ ਵੀ ਜਾਰੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ 20 ਤੋਂ 26 ਜਨਵਰੀ ਤੱਕ ‘ਬੇਟੀ ਬਚਾਓ, ਬੇਟੀ ਪੜਾਓ’ ਹਫਤਾ ਜਿਲੇ ਵਿੱਚ ਮਨਾਇਆ ਜਾ ਰਿਹਾ ਹੈ, ਜਿਸ ਲਈ ਸਾਰੇ ਸਬੰਧਤ ਵਿਭਾਗਾਂ ਦਾ ਸਹਿਯੋਗ ਜ਼ਰੂਰੀ ਹੈ।
ਇਸ ਦੌਰਾਨ ‘ਬੇਟੀ ਬਚਾਓ, ਬੇਟੀ ਪੜਾਓ’ ਹਫਤੇ ਦੇ ਆਗਾਜ਼ ਮੌਕੇ ਸੀ.ਡੀ.ਪੀ.ਓ ਹਰਬੰਸ ਸਿੰਘ ਵਲੋਂ ਹਾਜ਼ਰੀਨ ਨੂੰ ਸਹੁੰ ਚੁਕਾਈ ਗਈ ਕਿ ਬਿਨਾਂ ਕਿਸੇ ਭੇਦਭਾਵ ਦੇ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਿੱਖਿਆ ਤੇ ਹੋਰ ਮੌਕੇ ਮੁਹੱਈਆ ਕਰਾਉਣਗੇ।
ਇਸ ਮਗਰੋਂ ਸੀ.ਡੀ.ਪੀ.ਓ ਮਾਲੇਰਕੋਟਲਾ ਪਵਨ ਕੁਮਾਰ ਨੇ ਦੱਸਿਆ ਕਿ ਇਸ ਜਾਗਰੂਕਤਾ ਹਫਤੇ ਤਹਿਤ 21 ਜਨਵਰੀ ਨੂੰ ਰੈਲੀਆਂ/ਪ੍ਰਭਾਤ ਫੇਰੀਆਂ ਕਰਾਈਆਂ ਜਾਣਗੀਆਂ।ਇਸ ਤੋ ਇਲਾਵਾ ਆਉਦੇ ਦਿਨਾਂ ਵਿੱਚ ਸਕੂਲਾਂ ਵਿੱਚ ਜਾਗਰੂਕਤਾ ਪ੍ਰੋਗਰਾਮ, ਵਿਦਿਆਰਥੀਆਂ ਦੇ ਪੇਂਟਿੰਗ/ਸਲੋਗਨ ਮੁਕਾਬਲੇ, ਮੀਟਿੰਗਾਂ, ਨੁੱਕੜ ਨਾਟਕ, ਨਾਮ ਪਲੇਟ ਮੁਹਿੰਮ ਤੇ ਹੋਰ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਣਗੇ।
ਸੀ.ਡੀ.ਪੀ.ਓ ਸੰਗਰੂਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਹਫਤੇ ਦੇ ਅਖੀਰਲੇ ਦਿਨ 26 ਜਨਵਰੀ ਵਾਲੇ ਦਿਨ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਦੇ ਬਰਾਂਡ ਅੰਬੈਸਡਰ, ਹੋਣਹਾਰ ਲੜਕੀਆਂ, ਵਿਭਾਗੀ ਮੁਲਾਜ਼ਮਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਜੋ ਇਸ ਦਿਸ਼ਾ ਵਿੱਚ ਲਗਾਤਾਰ ਉਪਰਾਲੇ ਕਰ ਰਹੇ ਹਨ, ਦਾ ਸਨਮਾਨ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਸਤੀਸ਼ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।