Thursday, September 19, 2024

ਆਮਿਰ ਖਾਨ ਨੂੰ ਸਰਦਾਰ ਨਲਵਾ ਦਾ ਇਤਿਹਾਸ ਸੌਂਪ ਕੇ ਡਾ. ਰੂਪ ਸਿੰਘ ਨੇ ਫਿਲਮ ਬਣਾਉਣ ਦੀ ਕੀਤੀ ਮੰਗ

ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਬਾਰੇ ਪ੍ਰਸਿੱਧ ਅਦਾਕਾਰ ਆਮਿਰ ਖਾਨ ਨੂੰ ਫਿਲਮ PPNJ2801202004ਬਣਾਉਣ ਦੇ ਦਿੱਤੇ ਗਏ ਸੁਝਾਅ ਤੋਂ ਬਾਅਦ ਹੁਣ ਇਕ ਕਦਮ ਹੋਰ ਅੱਗੇ ਵਧਾਉਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਉਸ (ਆਮਿਰ ਖਾਨ) ਨੂੰ ਸਰਦਾਰ ਨਲਵਾ ਦੇ ਇਤਿਹਾਸ ਨਾਲ ਸਬੰਧਤ ਕਿਤਾਬਾਂ ਸੌਂਪੀਆਂ ਹਨ।ਡਾ. ਰੂਪ ਸਿੰਘ ਜੋ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਮੁੰਬਈ ਨਾਲ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੇ ਹਸਪਤਾਲ ਸ੍ਰੀ ਅੰਮ੍ਰਿਤਸਰ ਦੇ ਇਕ ਸਮਝੌਤੇ ਸਬੰਧੀ ਮੁੰਬਈ ਗਏ ਸਨ, ਨੇ ਆਮਿਰ ਖਾਨ ਨਾਲ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਾ. ਏ.ਪੀ. ਸਿੰਘ, ਡਾ. ਬਲਜੀਤ ਸਿੰਘ ਖੁਰਾਣਾ ਅਤੇ ਡਾ. ਜਸਕਰਨ ਸਿੰਘ ਵੀ ਮੌਜੂਦ ਸਨ।
           ਦੱਸਣਯੋਗ ਹੈ ਕਿ ਬੀਤੀ 30 ਨਵੰਬਰ ਨੂੰ ਆਮਿਰ ਖਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸਨ।ਇਸੇ ਦੌਰਾਨ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਿੱਖ ਯੋਧੇ ਸਰਦਾਰ ਹਰੀ ਸਿੰਘ ਨਲਵਾ ਸਬੰਧੀ ਇਤਿਹਾਸਕ ਫਿਲਮ ਬਣਾਉਣ ਦਾ ਸੁਝਾਅ ਦਿੱਤਾ ਸੀ। ਜਿਸ ’ਤੇ ਆਮਿਰ ਖਾਨ ਨੇ ਉਨ੍ਹਾਂ ਨੂੰ ਇਸ ਇਤਿਹਾਸ ਬਾਰੇ ਅੰਗਰੇਜ਼ੀ ਪੁਸਤਕਾਂ ਮੁਹੱਈਆ ਕਰਵਾਉਣ ਬਾਰੇ ਕਿਹਾ ਸੀ।ਇਹ ਵੀ ਵਰਨਣਯੋਗ ਹੈ ਕਿ ਆਮਿਰ ਖਾਨ ਇਨ੍ਹੀਂ ਦਿਨੀਂ ਸਿੱਖ ਕਿਰਦਾਰ ਨਾਲ ਸਬੰਧਤ ਫਿਲਮ ਲਾਲ ਸਿੰਘ ਚੱਢਾ ਬਣਾ ਰਹੇ ਹਨ।
