ਲੌਂਗੋਵਾਲ, 29 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਿਰਤੀ ਕਿਸਾਨ ਯੂਨੀਅਨ ਨੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪਿੰਡ ਸਾਹੋਕੇ ਅਤੇ ਰੱਤੋਕੇ ਵਿਖੇ ਰੈਲੀਆਂ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਅਤੇ ਇਨ੍ਹਾਂ ਕਾਨੂੰਨਾਂ ਦੇ ਵਿਰੁੱਧ 25 ਮਾਰਚ ਨੂੰ ਲੁਧਿਆਣੇ ਹੋ ਰਹੀ ਵਿਸ਼ਾਲ ਰੈਲੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ ।
ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜਿ਼ਲ੍ਹਾ ਆਗੂ ਭਜਨ ਸਿੰਘ ਢੱਡਰੀਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਅਤੇ ਆਰ.ਐਸ.ਐਸ ਦੀ ਸਰਕਾਰ ਦੇਸ਼ ਨੂੰ ਫਿਰਕੂ ਅੱਗ ਵਿੱਚ ਝੋਕ ਕੇ ਦੇਸ਼ ਅੰਦਰ ਘੱਟ ਗਿਣਤੀਆਂ ਦਾ ਕਤਲੇਆਮ ਕਰਵਾਉਣ ਵਾਲੇ ਰਾਹ ਪਈ ਹੋਈ ਹੈ ਜਿਸ ਨਾਲ ਪੂਰੇ ਦੇਸ਼ ਅੰਦਰ ਘੱਟ ਗਿਣਤੀਆਂ ਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।ਪਿਛਲੇ ਦਿਨਾਂ ਤੋਂ ਦਿੱਲੀ ਵਿੱਚ ਗਿਣ ਮਿਥ ਕੇ ਆਰ.ਐਸ.ਐਸ ਦੇ ਗੁੰਡਾ ਗਰੋਹਾਂ ਵਲੋਂ ਮੁਸਲਮਾਨ ਭਾਈਚਾਰੇ ਦੀਆਂ ਦੁਕਾਨਾਂ ਅਤੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਭੀੜ ਵਲੋਂ ਘੱਟਗਿਣਤੀ ਭਾਈਚਾਰੇ ਦੇ ਵਿਅਕਤੀਆਂ ਨੂੰ ਘਰਾਂ ਅੰਦਰ ਵੜ ਕੇ ਕੁੱਟਮਾਰ ਕਰਕੇ ਕਤਲੇਆਮ ਮਚਾਇਆ ਜਾ ਰਿਹਾ ਹੈ।ਇਨ੍ਹਾਂ ਗੁੰਡਾ ਗਰੋਹਾਂ ਨੂੰ ਭਾਜਪਾ ਹਕੂਮਤ ਦੀ ਸ਼ਹਿ ਹੈ ਇਸੇ ਕਰਕੇ ਪੁਲਿਸ ਵੀ ਮੂਕ ਦਰਸ਼ਕ ਬਣੀ ਰਹੀ ਹੈ ਅਤੇ ਦੰਗਾ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।ਉਲਟਾ ਕਪਿਲ ਮਿਸ਼ਰਾ ਤੇ ਅਨੁਰਾਗ ਵਰਮਾ ਵਰਗੇ ਭੜਕਾਊ ਭਾਸ਼ਨ ਦੇਣ ਵਾਲੇ ਭਾਜਪਾ ਲੀਡਰਾਂ ਤੇ ਦਿੱਲੀ ਪੁਲਿਸ ਨੂੰ ਫਟਕਾਰ ਪਾਉਣ ਵਾਲੇ ਦਿੱਲੀ ਹਾਈਕੋਰਟ ਦੇ ਜੱਜ ਦਾ ਰਾਤੋਂ ਰਾਤ ਕੇਂਦਰ ਸਰਕਾਰ ਨੇ ਤਬਾਦਲਾ ਕਰ ਦਿੱਤਾ।ਆਗੂਆਂ ਨੇ ਅਪ੍ਰੈਲ ਤੋਂ ਭਾਰਤ ਵਿੱਚ ਸ਼ੁਰੂ ਕੀਤੀ ਜਾ ਰਹੀ ਜਨਗਣਨਾ ਦਾ ਬਾਈਕਾਟ ਕਰਨ ਲਈ ਪਿੰਡਾਂ ਵਿਚ ਬਾਈਕਾਟ ਕਮੇਟੀ ਬਣਾਉਣ ਦਾ ਸੱਦਾ ਦਿੱਤਾ ਅਤੇ ਇਨ੍ਹਾਂ ਕਾਨੂੰਨਾਂ ਅਤੇ ਦਿੱਲੀ ਚ ਹੋਏ ਕਤਲੇਆਮ ਖਿਲਾਫ 25 ਮਾਰਚ ਨੂੰ ਲੁਧਿਆਣਾ ਦਾਣਾ ਮੰਡੀ ਵਿੱਚ ਹੋ ਰਹੀ ਪੰਜਾਬ ਪੱਧਰੀ ਵੱਡੀ ਰੈਲੀ ਵਿੱਚ ਵੀ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ।
ਰੈਲੀ ਨੂੰ ਜਸਵੀਰ ਸਿੰਘ, ਅਵਤਾਰ ਸਿੰਘ, ਗੁਰਦਿਆਲ ਸਿੰਘ, ਸੁੱਖਾ ਸਿੰਘ ਸਾਹੋਕੇ, ਬਲਿਹਾਰ ਸਿੰਘ, ਅੰਗਰੇਜ਼ ਸਿੰਘ, ਸਰਜਾ ਸਿੰਘ, ਭਜਨ ਸਿੰਘ ਤੇ ਦਿਲਦਾਰ ਸਿੰਘ ਰੱਤੋਕੇ, ਹਰਦੇਵ ਸਿੰਘ ਦੁੱਲਟ ਅਤੇ ਬਲਵਿੰਦਰ ਸਿੰਘ ਜੱਗੀ ਨੇ ਵੀ ਸੰਬੋਧਨ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …