ਅਖਬਾਰਾਂ ਦੀਆਂ ਸੁਰਖੀਆਂ ਪੜ੍ਹਦਿਆਂ ਅਕਸਰ ਅੱਖਾਂ ਸਾਹਮਣੇ ਜੁਰਮ ਦੇ ਖੇਤਰ ਨਾਲ ਜੁੜੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਨੇ।ਲਗਭਗ ਵਿਕਸਿਤ ਹੋ ਚੁੱਕੇ ਇੱਕ ਭਰੂਣ ਦੀ ਅੱਜ ਤਸਵੀਰ ਅਖ਼ਬਾਰ ‘ਚ ਦੇਖੀ, ਜਿਸ ਨੂੰ ਕੋਈ ਲਿਫ਼ਾਫ਼ੇ ਵਿੱਚ ਪਾ ਕੇ ਕਿਸੇ ਦੇ ਘਰ ਵਾਸ਼ਿੰਗ ਮਸ਼ੀਨ ਵਿੱਚ ਸੁੱਟ ਗਿਆ ਸੀ।ਖੌਰੇ ਜਦ ਸੁੱਟਿਆ ਹੋਵੇ ਉਦੋਂ ਜਿਊਂਦਾ ਹੋਵੇ, ਪਰ ਜਦੋਂ ਘਰਦਿਆਂ ਕੱਢਿਆ ਤਾਂ ਮਰਿਆ ਹੋਇਆ ਸੀ।ਭਰੂਣ ਮੁੰਡੇ ਦਾ ਸੀ, ਜਾਣ ਕੇ ਇਹ ਭਰਮ ਵੀ ਟੁੱਟ ਗਿਆ ਕਿ ਸਮਾਜ ਸਿਰਫ਼ ਲੜਕੀਆਂ ਦਾ ਹੀ ਦੁਸ਼ਮਣ ਹੈ।ਅਕਸਰ ਉਲਾਰੂ ਸੋਚ ਕਰਕੇ ਅਸੀਂ ਹਰ ਘਟਨਾ ਦਾ ਦੋਸ਼ ਕਿਸੇ ਇੱਕ ਸੋਚ ਜਾਂ ਇੱਕ ਵਿਅਕਤੀ ‘ਤੇ ਮੜ੍ਹ ਕੇ ਆਪਣੇ ਆਪ ਨੂੰ ਉਸ ਤੋਂ ਬਰੀ ਕਰ ਲੈਂਦੇ ਹਾਂ।ਹਰ ਜੁਰਮ ਦੀ ਤਰ੍ਹਾਂ ਹੋ ਸਕਦਾ, ਇਸ ਘਟਨਾ ਦਾ ਭੌਤਿਕ ਦੋਸ਼ੀ ਫੜ ਲਿਆ ਜਾਵੇ ਅਤੇ ਉਸ ਨੂੰ 10-15 ਸਾਲ ਦੀ ਕੈਦ ਵੀ ਹੋ ਜਾਵੇ, ਪਰ ਅਸਲੀ ਦੋਸ਼ੀ ਤਾਂ ਕਦੇ ਸਾਡੇ ਚੇਤੇ ਵਿੱਚ ਵੀ ਨਹੀਂ ਆਉਂਦੇ ਅਤੇ ਨਾ ਹੀ ਉਨ੍ਹਾਂ ਨੂੰ ਕਾਨੂੰਨ ਦੇ ਦਾਇਰੇ ਰਾਹੀਂ ਕਦੇ ਦੋਸ਼ੀ ਸਾਬਤ ਕੀਤਾ ਜਾ ਸਕਦਾ ਹੈ।
ਇਨ੍ਹਾਂ ਘਟਨਾਵਾਂ ਦੇ ਪਿੱਛੇ ਅਸਲੀ ਦੋਸ਼ੀ ਉਹ “ਤੰਗ ਸੋਚ” ਹੈ ਜੋ ਅਖੌਤੀ ਧਰਮਾਂ, ਰਾਜਨੀਤਿਕ ਪ੍ਰਾਪੇਗੰਡੇ ਅਤੇ ਸਮਾਜਿਕ ਅਖੌਤੀ ਲੱਜਾ ਦੇ ਰਾਹੀਂ ਸਮਾਜ ਦੀ ਬਹੁ-ਗਿਣਤੀ ਦੇ ਦਿਮਾਗਾਂ ਅੰਦਰ ਜਗ੍ਹਾ ਮੱਲ ਕੇ ਬੈਠੀ ਹੋਈ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰੀ ਜਾ ਰਹੀ ਹੈ।ਮੰਨ ਲਿਆ ਜਾਵੇ ਕਿ ਇਹ ਬੱਚਾ ਨਾਜਾਇਜ਼ ਸਬੰਧਾਂ ਕਾਰਨ ਹੀ ਜੰਮਿਆ ਹੋਵੇ, ਪਰ ਕਿਸੇ ਵੀ ਕਾਨੂੰਨ ਜਾਂ ਸਹੀ ਧਰਮ ਅੰਦਰ ਇਸ ਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ।ਪਰ ਕੀ ਇਸ ਦੀ ਜਨਨੀ ਨੂੰ ਸਮਾਜ ਜਾਂ ਅਖੌਤੀ ਧਰਮ ਸਵੀਕਾਰ ਕਰਦੇ ???
ਕਿਸੇ ਵੀ ਸ਼ਰਤ ‘ਤੇ ਇਸ ਦੇ ਪਿਤਾ ਨੂੰ ਸਮਾਜ ਕੋਈ ਇੱਜ਼ਤ ਨਾਲ ਜੀਣ ਦਾ ਮੌਕਾ ਦੇ ਸਕਦਾ ਸੀ??? ਕੀ ਇਸ ਨੂੰ ਸਮਾਜ ਦੇ ਤਾਅਨੇ ਸੁਣ ਸੁਣ ਕੇ ਜਿਉਣ ਲਈ ਮਜਬੂਰ ਨਹੀਂ ਹੋਣਾ ਪੈਣਾ ਸੀ ???
ਜਦੋਂ ਇਹ ਗੱਲਾਂ ਇਸ ਨੂੰ ਜਨਮ ਦੇਣ ਵਾਲੀ ਦੇ ਦਿਮਾਗ ਵਿੱਚ ਘੁੰਮਣੀਆਂ ਸ਼ੁਰੂ ਹੋਈਆਂ ਹੋਣਗੀਆਂ ਤਾਂ ਉਸ ਨੇ ਸਮਾਜ ਦੀ ਇਸ `ਕਾਤਲ ਸੋਚ` ਨੂੰ ਆਪਣੇ ਰਾਹੀਂ ਅੰਤਿਮ ਜਾਮਾ ਪਹਿਨਾਉਣਾ ਹੀ ਠੀਕ ਸਮਝਿਆ ਹੋਣਾ।ਬੇਕਸੂਰ ਛੋਟੀ ਜਿੰਦੜੀ ਨੂੰ ਕਤਲ ਕਰਨ ਤੋਂ ਬਾਅਦ ਕਿਸੇ ਰੂੜੀ ਜਾਂ ਨਹਿਰ `ਚ ਸੁੱਟ ਕੇ ਇਸ ਕਤਲ ਤੋਂ ਸੁਰਖਰੂ ਹੋਣ ਲਈ ਸ਼ਾਇਦ ਉਸ ਨੂੰ ਕੋਈ ਹੋਰ ਰਾਹ ਵੀ ਨਾ ਲੱਭਾ ਹੋਵੇ?? ਉੱਪਰੋਂ ਜਦ ਇਹ ਖ਼ਬਰ ਸਮਾਜ ਵਿੱਚ ਫੈਲੀ ਤਾਂ ਸਮਾਜ ਦੀ ਉਹ ਬਹੁਗਿਣਤੀ ਜੋ ਝੂਠੀ ਅਣਖ ਅਤੇ ਇੱਜ਼ਤ ਦੇ ਦਾਇਰੇ ਵਿੱਚ ਰਹਿਣ ਕਰਕੇ ਜਾਂ ਧਰਮ ਦੀ ਆੜ ਹੇਠ ਪ੍ਰੇਮ-ਵਿਆਹ, ਵਿਅਕਤੀਗਤ ਖੁੱਲ੍ਹ ਦਾ ਗਲਾ ਘੁੱਟਣ ਲਈ ਹਮੇਸ਼ਾਂ ਤਤਪਰ ਰਹਿੰਦੀ ਹੈ।ਉਹ ਬਹੁ-ਗਿਣਤੀ ਵੀ ਇਸ ਭਰੂਣ ਨਾਲ ਝੂਠੀ ਹਮਦਰਦੀ ਜਤਾਉਂਦੀ ਨਜ਼ਰ ਆਉਂਦੀ ਹੈ।ਅਸਲ ਵਿੱਚ ਇਹ `ਦੋਗਲੀ ਸੋਚ` ਹੀ ਇਸ ਭਰੂਣ ਦੀ ਹੱਤਿਆ ਲਈ ਅਸਿੱਧੇ ਤੌਰ ‘ਤੇ ਜਿੰਮੇਵਾਰ ਹੈ।
ਲੋੜ ਹੈ ਇਸ “ਬਿਮਾਰ ਸੋਚ” ਨੂੰ ਪਹਿਚਾਨਣ ਦੀ ਅਤੇ ਇਸ ਦਾ ਇਲਾਜ ਕਰਨ ਦੀ ਨਹੀਂ ਤਾਂ ਹੱਤਿਆਵਾਂ ਦਾ ਸਿਲਸਿਲਾ ਲੜੀਵਾਰ ਏਦਾਂ ਹੀ ਚੱਲਦਾ ਰਹਿਣਾ, ਬੁੱਧੀਜੀਵੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੇਲੋੜੇ ਮੁੱਦਿਆਂ ਵਿੱਚ ਇੱਕ ਦੂਜੇ ਨਾਲ ਖਹਿਣ ਦੀ ਜਗ੍ਹਾ ਸਮਾਜ ਦੀ ਭਲਾਈ ਅਤੇ ਸਮਾਜਿਕ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਟੀ.ਵੀ ਚੈਨਲਾਂ ‘ਤੇ ਡਿਬੇਟ ਕਰਨ ਨਾ ਕਿ ਵੇਲਾ ਵਿਹਾਅ ਚੁੱਕੀਆਂ ਗੱਲਾਂ ਨੂੰ ਟੇਢੇ ਮੇਢੇ ਢੰਗਾਂ ਰਾਹੀਂ ਸਮਾਜ ਦੇ ਉਪਰ ਥੋਪਣ ਲਈ ਆਪਣੀ ਵਿਦਵਤਾ ਦੀ ਪੇਸ਼ਕਾਰੀ ਕਰਨ।
ਮਨਪ੍ਰੀਤ ਸਿੰਘ