          ਡਾ. ਰੂਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਮੁੰਬਈ ਵਿਖੇ ਆਮਿਰ ਖਾਨ ਨੂੰ ਮਿਲ ਕੇ ਸਰਦਾਰ ਨਲਵਾ ਬਾਰੇ ਉਨ੍ਹਾਂ ਨੂੰ ਇਤਿਹਾਸਕ ਪੁਸਤਕਾਂ ਦਿੱਤੀਆਂ ਹਨ।ਉਨ੍ਹਾਂ ਦੱਸਿਆ ਕਿ ਆਮਿਰ ਖਾਨ ਨੂੰ ਦਿੱਤੀਆਂ ਗਈਆਂ ਕਿਤਾਬਾਂ ਵਿਚ ਅਉਤਾਰ ਸਿੰਘ ਸੰਧੂ ਦੀ ਲਿਖੀ ਪੁਸਤਕ ‘ਹਰੀ ਸਿੰਘ ਨਲਵਾ’ ਅਤੇ ਸਰਦਾਰ ਨਲਵਾ ਦੇ ਵੰਸ਼ ਵਿੱਚੋਂ ਵਨੀਤ ਨਲਵਾ ਦੀ ਲਿਖੀ ‘ਚੈਪੀਅਨ ਆਫ ਦਾ ਖ਼ਾਲਸਾ ਜੀ’ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਪੁਸਤਕਾਂ ਬਹੁਤ ਮਹੱਤਵਪੂਰਨ ਹਨ, ਜਿਸ ਨੂੰ ਪ੍ਰਾਪਤ ਕਰਦਿਆਂ ਆਮਿਰ ਖਾਨ ਨੇ ਕਿਹਾ ਕਿ ਉਹ ਇਨ੍ਹਾਂ ਨੂੰ ਪੜ੍ਹਨਗੇ।ਡਾ. ਰੂਪ ਸਿੰਘ ਅਨੁਸਾਰ ਸਰਦਾਰ ਨਲਵਾ ਸਿੱਖ ਕੌਮ ਦੇ ਨਾਲ-ਨਾਲ ਪੂਰੇ ਵਿਸ਼ਵ ਦੇ ਨਾਇਕ ਹਨ।ਉਹ ਇਕਲੌਤੇ ਜਰਨੈਲ ਹਨ, ਜਿਸ ਨੇ ਅਫ਼ਗਾਨਿਸਤਾਨ ’ਤੇ ਜਿੱਤ ਹਾਸਲ ਕੀਤੀ ਸੀ।ਡਾ. ਰੂਪ ਸਿੰਘ ਨੇ ਕਿਹਾ ਕਿ ਆਮਿਰ ਖਾਨ ਨੇ ਅੰਮ੍ਰਿਤਸਰ ਫੇਰੀ ਦੌਰਾਨ ਸਰਦਾਰ ਨਲਵਾ ਸਬੰਧੀ ਜਾਣਕਾਰੀ ਹਾਸਲ ਕਰਦਿਆਂ ਵੱਡਾ ਪ੍ਰਭਾਵ ਕਬੂਲਿਆ ਸੀ। ਉਨ੍ਹਾਂ ਦੱਸਿਆ ਕਿ ਆਮਿਰ ਖਾਨ ਦੇ ਕਹਿਣ ਅਨੁਸਾਰ ਉਹ ਸਿੱਖ ਸੱਭਿਆਚਾਰ ਤੋਂ ਬੇਹੱਦ ਪ੍ਰਭਾਵਿਤ ਹਨ ਅਤੇ ਸਿੱਖ ਕਿਰਦਾਰ ਨਿਭਾਉਂਦਿਆਂ ਉਨ੍ਹਾਂ ਨੂੰ ਮਾਣਮੱਤਾ ਅਨੁਭਵ ਹੋਇਆ ਹੈ।ਡਾ. ਰੂਪ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਿੱਖ ਜਰਨੈਲ ਦੇ ਜੀਵਨ ਤੋਂ ਭਵਿੱਖ ਦੀ ਪੀੜ੍ਹੀ ਨੂੰ ਜਾਣਕਾਰੀ ਮਿਲ ਸਕੇ।ਇਸੇ ਕਰਕੇ ਹੀ ਉਨ੍ਹਾਂ ਨੇ ਆਮਿਰ ਖਾਨ ਨੂੰ ਇਸ ਇਤਿਹਾਸ ਬਾਰੇ ਫਿਲਮ ਬਣਾਉਣ ਲਈ ਸੁਝਾਅ ਦਿੱਤਾ ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply