Friday, September 20, 2024

ਵਿਟਾਮਿਨ ਡੀ ਦੀ ਘਾਟ ਨਾਲ ਵਧ ਰਹੀਆਂ ਬੀਮਾਰੀਆਂ ਚਿੰਤਾ ਦਾ ਵਿਸ਼ਾ- ਡਾ. ਦਵਿੰਦਰ ਕੇ. ਅਗਰਵਾਲ

ਯੂਨੀਵਰਸਿਟੀ ਵਿਖੇ ਵਿਟਾਮਿਨ ਡੀ ਦੀ ਘਾਟ ਅਤੇ ਦਿਲ ਦੀ ਬਿਮਾਰੀ ਦੇ ਜੋਖਮ ਬਾਰੇ ਲੈਕਚਰ
ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਵੈਸਟਰਨ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਕੈਲੀਫੌਰਨੀਆਂ ਅਮਰੀਕਾ ਤੋਂ ਰੀਸਰਚ ਐਂਡ PPNJ2002202026ਬਾਇਓਟੈਕਨਾਲੋਜੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਾ. ਦਵਿੰਦਰ ਕੇ. ਅਗਰਵਾਲ ਨੇ ਵਿਟਾਮਿਨ ਡੀ ਦੀ ਘਾਟ ਅਤੇ ਦਿਲ ਦੀਆਂ ਬੀਮਾਰੀਆਂ `ਤੇ ਵਿਸ਼ੇਸ ਲੈਕਚਰ ਦਿੰਦਿਆਂ ਕਿਹਾ ਹੈ ਕਿ ਇਸ ਸਮੇਂ ਵਿਟਾਮਿਨ ਦੀ ਘਾਟ ਨਾਲ ਬੀਮਾਰੀਆਂ ਵਿਚ ਲਗਾਤਾਰ ਹੋ ਰਹੇ ਵਾਧੇ ਦਾ ਮੁੱਖ ਕਾਰਨ ਆਮ ਲੋਕਾਂ ਦੇ ਵਿਚ ਵਿਟਾਮਿਨ ਡੀ ਪ੍ਰਤੀ ਜਾਗਰੂਕਤਾ ਦੀ ਘਾਟ ਹੈ।ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਟੀਕਲ ਸਾਇੰਸ ਵਿਭਾਗ ਵੱਲੋਂ `ਵਿਟਾਮਿਨ ਡੀ ਘਾਟ ਅਤੇ ਦਿਲ ਦੀਆਂ ਬੀਮਾਰੀਆਂ` ਵਿਸ਼ੇ `ਤੇ ਕਰਵਾਏ ਅਕਾਦਮਿਕ ਲੈਕਚਰ ਮੌਕੇ ਸੰਬੋਧਨ ਕਰ ਰਹੇ ਸਨ।
            ਇਹ ਸੈਮੀਨਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਵਿਭਾਗ ਵੱਲੋਂ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਡਾ. ਦਵਿੰਦਰ ਅਗਰਵਾਲ ਦਾ ਯੂਨੀਵਰਸਿਟੀ `ਚ ਪੁੱਜਣ `ਤੇ ਨਿੱਘਾ ਸਵਾਗਤ ਕਰਦਿਆਂ ਫਾਰਮਾਸਿਟੀਕਲ ਸਾਇੰਸ ਵਿਭਾਗ ਦੇ ਮੁਖੀ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਡਾ. ਦਵਿੰਦਰ ਅਗਰਵਾਲ ਨੇ ਮਨੁੱਖੀ ਭੋਜਨ ਵਿਚ ਵਿਟਾਮਿਨ ਡੀ ਦੇ ਵੱਖ ਵੱਖ ਪੱਖਾਂ `ਤੇ ਖੋਜ ਕੀਤੀ ਹੈ ਜਿਸ ਨੂੰ ਵੱਡੇ ਪੱਧਰ `ਤੇ ਮਾਨਤਾ ਵੀ ਮਿਲ ਰਹੀ ਹੈ। ਬਾਇਓਕੈਮਿਸਟਰੀ, ਫਿਜ਼ੀਓਲੋਜੀ, ਮੈਟਾਬੋਲਿਜ਼ਮ ਅਤੇ ਫੋਟਿਓਲੋਜੀ ਦੇ ਖੇਤਰ ਵਿਚ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਨੂੰ ਵਿਸਥਾਰ ਵਿਚ ਦੱਸਦਿਆਂ ਆਸ ਪ੍ਰਗਟਾਈ ਕਿ ਵਿਦਿਆਰਥੀ ਅਤੇ ਖੋਜਾਰਥੀ ਉਨ੍ਹਾਂ ਦੇ ਇਸ ਵਿਸ਼ੇਸ਼ ਭਾਸ਼ਣ ਤੋਂ ਲਾਭ ਉਠਾਉਣਗੇ। ਉਨ੍ਹਾਂ ਨੇ ਦੇਸ਼ ਵਿਚ ਵਿਟਾਮਿਨ ਡੀ ਦੀ ਘਾਟ ਨਾਲ ਵੱਧ ਰਹੀਆਂ ਬੀਮਾਰੀਆਂ ਬਾਰੇ ਦੱਸਦਿਆਂ ਕਿਹਾ ਕਿ ਇਸ ਸਮੇਂ ਆਮ ਅਬਾਦੀ ਵਿਚ ਆਕੜਾਂ 70 ਤੋਂ 100 ਫੀਸਦ ਵਿਚਕਾਰ ਹੈ ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ।
            ਉਨ੍ਹਾਂ ਨੇ ਵਿਟਾਮਿਨ ਡੀ ਦੇ ਸਰੋਤਾਂ ਤੋਂ ਜਿਥੇ ਜਾਣੂ ਕਰਵਾਇਆ ਉਥੇ ਵਿਟਾਮਿਨ ਡੀ ਦੀ ਘਾਟ ਨਾਲ ਹੋਣ ਵਾਲੀਆਂ ਬੀਮਾਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਦੇਸ਼ ਵਿਚ ਵਿਟਾਮਿਨ ਡੀ ਪ੍ਰਤੀ ਆਮ ਲੋਕਾਂ ਵਿਚ ਜਾਗਰੂਕਤਾ ਵਧਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਕਰਵਾਏ ਇਸ ਅਕਾਦਮਿਕ ਲੈਕਚਰ ਦਾ ਮੁੱਖ ਮਕਸਦ ਵੀ ਬੱਚਿਆਂ, ਨੌਜੁਆਨਾਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਵਿਚ ਵਿਟਾਮਿਨ ਡੀ ਦੀ ਘਾਟ ਸਬੰਧੀ ਪੈਦਾ ਹੋ ਰਹੀਆਂ ਬੀਮਾਰੀਆਂ ਦੀ ਨਿਸ਼ਾਨਦੇਹੀ ਕਰਨਾ ਹੈ ਅਤੇ ਉਸ ਦੇ ਹੱਲ ਲਈ ਹੁਣ ਤਕ ਹੋਈਆਂ ਖੋਜਾਂ ਦੇ ਆਧਾਰ `ਤੇ ਉਪਰਾਲੇ ਕਰਨੇ ਹਨ।
ਡਾ. ਦਵਿੰਦਰ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਵਿਟਾਮਿਨ ਡੀ ਦਾ ਸਭ ਤੋਂ ਪ੍ਰਚਲਿਤ ਸਰੋਤ ਸੂਰਜ ਦੀਆਂ ਕਿਰਨਾਂ ਹਨ ਜੋ ਸਰੀਰ ਵਿਚ ਕੈਲਸ਼ੀਅਮ ਨੂੰ ਜਜ਼ਬ ਕਰਨ ਵਿਚ ਮੁੱਖ ਰੋਲ ਅਦਾ ਕਰਦਾ ਹੈ। ਭਾਰਤੀ ਭੂਗੋਲਿਕ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਨੇ ਵੱਖ ਵੱਖ ਤਰੀਕਿਆਂ ਦੇ ਨਾਲ ਕੁਦਰਤੀ ਸਰੋਤਾਂ ਤੋਂ ਕਿਵੇਂ ਵਿਟਾਮਿਨ ਡੀ ਲਿਆ ਜਾ ਸਕਦਾ ਹੈ, ਨੂੰ ਵਿਸਥਾਰ ਦੇ ਨਾਲ ਸਮਝਾਇਆ।
