ਖਾਲਸਾ ਕਾਲਜ ਐਜੂਕੇਸ਼ਨ ਤੇ ਖਾਲਸਾ ਪਬਲਿਕਸ ਸਕੂਲ ‘ਚ ਦਿਸਿਆ ਮੈਕਸੀਕੋ ਤੇ ਪੰਜਾਬੀ ਕਲਚਰ ਦਾ ਸੁਮੇਲ
ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਮੈਕਸੀਕੋ ਤੋਂ ਆਏ ਕਲਾਕਾਰਾਂ ਨੇ ‘9ਵੇਂ ਖਾਲਸਾ ਕਾਲਜ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ’ ਦੌਰਾਨ ਕਲਾ ਦੇ ਜੌਹਰ ਵਿਖਾਏ।ਇਸ ਰੰਗਾਰੰਗ ਪ੍ਰੋਗਰਾਮ ਦੌਰਾਨ ਮੈਕਸੀਕੋ ਤੋਂ ਐਸਪਿਰਿਟੋ ਮੈਕਸੀਕਨ ਫ਼ੋਕ ਐਨਸੇਮਬਲ ਦੇ ‘ਸਪੀਰਿਟ ਫ਼ੋਕ’ ਡਾਂਸ ਗਰੁੱਪ ਨੇ ਆਪਣੇ ਦੇਸ਼ ਦੇ ਰਵਾਇਤੀ ਗਾਣ ਅਤੇ ਡਾਂਸ ਨਾਲ ਸਰੋਤਿਆਂ ਨੂੰ ਕਾਇਲ ਕੀਤਾ।ਉਕਤ ਵਿਦਿਅਕ ਅਦਾਰਿਆਂ ਦੇ ਵੱਖ-ਵੱਖ ਪ੍ਰੋਗਰਾਮਾਂ ਸਮੇਂ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਵੇਖਣ ਨੂੰ ਮਿਲੀ ਜਦੋਂ ਐਜ਼ੂਕੇਸ਼ਨ ਕਾਲਜ ਅਤੇ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਭੰਗੜਾ, ਗੱਤਕਾ ਅਤੇ ਗਾਇਕੀ ਦੀਆਂ ਪੇਸ਼ਕਾਰੀਆਂ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੀਆਂ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਤੇ ਪੰਜਾਬ ਕਲਚਰਲ ਪ੍ਰੋਮੋਸ਼ਨ ਕਾਊਂਸਿਲ ਵੱਲੋਂ ਸਾਂਝੇ ਤੌਰ ’ਤੇ ਪੇਸ਼ ਕੀਤੇ ਗਏ ਇਸ ਪ੍ਰੋਗਰਾਮ ਦੌਰਾਨ ਮੈਕਸੀਕੋ ਦੀ ਵਿਰਾਸਤ ਦਾ ਇਕ ਸ਼ਾਨਦਾਰ ਨਮੂਨਾ ਪੇਸ਼ ਕਰਦਿਆਂ ਮੈਕਸੀਕਨ ਦੇਸ਼ ਦੇ ਰਵਾਇਤੀ ਲੋਕ ਨਾਚ ਅਤੇ ਗਾਇਕੀ ਨੂੰ ਸੁਨਹਿਰੀ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ।ਦਰਸ਼ਕ ਉਸ ਵੇਲੇ ਝੂਮਣ ਤੋਂ ਬਿਨ੍ਹਾਂ ਨਾ ਰਹਿ ਸਕੇ ਜਦੋਂ ਪੰਜਾਬੀ ਕਲਾ ਦਾ ਸਾਂਝਾ ਨਮੂਨਾ ਉਕਤ ਵਿਦੇਸ਼ੀ ਆਏ ਕਲਾਕਾਰਾਂ ਅਤੇ ਐਜ਼ੂਕੇਸ਼ਨ ਕਾਲਜ ਤੇ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਿਲ ਕੇ ਸਟੇਜ਼ ’ਤੇ ਪੇਸ਼ ਕੀਤਾ।
ਖ਼ਾਲਸਾ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਫੈਸਟੀਵਲ ਦੇ ਪੈਟਰਨ ਰਜਿੰਦਰ ਮੋਹਨ ਸਿੰਘ ਛੀਨਾ ਜੋ ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵੱਖ-ਵੱਖ ਦੇਸ਼ਾਂ ’ਚ ਸਭਿਆਚਾਰਕ ਸਾਂਝ ਦੇ ਹਾਮੀ ਹੁੰਦੇ ਹਨ।ਜਿਸ ਨਾਲ ਸਾਨੂੰ ਇਕ ਦੂਸਰੇ ਦੇ ਵਿਰਸੇ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ।ਉਨ੍ਹਾਂ ਕਿਹਾ ਕਿ ਇਸ ਫੈਸਟੀਵਲ ਦਾ ਮਕਸਦ ਹੀ ਵੱਖ-ਵੱਖ ਸਭਿਆਚਾਰਾਂ ’ਚ ਸਾਂਝੀਵਾਲਤਾ ਨੂੰ ਪੇਸ਼ ਕਰਨਾ ਹੈ।
