ਭਾਰਤ ਦੀ ਅਜ਼ਾਦੀ ਲਈ ਚੱਲੇ ਲੰਮੇ ਸੰਘਰਸ਼ ਵਿੱਚ ਬਹੁਤ ਸਾਰੇ ਨੇਤਾਵਾਂ ਨੇ ਯੋਗਦਾਨ ਪਾਇਆ ਹੈ।ਮੋਹਨ ਸਿੰਘ ਤੋਂ ਬਾਅਦ ਅਜਾਦ ਹਿੰਦ ਫੌਜ ਦੀ ਵਾਗਡੋਰ ਸੰਭਾਲਣ ਵਾਲੇ ਆਗੂ ਸੁਭਾਸ਼ ਚੰਦਰ ਬੋਸ ਜੀ ਅਜਾਦੀ ਦਾ ਸੰਗਰਾਮ ਲੜਨ ਵਾਲੇ ਨੇਤਾਵਾਂ ਵਿਚੋਂ ਇੱਕ ਹਰਮਨ ਪਿਆਰੇ ਆਗੂ ਸਨ। ਭਾਰਤ ਦੇ ਲੋਕ ਉਹਨਾਂ ਨੂੰ ਸਤਿਕਾਰ ਨਾਲ ਨੇਤਾ ਜੀ ਕਹਿ ਕੇ ਬੁਲਾਉਂਦੇ ਸਨ।ਉਹ ਅਜਿਹੇ ਨੇਤਾ ਸਨ, ਜਿਹਨਾਂ ਨੇ ਗੁਲਾਮ ਭਾਰਤ ਵਿੱਚ ਹੀ ਅਜ਼ਾਦੀ ਦਾ ਝੰਡਾ ਲਹਿਰਾ ਦਿੱਤਾ ਸੀ।ਅੱਜ ਨੇਤਾ ਜੀ ਦੇ 123ਵੇਂ ਜਨਮ ਦਿਵਸ ‘ਤੇ ਆਪ ਜੀ ਨਾਲ ਉਹਨਾਂ ਦੇ ਵਿਚਾਰਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦਾ ਹੋਇਆ ਮਾਣ ਮਹਿਸੂਸ ਕਰਦਾ ਹਾਂ। ਉਹਨਾਂ ਦਾ ਮਹਾਨ ਵਿਚਾਰ ਸੀ,
“ਸਭ ਤੋਂ ਵੱਡਾ ਅਪਰਾਧ ਅਨਿਆਏਂ ਸਹਿਣਾ ਅਤੇ ਗਲਤ ਨਾਲ ਸਮਝੌਤਾ ਕਰਨਾ ਹੈ।”
ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਵਿੱਚ ਉੜੀਸਾ ਦੇ ਸ਼ਹਿਰ ਕਟਕ ਵਿੱਚ ਵਕੀਲ ਜਾਨਕੀ ਨਾਥ ਬੋਸ ਦੇ ਘਰ ਹੋਇਆ।ਉਹਨਾਂ ਦੀ ਮਾਤਾ ਜੀ ਦਾ ਨਾਮ ਪ੍ਰਭਵਤੀ ਦੇਵੀ ਸੀ।ਦਸਵੀਂ ਕਟਕ ਵਿੱਚ ਹੀ ਕਰਨ ਤੋਂ ਬਾਅਦ ਉਹ ਉਚੇਰੀ ਸਿੱਖਿਆ ਲਈ ਪ੍ਰੈਜੀਡੈਂਸੀ ਕਾਲਜ ਕਲਕੱਤਾ ਵਿੱਚ ਦਾਖਲ ਹੋਏ।ਉਥੇ ਇੱਕ ਅੰਗਰੇਜ਼ ਪ੍ਰੋਫੈਸਰ ਔਟੇਨ ਨੇ ਭਾਰਤੀਆਂ ਦੀ ਸ਼ਾਨ ਖਿਲਾਫ਼ ਬੇਇਜ਼ਤੀ ਭਰੇ ਸ਼ਬਦ ਕਹੇ ਤਾਂ ਗੁੱਸੇ ਵਿੱਚ ਜਮਾਤ ਵਿੱਚ ਹੀ ਨੇਤਾ ਜੀ ਨੇ ਉਸ ਦੇ ਥੱਪੜ ਜੜ ਦਿੱਤਾ।ਉਹਨਾਂ ਨੂੰ ਕਾਲਜ ਤੋਂ ਕੱਢ ਦਿੱਤਾ ਗਿਆ।ਫਿਰ ਆਪ ਨੇ ਸਕਟਿਸ ਚਰਚ ਕਾਲਜ ਵਿਚੋਂ ਬੀ.ਏ.ਆਨਰਜ਼ ਕੀਤੀ।1919 ਵਿੱਚ ਆਪ ਇੰਗਲੈਂਡ ਚਲੇ ਗਏ।ਉਥੇ ਉਹਨਾਂ ਇੰਡੀਅਨ ਸਿਵਲ ਸਰਵਿਸ ਦਾ ਇਮਤਿਹਾਨ ਪਾਸ ਕੀਤਾ।ਉਹਨਾਂ ਦੇ ਜੀਵਨ ਸਾਥਣ ਅਮੀਲੀ ਸਚੇਨਕਲ ਸਨ।ਉਹਨਾਂ ਦੀ ਬੇਟੀ ਦਾ ਨਾਮ ਅਨੀਤਾ ਬੋਸ ਪਫਾਫ ਸੀ।ਨੇਤਾ ਜੀ 18 ਅਗਸਤ 1945 ਨੂੰ ਹਵਾਈ ਜਹਾਜ ਰਾਹੀਂ ਫਾਰਮੂਸਾ ਪਹੁੰਚੇ।ਉਥੇ ਤਾਈਹੂਕ ਹਵਾਈ ਅੱਡੇ ‘ਤੇ ਉਡਾਨ ਭਰਨ ਸਮੇਂ ਹਵਾਈ ਜਹਾਜ ਨੂੰ ਅੱਗ ਲੱਗ ਗਈ, ਜਿਸ ਕਰਕੇ ਨੇਤਾ ਜੀ ਬੁਰੀ ਤਰ੍ਹਾਂ ਝੁਲਸ ਗਏ।ਬਾਅਦ ‘ਚ ਉਹਨਾਂ ਦੀ ਮੌਤ ਹੋ ਗਈ।ਇਥੇ ਇਹ ਸਪੱਸ਼ਟ ਕਰ ਦਈਏ ਕਿ ਉਹਨਾਂ ਦੀ ਮੌਤ ਬਾਰੇ ਮਤਭੇਦ ਹਨ।ਨੇਤਾ ਜੀ ਨੇ ਭਾਰਤ ਦੇ ਲੋਕਾਂ ਨੂੰ ਅਜ਼ਾਦੀ ਪ੍ਰਾਪਤੀ ਲਈ ਪ੍ਰੇਰਿਤ ਕਰਦਿਆਂ ਨਾਅਰਾ ਲਾਇਆ ਸੀ ਕਿ,
“ਤੁਸੀਂ ਮੈਨੂੰ ਖੂਨ ਦਿਉ ਮੈਂ ਤੁਹਾਨੂੰ ਅਜ਼ਾਦੀ ਦੇਵਾਂਗਾ ।”
ਉਹਨਾਂ ਇਹ ਵੀ ਕਿਹਾ ਸੀ ਕਿ, “ਮੈਨੂੰ ਇਹ ਨਹੀਂ ਪਤਾ ਕਿ ਅਜ਼ਾਦੀ ਦੇ ਇਸ ਯੁੱਧ ਵਿੱਚ ਕੌਣ-ਕੌਣ ਜ਼ਿੰਦਾ, ਪਰ ਮੈਂ ਇਹ ਜਾਣਦਾ ਹਾਂ ਕਿ ਅੰਤ ਵਿੱਚ ਜਿੱਤ ਸਾਡੀ ਹੀ ਹੋਵੇਗੀ।”
1921 ਵਿੱਚ ਇੰਗਲੈਂਡ ਦਾ ਸ਼ਹਿਜਾਦਾ ਭਾਰਤ ਆਇਆ। ਕਾਂਗਰਸ ਦੇ ਆਗੂ ਹੋਣ ਕਰਕੇ ਨੇਤਾ ਜੀ ਦੀ ਜਿੰਮੇਵਾਰੀ ਲਾਈ ਗਈ ਕਿ ਜਦ ਪ੍ਰਿੰਸ ਆਫ ਵੇਲਜ਼ ਕਲਕੱਤੇ ਆਵੇ ਤਾਂ ਸ਼ਹਿਰ ਵਿੱਚ ਹੜਤਾਲ ਕਰਵਾਈ ਜਾਵੇ।ਹੜਤਾਲ ਮੁਕੰਮਲ ਤੌਰ ‘ਤੇ ਹੋਈ ਪਰ ਨੇਤਾ ਜੀ ਗ੍ਰਿਫਤਾਰ ਕਰ ਲਏ ਗਏ।8 ਮਹੀਨਿਆਂ ਬਾਦ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ।1929 ਵਿੱਚ ਉਹ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਪ੍ਰਧਾਨ ਬਣੇ।1930 ਵਿੱਚ ਉਹ ਕਲਕੱਤਾ ਕਾਰਪੋਰੇਸ਼ਨ ਦੇ ਪ੍ਰਧਾਨ ਬਣੇ।1938 ਵਿੱਚ ਉਹ 51 ਵੇਂ ਇਜਲਾਸ ਦੇ ਪ੍ਰਧਾਨ ਚੁਣੇ ਗਏ।20 ਜੂਨ 1940 ਨੂੰ ਉਹ ਵੀਰ ਸਾਵਰਕਰ ਨੂੰ ਮਿਲੇ।ਨੇਤਾ ਜੀ ਨੇ ਭਾਰਤ ਨੂੰ ਅਜਾਦ ਕਰਾਉਣ ਲਈ ਅਜਾਦ ਹਿੰਦ ਫੌਜ ਦਾ ਪੁਨਰਗਠਨ ਕੀਤਾ।21 ਅਕਤੂਬਰ 1943 ਨੂੰ ਅਜਾਦ ਹਿੰਦ ਫੌਜ ਨੂੰ ਆਰਜ਼ੀ ਹਕੂਮਤ ਦਾ ਐਲਾਨ ਕਰ ਦਿੱਤਾ।ਉਹਨਾਂ ਦਾ ਨਾਅਰਾ ਸੀ, `ਦਿੱਲੀ ਚੱਲੋ`। 30 ਦਸੰਬਰ 1943 ਨੂੰ ਨੇਤਾ ਜੀ ਨੇ ਸਤੁੰਤਰ ਭਾਰਤ ਦਾ ਝੰਡਾ ਝੁਲਾ ਦਿੱਤਾ। ਉਹ 1945 ਤੱਕ ਅਜਾਦ ਹਿੰਦ ਫੌਜ ਦੇ ਜਰਨਲ ਰਹੇ।ਨੇਤਾ ਜੀ ਕਹਿੰਦੇ ਹਨ ਕਿ, “ਮੈਂ ਜੀਵਨ ਵਿੱਚ ਕਦੀ ਵੀ ਖੁਸ਼ਾਮਦ ਨਹੀਂ ਕੀਤੀ।ਦੂਜਿਆਂ ਨੂੰ ਚੰਗੀਆਂ ਲੱਗਣ ਵਾਲੀਆਂ ਗੱਲਾਂ ਕਰਨਾ ਮੈਨੂੰ ਨਹੀਂ ਆਉਂਦਾ।”ਉਹ ਤਾਂ ਇਥੋਂ ਤੱਕ ਵੀ ਕਹਿੰਦੇ ਹਨ ਕਿ, “ਮੋਕਾਪ੍ਰਸਤੀ ਬੜ੍ਹੀ ਅਪਵਿੱਤਰ ਵਸਤੂ ਹੈ ।”
ਅੱਜ ਰਾਸ਼ਟਰਵਾਦ ਦੇ ਆਪੋ-ਆਪਣੇ ਮਤਲਬ ਦੇ ਅਰਥ ਕੱਢ ਕੇ ਫਿਰਕਾਪ੍ਰਸਤੀ ਨੂੰ ਹਵਾ ਦਿੱਤੀ ਜਾ ਰਹੀ ਹੈ । ਪਰ ਨੇਤਾ ਜੀ ਨੇ ਬੜਾ ਸਪੱਸ਼ਟ ਕਿਹਾ ਸੀ ਕਿ, “ਰਾਸ਼ਟਰਵਾਦ ਮਨੁੱਖ ਜਾਤੀ ਦੇ ਉਚਤਮ ਆਦਰਸ਼ਾਂ ਸਤਿਅਮ, ਸ਼ਿਵਮ, ਸੁੰਦਰਮ ਤੋਂ ਪ੍ਰੇਰਿਤ ਹੈ।”
ਅੱਜ ਭਾਰਤ ਦੇ ਵਿਦਿਆਰਥੀ ਆਪਣੇ ਹੱਕਾਂ ਲਈ ਜੂਝ ਰਹੇ ਹਨ।ਵਿਦਿਆਰਥੀਆਂ ਬਾਰੇ ਨੇਤਾ ਜੀ ਨੇ ਕਿਹਾ ਹੈ ਕਿ, “ਚਰਿਤਰ ਨਿਰਮਾਣ ਹੀ ਵਿਦਿਆਰਥੀਆਂ ਦਾ ਮੁੱਖ ਕਰਤਵ ਹੈ । ”
ਸੈਨਿਕਾਂ ਬਾਰੇ ਨੇਤਾ ਜੀ ਦੇ ਵਿਚਾਰ ਸਨ ਕਿ, “ਇੱਕ ਸੈਨਿਕ ਦੇ ਰੂਪ ਵਿੱਚ ਹਮੇਸ਼ਾਂ ਤਿੰਨ ਆਦਰਸ਼ਾਂ ਦੀ ਜੀਵਨ ਵਿੱਚ ਪਾਲਣਾ ਕਰਨੀ ਚਾਹੀਦੀ ਹੈ, ਸੱਚਾਈ, ਕਰਤਵ ਅਤੇ ਬਲੀਦਾਨ।ਉਹਨਾਂ ਇਹ ਵੀ ਕਿਹਾ ਕਿ, “ਇੱਕ ਸੱਚੇ ਸੈਨਿਕ ਲਈ ਸੈਨਾ ਅਤੇ ਅਧਿਆਤਮਿਕਾ ਜ਼ਰੂਰੀ ਹਨ।” ਉਹਨਾਂ ਕਿਹਾ ਕਿ, “ਅੱਜ ਸਾਡੇ ਅੰਦਰ ਇੱਕ ਸ਼ਹੀਦ ਦੀ ਮੌਤ ਮਰਨ ਦੀ ਇੱਛਾ ਹੋਣੀ ਚਾਹੀਦੀ ਹੈੇ।
ਅੱਜ ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਔਰਤਾਂ ਅਤੇ ਵਿਦਿਆਰਥੀਆਂ ਨੂੰ ਅਤੇ ਉਹਨਾਂ ਵਲੋਂ ਕੀਤੇ ਜਾਂਦੇ ਸੰਘਰਸ਼ ਨੂੰ ਕਿਸੇ ਹੋਰ ਹੀ ਰੂਪ ਵਿੱਚ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਨੇਤਾ ਜੀ ਨੇ ਸੰਘਰਸ਼ ਬਾਰੇ ਕਿਹਾ ਹੈ ਕਿ, “ਸੰਘਰਸ਼ ਨੇ ਮੈਨੂੰ ਮਨੁੱਖ ਬਣਾਇਆ, ਮੇਰੇ ਵਿੱਚ ਆਤਮ-ਵਿਸ਼ਵਾਸ਼ ਪੈਦਾ ਕੀਤਾ ਜੋ ਪਹਿਲਾਂ ਨਹੀਂ ਸੀ।”
ਨੇਤਾ ਜੀ ਦਾ ਸਮਾਜਵਾਦ ਵਿੱਚ ਅਤੁੱਟ ਵਿਸ਼ਵਾਸ਼ ਸੀ।ਉਹ ਕਹਿੰਦੇ ਸਨ ਕਿ, “ਮੇਰੇ ਮਨ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਸਾਡੇ ਦੇਸ਼ ਦੀਆਂ ਪ੍ਰਮੁੱਖ ਸਮੱਸਿਆਵਾਂ ਜਿਵੇਂ ਗਰੀਬੀ, ਅਨਪੜ੍ਹਤਾ, ਬੀਮਾਰੀ, ਕੁਸ਼ਲ ਉਤਪਾਦਨ ਅਤੇ ਵੰਡ ਸਿਰਫ ਸਮਾਜਵਾਦੀ ਤਰੀਕੇ ਨਾਲ ਹੀ ਦੂਰ ਕੀਤੀਆਂ ਜਾ ਸਕਦੀਆਂ ਹਨ।”
ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ – 98552 07071