           ਉਨ੍ਹਾਂ ਕਿਹਾ ਕਿ ਹੱਡੀਆਂ ਵਿਚ ਕੈਲਸ਼ੀਅਮ ਦੀ ਘਾਟ ਹੋ ਜਾਣ ਕਰਕੇ ਹੱਡੀਆਂ ਸਬੰਧੀ ਬੀਮਾਰੀਆਂ ਵਿਚ ਵਾਧਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੱਡੀਆਂ ਦੇ ਕਮਜ਼ੋਰ ਦਾ ਅਸਰ ਸਾਰੇ ਸਰੀਰ `ਤੇ ਪੈਂਦਾ ਹੈ। ਇਸ ਲਈ ਹੋਰ ਵਿਟਾਮਿਨਾਂ ਦੇ ਨਾਲ ਨਾਲ ਵਿਟਾਮਿਨ ਡੀ ਦੀ ਵੀ ਸੰਤੁਲਿਤ ਮਾਤਰਾ ਦੇ ਨਾਲ ਸਰੀਰ ਨੂੰ ਮਜਬੂਤ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਟਾਮਿਨ ਡੀ ਦੇ ਕੁਦਰਤੀ ਸਰੋਤਾਂ ਦੇ ਨਾਲ ਨਾਲ ਸਾਨੂੰ ਹੋਰ ਵੀ ਸਰੋਤਾਂ ਤੋਂ ਵਿਟਾਮਿਨ ਡੀ ਲੈਣਾ ਚਾਹੀਦਾ ਹੈ।
            ਉਨ੍ਹਾਂ ਨੇ ਵਿਟਾਮਿਨ ਡੀ ਦੀ ਘਾਟ ਦਾ ਮੁੱਖ ਕਾਰਨ ਚਮੜੀ ਤਕ ਸਹੀ ਤਰੀਕੇ ਨਾਲ ਸੂਰਜੀ ਕਿਰਨਾ ਨਾ ਪਹੁੰਚਣ ਨੂੰ ਦੱਸਦਿਆਂ ਕਿਹਾ ਕਿ ਖੁਰਾਕ ਵਿਚ ਹੋਰ ਉਤਪਾਦਾਂ ਦੇ ਨਾਲ ਨਾਲ ਦੁੱਧ ਮੱਛੀ ਅਤੇ ਆਂਡੇ ਦੀ ਵਰਤੋਂ ਵੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਟਾਮਿਨ ਡੀ ਦੀ ਘਾਟ ਨਾਲ ਸਰੀਰ ਦੀ ਸਥਿਤੀ ਵਿਗੜਨੀ ਸ਼ੁਰੂ ਹੋ ਜਾਵੇ ਤਾਂ ਮਰੀਜ਼ ਨੂੰ ਤੁਰੰਤ ਸੰਭਲਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਸਮੇਂ ਉਨ੍ਹਾਂ ਨੇ ਵਿਟਾਮਿਨ ਡੀ ਦੀ ਬਾਇਓਕੈਮਿਸਟਰੀ, ਫਿਜ਼ੀਓਲੋਜੀ, ਮੈਟਾਬੋਲਿਜ਼ਮ ਅਤੇ ਫੋਟਿਓਲੋਜੀ `ਤੇ ਵਿਸਥਾਰਤ ਚਰਚਾ ਕੀਤੀ ਅਤੇ ਵਿਦਿਆਰਥੀਆਂ ਦੇ ਸੁਆਲਾਂ ਦੇ ਜੁਆਬ ਦਿੱਤੇ। ਸੈਸ਼ਨ ਦੇ ਅਖੀਰ ਵਿਚ ਡਾ. ਬਲਬੀਰ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਕਰਵਾਏ ਗਏ ਇਸ ਅਕਾਦਮਿਕ ਲੈਕਚਰ ਦਾ ਖੋਜਾਰਥੀਆਂ ਤੋਂ ਇਲਾਵਾ ਆਮ ਵਿਦਿਆਰਥੀਆਂ ਨੂੰ ਕਾਫੀ ਲਾਭ ਪੁੱਜੇਗਾ। ਉਨ੍ਹਾਂ ਡਾ. ਦਵਿੰਦਰ ਕੇ. ਅਗਰਵਾਲ ਦੇ ਲੈਕਚਰ ਨੂੰ ਲਾਭਦਾਇਕ ਦਸਦਿਆਂ ਕਿਹਾ ਕਿ ਭਵਿੱਖ ਵਿਚ ਵੀ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਤਾਂ ਜੋ ਵਿਟਾਮਿਨ ਡੀ ਘਾਟ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਿਆ ਜਾ ਸਕੇ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …