ਸੰਵਾਦ, ਸੈਮੀਨਾਰ, ਵਿਚਾਰ-ਚਰਚਾ, ਨਾਟਕ, ਸੰਗੀਤ, ਕਾਵਿ ‘ਤੇ ਰਹੇਗਾ ਕੇਂਦਰਿਤ
ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਪੰਜਵਾਂ ‘ਅੰਮਿਤਸਰ ਸਾਹਿਤ ਉਤਸਵ’ ਅੱਜ ਖਾਲਸਾ ਕਾਲਜ ਵੁਮੈਨ ਦੇ ਵਿਹੜੇ ਵਿਚ ਸ਼ੁਰੂ ਹੋਵੇਗਾ।ਖੋਜ ਸੰਸਥਾ ਨਾਦ ਪ੍ਰਗਾਸੁ ਵਲੋਂ 25, 26 ਤੇ 27 ਫਰਵਰੀ ਨੂੰ ਕਰਵਾਏ ਜਾ ਰਹੇ ਇਸ ਉਤਸਵ ‘ਚ ਪੰਜਾਬ, ਦਿੱਲੀ, ਜੰਮੂ ਕਸ਼ਮੀਰ ਤੋਂ ਇਲਾਵਾ ਭਾਰਤ ਦੇ ਹੋਰਨਾਂ ਰਾਜਾਂ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਅਕਾਦਮਿਕ-ਖੋਜ ਸੰਸਥਾਵਾਂ ਦੇ ਖੋਜਾਰਥੀ, ਵਿਦਿਆਰਥੀ ਅਤੇ ਉਘੀਆਂ ਸਖਸ਼ੀਅਤਾਂ ਤੋਂ ਇਲਾਵਾ ਪ੍ਰਸਿੱਧ ਵਿਦਵਾਨ ਭਾਗ ਲੈਣਗੇ।ਇਨ੍ਹਾਂ ਸਮਾਗਮਾਂ ਦਾ ਪ੍ਰਮੁੱਖ ਉਦੇਸ਼ ਅਕਾਦਮਿਕ ਅਤੇ ਵਿਦਿਅਕ ਸੰਸਥਾਵਾਂ ਦੇ ਖੋਜਾਰਥੀਆਂ-ਵਿਦਿਆਰਥੀਆਂ ਨੂੰ ਸੰਬੰਧਿਤ ਖੇਤਰਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨਾਲ ਰੂਬਰੂ ਕਰਨਾ ਹੈ, ਜਿਸ ਰਾਹੀਂ ਉਨਾਂ੍ਹ ਦੇ ਹੁਨਰ ਅਤੇ ਸਮਰੱਥਾ ਨੂੰ ਵਿਕਸਤ ਹੋਣ ਲਈ ਯੋਗ ਮਾਹੌਲ ਮਿਲ ਸਕੇ।
ਸੰਸਥਾ ਦੇ ਸਕੱਤਰ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਸਾਹਿਤ ਉਤਸਵ ਮੁੱਖ ਰੂਪ ਵਿੱਚ ਸੈਮੀਨਾਰ, ਸੰਵਾਦ, ਵਿਚਾਰ ਚਰਚਾ, ਨਾਟਕ ਪੇਸ਼ਕਾਰੀ ਅਤੇ ਕਵੀ ਦਰਬਾਰ ਆਦਿ ਉਪਰ ਕੇਂਦਰਿਤ ਰਹੇਗਾ ਅਤੇ ਇਸ ਤੋਂ ਇਲਾਵਾ ਬਸੰਤ ਰੁੱਤ ਦੇ ਸਵਾਗਤ ਵਿੱਚ ਵਿਸ਼ੇਸ਼ ਤੌਰ ‘ਤੇ ਬਸੰਤ ਰਾਗ ਵਾਦਨ ਅਤੇ ਗਾਇਨ ਵੀ ਕੀਤਾ ਜਾਵੇਗਾ।ਇਸ ਤੋਂ ਇਲਾਵਾ ਵਿਦਿਆਰਥੀਆਂ ਅੰਦਰ ਕੋਮਲ ਕਲਾਵਾਂ ਪ੍ਰਤੀ ਆਕਰਸ਼ਣ ਪੈਦਾ ਕਰਨ ਲਈ ਲੱਕੜ ਕਾਰੀਗਰੀ, ਰਵਾਇਤੀ ਸਾਜ਼, ਅੱਖਰਕਾਰੀ, ਚਿਤਰਕਲਾ, ਫੋਟੋਗ੍ਰਾਫੀ ਤੋਂ ਇਲਾਵਾ ਸਾਹਿਤ ਚਿੰਤਨ ਨਾਲ ਸੰਬੰਧਿਤ ਪੁਸਤਕ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।ਉਨਾਂ੍ਹ ਦੱਸਿਆ ਕਿ ਇਸ ਉਤਸਵ ਦਾ ਆਯੋਜਨ ਖਾਲਸਾ ਕਾਲਜ ਫਾਰ ਵਿਮਨ ਤੋਂ ਇਲਾਵਾ ਪੰਜਾਬੀ ਅਕਾਦਮੀ ਦਿੱਲੀ, ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਚੰਡੀਗੜ੍ਹ ਯੁਨਾਈਟੇਡ ਅੇਸੋਸੀਏਸ਼ਨ ਦੇ ਵਿਸ਼ੇਸ਼ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ।
11ਵੇਂ ਸਾਲਾਨਾ ਕਵੀ ਦਰਬਾਰ ‘ਚੜ੍ਹਿਆ ਬਸੰਤ’ ਦਾ ਆਗਾਜ਼ ਬਸੰਤ ਰਾਗ ਵਾਦਨ ਅਤੇ ਗਾਇਨ ਨਾਲ ਹੋਵੇਗਾ ਜਿਸ ਵਿਚ ਬੋਦਲਾਂ ਘਰਾਣੇ ਤੋਂ ਭਾਈ ਅਵਤਾਰ ਸਿੰਘ ਅਤੇ ਪ੍ਰੋ. ਸੁਖਵਿੰਦਰ ਸਿੰਘ ਪੇਸ਼ਕਾਰੀ ਦੇਣਗੇ।ਚੜ੍ਹਿਆ ਬਸੰਤ ਦਾ ਉਦਘਾਟਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿੱਲੋਂ ਕਰਨਗੇ, ਜਦੋਂਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ, ਅੰਮ੍ਰਿਤਸਰ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਸ਼ਮ੍ਹਾਂ ਰੌਸ਼ਨਗੇ। ਚੜ੍ਹਿਆ ਬਸੰਤ ਦੀ ਪਧਾਨਗੀ ਪਦਮਸ਼੍ਰੀ ਸੁਰਜੀਤ ਪਾਤਰ ਕਰਨਗੇ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਜਸਪਾਲ ਕੌਰ ਕਾਂਗ ਮੁੱਖ ਮਹਿਮਾਨ ਹੋਣਗੇ।ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਡੀਨ ਅਕਾਦਮਿਕ ਡਾ. ਸਰਬਜੋਤ ਸਿੰਘ ਬਹਿਲ ਅਤੇ ਪੰਜਾਬੀ ਅਕਾਦਮੀ, ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਇਸ ਮੌਕੇ ਵਿਸ਼ੇਸ਼ ਮਹਿਮਾਨ ਹੋਣਗੇ।‘ਚੜ੍ਹਿਆ ਬਸੰਤ ਕਵੀ ਦਰਬਾਰ’ ਵਿੱਚ ਪੰਜਾਬੀ ਤੋਂ ਇਲਾਵਾ ਪੁਣਛੀ, ਗੋਜਰੀ, ਪਹਾੜੀ ਅਤੇ ਡੋਗਰੀ ਆਦਿ ਦੇ ਪ੍ਰਸਿੱਧ ਕਵੀ ਭਾਗ ਲੈ ਰਹੇ ਹਨ।ਹਰ ਸਾਲ ਦਿੱਤਾ ਜਾਣਾ ਵਾਲਾ ਨਾਦ ਪ੍ਰਗਾਸੁ ਸ਼ਬਦ ਸਨਮਾਨ ਇਸ ਵਾਰ ਜਪਾਨ ਤੋਂ ਪ੍ਰਸਿੱਧ ਕਵੀ ਪਰਮਿੰਦਰ ਸੋਢੀ ਨੂੰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸ਼ਿਰਕਤ ਕਰ ਰਹੇ ਕਵੀਆਂ ਵਿਚ ਪ੍ਰਕਾਸ਼ ਪ੍ਰਭਾਕਰ, ਮਨਜੀਤ ਇੰਦਰਾ, ਮਨਮੋਹਨ, ਵਿਜੇ ਵਿਵੇਕ, ਸੁਖਵਿੰਦਰ ਅੰਮ੍ਰਿਤ, ਭੁਪਿੰਦਰਪ੍ਰੀਤ, ਸਵਾਮੀ ਅੰਤਰਨੀਰਵ (ਪਹਾੜੀ), ਮੁਕੇਸ਼ ਆਲਮ, ਸੁਰਜੀਤ ਜੱਜ, ਨੀਤੂ ਅਰੋੜਾ, ਐਜਾਜ਼ ਅਹਿਮਦ ਸੈਫ਼ (ਗੋਜਰੀ), ਅਮਰਜੀਤ ਕੌਰ ਹਿਰਦੇ, ਸੁਰਜੀਤ ਹੋਸ਼ ਬਡਸਾਲੀ (ਡੋਗਰੀ), ਸਲੀਮ ਤਾਬਿਸ਼ (ਪੋਠੋਹਾਰੀ), ਅਨੂ ਬਾਲਾ ਸ਼ਾਮਿਲ ਹਨ।ਇਸ ਦਰਬਾਰ ਦਾ ਸੰਚਾਲਨ ਡਾ. ਅਮਰਜੀਤ ਸਿੰਘ ਅਤੇ ਹਰਕਮਲਪ੍ਰੀਤ ਸਿੰਘ ਕਰਨਗੇ।ਪ੍ਰਬੰਧਕਾਂ ਨੇ ਇਸ ਮੌਕੇ ਖੋਜਾਰਥੀਆਂ, ਵਿਦਿਆਰਥੀਆਂ ਅਤੇ ਸ਼ਹਿਰ ਨਿਵਾਸੀਆਂ ਨੂੰ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।