ਬੀ.ਐਸ.ਐਫ਼ ਦੇ ਡੀ.ਆਈ.ਜੀ ਭੁਪਿੰਦਰ ਸਿੰਘ ਜੋ ਕਿ ਇਸ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਸਨ, ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ’ਚ ਅੰਤਰਰਾਸ਼ਟਰੀ ਸਮਝਦਾਰੀ ਅਤੇ ਭਾਗੇਦਾਰੀ ਨੂੰ ਜਾਣਨ ’ਚ ਸਹਾਈ ਸਿੱਧ ਹੁੰਦੇ ਹਨ।ਉਨ੍ਹਾਂ ਨੇ ਇਸ ਅੰਤਰਰਾਸ਼ਟਰੀ ਮੇਲੇ ਨੂੰ ਆਯੋਜਿਤ ਕਰਨ ਲਈ ਕਾਲਜ ਅਤੇ ਮੈਨੇਜ਼ਮੈਂਟ ਨੂੰ ਵਧਾਈ ਦਿੱਤੀ।ਇਸ ਮੌਕੇ ਵਿਦੇਸ਼ੀ ਕਲਾਕਾਰਾਂ ਲਈ ਇਹ ਪੰਜਾਬੀ ਸੱਭਿਆਚਾਰ ਨਾਲ ਜੁੜੀ ਪੇਸ਼ਕਾਰੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।
ਉਕਤ 15 ਮੈਂਬਰੀ ਵਫ਼ਦ ਕਲਾਕਾਰ ਡਾਂਸਰ/ਮੈਨੇਜ਼ਰ ਆਰਟੂਰੋ ਜੈਵੀਅਰ ਸਲਾਜਰ ਅਲਵਾਰਿਜ਼ ਦੀ ਅਗਵਾਈ ’ਚ ਜਿਸ ’ਚ ਉਨ੍ਹਾਂ ਦੇ ਸਾਥੀ ਅਸਿਸਟੈਂਟ ਮੈਨੇਜ਼ਰ ਐਰਿਕਾ ਆਰਲੈਟੇ ਵਲੇਰੀਓ ਪਟੀਨੋ, ਐਨਾ ਪੈਟੀਰੀਕੀਆ ਮਾਰੀਟੀਨੇਜ਼ ਐਲਾਰਕੋਨ, ਇਟਜ਼ਾ ਅਰੇਲੀ ਗਰਸੀਆ ਮਾਰੀਟੀਨੇਜ਼, ਮਾਰੀਆ ਯੂਗੇਨੀਆ ਕਾਸਟਲੈਨ ਕਿਊਈਰੋਜ਼, ਆਰਟੂਰੋ ਜੈਵੀਅਰ ਸਲਾਜਰ ਮਾਰਟੀਨੇਜ਼, ਯੂਰੀਅਲ ਰੋਡਰੀਗਊਜ਼ ਹਰਨਾਨਡੇਜ਼, ਮਿੱਟਜ਼ੀ ਵਲੇਰੀਆ ਸਿਲਵਾ ਕੌਰਟਸ, ਜੌਸੀਓ ਯੂਨੀਜ਼ਾ ਕੈਡੀਲੋ, ਸੈਲੀਆ ਜੈਜਮੀਨ ਅਰਬਨ ਸਨਚੇਜ਼, ਐਨਟੋਨੀਓ ਅਰਬਨ ਟੋਰੇਸ, ਵਲੇਰੀਓ ਸੋਲੈਨੋ ਹਰਨਾਨਟੇਡਜ਼, ਮਾਰਕੋਸ ਮਿਕਲ ਲਿਓਨਾ ਗਾਲਵੈਨ, ਕਰੀਨਾ ਮੋਨਸੈਰਟ ਅਰਬਨ ਕੈਡੀਨਾ, ਲਿਊਇਸ ਐਨਰੀਕ ਹੈਰੇਰਾ ਕਰੂਸ ਆਦਿ ਮੈਂਬਰ ਸ਼ਾਮਿਲ ਸਨ, ਦਾ ਕਹਿਣਾ ਸੀ ਕਿ ਉਹ ਪੰਜਾਬੀ ਸੱਭਿਆਚਾਰ ਦੀ ਦਿਲਕਸ਼ ਪੇਸ਼ਕਾਰੀ ਨਾਲ ਅੱਜ ਪਹਿਲੀ ਵਾਰ ਰੂ-ਬ-ਰੂ ਹੋਏ ਹਨ ਅਤੇ ਇਸ ਨੂੰ ਵੇਖ ਕੇ ਉਹ ਪੰਜਾਬੀਆਂ ਦੇ ਮਹਾਨ ਸੱਭਿਆਚਾਰ ’ਤੇ ਫ਼ਖਰ ਮਹਿਸੂਸ ਕਰ ਰਹੇ ਹਨ।ਉਕਤ ਵਿਦੇਸ਼ੀ ਕਲਾਕਾਰ ਮੁੰਡੇ-ਕੁੜੀਆਂ ਨੇ ਕਾਲਜ ਦੇ ਵਿਦਿਆਰਥੀਆਂ ਨਾਲ ਭੰਗੜਾ ਪਾ ਕੇ ਚਾਅ ਲਾਇਆ।
ਪੰਜਾਬ ਕਲਚਰਲ ਕੌਂਸਲ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਇਹ ਫੈਸਟੀਵਲ ਸੀਰੀਜ਼ ਦਾ 9ਵਾਂ ਮੇਲਾ ਹੈ।ਡਾ. ਛੀਨਾ ਨੇ ਕਿਹਾ ਕਿ ਇਸ ਅੰਤਰਰਾਸ਼ਟਰੀ ਫ਼ੈਸਟੀਵਲ ਦਾ ਮਕਸਦ ਖ਼ਾਲਸਾ ਕਾਲਜ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਦੀਆਂ ਕੌਮਾਂ ਅਤੇ ਸੱਭਿਆਚਾਰ ਤੱਕ ਪਹੁੰਚਾਉਣਾ ਹੈ ਅਤੇ ਵਿਸ਼ਵ ਸ਼ਾਂਤੀ, ਮਲਟੀ ਕਲਚਰਰਿਜ਼ਮ ਦਾ ਹੋਕਾ ਦੇਣਾ ਹੈ।
ਰਜਿੰਦਰ ਮੋਹਨ ਸਿੰਘ ਛੀਨਾ ਨੇ ਹੈਰੀਟੇਜ਼ ਐਵਾਰਡ 2020 ਜਿਨ੍ਹਾਂ ’ਚ ਉਘੇ ਸੂਫ਼ੀ ਗਾਇਕ ਸ੍ਰੀ ਲਖਵਿੰਦਰ ਵਡਾਲੀ, ਤੇਜਿੰਦਰ ਸਿੰਘ ਖ਼ਾਲਸਾ, ਸਵ: ਇੰਜ਼: ਜਸਵੰਤ ਸਿੰਘ ਗਿੱਲ ਦੇ ਪੁੱਤਰ ਅਤੇ ਐਲੂਮਨੀ ਡਾ. ਸਰਪ੍ਰੀਤ ਸਿੰਘ ਗਿੱਲ, ਗੁਰਿੰਦਰ ਸਿੰਘ ਮਹਿਰੋਕ, ਜਸਦੀਪ ਸਿੰਘ ਪੀ.ਪੀ.ਐਸ, ਪਿ੍ਰੰਸੀਪਲ ਡਾ. ਹਰਪ੍ਰੀਤ ਕੌਰ, ਭਾਈ ਸਿਮਰਨਜੀਤ ਸਿੰਘ ਖ਼ਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਡਾ. ਹਰਜੀਤ ਸਿੰਘ ਗਰੋਵਰ ਅਤੇ ਕੁਲਬੀਰ ਸਿੰਘ ਬਰਾੜ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ।
ਅੰਤ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਕ ਦੂਸਰੇ ਮੁਲਕਾਂ ਦੇ ਵਿਰਸੇ ਨੂੰ ਜਾਣ ਲਈ ਅਜਿਹੇ ਪ੍ਰੋਗਰਾਮਾਂ ਆਯੋਜਨ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਦੇ ਪੱਧਰ ’ਤੇ ਹੋਣਾ ਚਾਹੀਦਾ ਹੈ।ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਏ.ਐਸ ਗਿੱਲ ਨੇ ਆਪਣੇ ਭਾਸ਼ਣ ਦੌਰਾਨ ਜਿਥੇ ਵਿਦੇਸ਼ੀ ਕਲਾਕਾਰਾਂ ਦਾ ਸਵਾਗਤ ਕੀਤਾ ਉਥੇ ਉਨ੍ਹਾਂ ਅਜਿਹੇ ਪ੍ਰੋਗਰਾਮਾਂ ਨੂੰ ਹਰੇਕ ਵਿਦਿਅਕ ਸੰਸਥਾ ਦਾ ਹਿੱਸਾ ਬਣਾਉਣ ’ਤੇ ਜ਼ੋਰ ਦਿੱਤਾ ਤਾਂ ਕਿ ਇਕ ਦੂਸਰੇ ਦੀ ਸਭਿਅਤਾ ਤੇ ਬੋਲੀ ਨੂੰ ਵਿਦਿਆਰਥੀ ਸਮਝ ਸਕਣ। ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਹਰਮਿੰਦਰ ਸਿੰਘ ਫਰੀਡਮ, ਪ੍ਰਿੰਸੀਪਲ ਜਗਦੀਸ਼ ਸਿੰਘ, ਮੈਂਬਰ ਇੰਜ਼: ਪਰਮਜੀਤ ਸਿੰਘ ਬੱਲ, ਪ੍ਰਿੰਸੀਪਲ ਡਾ. ਮਹਿਲ ਸਿੰਘ, ਹਰਪ੍ਰੀਤ ਸਿੰਘ, ਅੰਡਰ ਸੈਕਟਰੀ ਡੀ.ਐਸ ਰਟੌਲ ਤੇ ਸਕੂਲ ਸਟਾਫ਼, ਵਿਦਿਆਰਥੀ ਆਦਿ ਹਾਜ਼ਰ ਸਨ।