ਕੈਪਟਨ ਸਰਕਾਰ ਝੂਠੇ ਵਾਅਦੇ ਕਰਨ ਦੀ ਬਜ਼ਾਏ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰੇ – ਢੀਂਡਸਾ
ਧੂਰੀ, 3 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕੋਰੋਨਾ ਮਹਾਂਮਾਰੀ ਦੌਰਾਨ ਅੱਜ ਅਨਾਜ ਮੰਡੀ
ਧੂਰੀ ਵਿਖੇ ਪਹੁੰਚ ਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਗਈਆਂ।ਪਰਮਿੰਦਰ ਢੀਂਡਸਾ ਨੂੰ ਆੜ੍ਹਤੀਆਂ ਦੇ ਆਗੂ ਜਤਿੰਦਰ ਸਿੰਘ ਮੰਡੇਰ ਨੇ ਦੱਸਿਆ ਕਿ ਅਨਾਜ ਮੰਡੀ ਅੰਦਰ ਕਣਕ ਦੀ ਭਰਾਈ ਲਈ ਬਾਰਦਾਨੇ ਦੀ ਘਾਟ ਹੈ ਅਤੇ ਮੰਡੀਆਂ ਵਿੱਚ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ ਲਿਫਟਿੰਗ ਦਾ ਇੰਤਜ਼ਾਰ ਕਰ ਰਹੇ ਹਨ ਜਿਸ ਕਾਰਨ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
ਕੈਪਟਨ ਸਰਕਾਰ ‘ਤੇ ਵਰਦਿਆਂ ਢੀਂਡਸਾ ਨੇ ਕਿਹਾ ਕਿ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਅਤੇ ਸੁਰੱਖਿਆ ਪ੍ਰਬੰਧਾਂ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ।ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਕਣਕ ਦੇ ਸੀਜ਼ਨ ਦਾ ਸਮਾਂ ਵਧਾਏ ਜਾਣ ਦੇ ਬਾਵਜੂਦ ਵੀ ਸਰਕਾਰ ਪੁਖਤਾ ਪ੍ਰਬੰਧ ਨਹੀਂ ਕਰ ਸਕੀ ਅਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ‘ਤੇ ਮਾਲੀ ਮਦਦ ਨਾ ਭੇਜੇ ਜਾਣ ਬਾਰੇ ਲਗਾਏ ਦੋਸ਼ ਬੇ-ਬੁਨਿਆਦ ਹਨ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਲਈ ‘ਮਿਸ਼ਨ ਫਤਹਿ’ ਦਾ ਜੋ ਨਾਅਰਾ ਦਿੱਤਾ ਗਿਆ ਸੀ, ਉਹ ਵੀ ਫੇਲ਼੍ਹ ਹੁੰਦਾ ਜਾਪ ਰਿਹਾ ਹੈ।ਉਹਨਾਂ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਨਾਲ ਝੂਠੇ ਵਾਅਦੇ ਕਰਨ ਦੀ ਬਜ਼ਾਏ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰੇ।
ਇਸ ਉਪਰੰਤ ਢੀਂਡਸਾ ਨੇ ਸਰਕਾਰੀ ਹਸਪਤਾਲ ਧੂਰੀ ਵਿਖੇ ਜਾ ਕੇ ਡਾਕਟਰਾਂ ਦੀ ਹੌਂਸਲਾ ਅਫਜ਼ਾਈ ਕੀਤੀ।ਉਹਨਾਂ ਰਾਧਾ ਸੁਆਮੀ ਸਤਸੰਗ ਭਵਨ ਧੂਰੀ ਵਿਖੇ ਏਕਾਂਤਵਾਸ ਵਿੱਚ ਰੱਖੇ ਗਏ ਕੋਰੋਨਾ ਮਰੀਜ਼ਾਂ ਦਾ ਹਾਲ-ਚਾਲ ਵੀ ਜਾਣਿਆ।ਐਫ.ਸੀ.ਆਈ ਐਗਜ਼ੀਕਿਊਟਿਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨ ਸ਼੍ਰੀ ਐਸ.ਐਸ ਚੱਠਾ ਨੇ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ, ਪੱਲੇਦਾਰਾਂ ਨੂੰ ਲੋਡਿੰਗ ਅਤੇ ਅਨ-ਲੋਡਿੰਗ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ।ਇਸ ਮੌਕੇ ਅਮਨਵੀਰ ਸਿੰਘ ਚੈਰੀ, ਐਸ.ਪੀ ਗੁਪਤਾ ਅਤੇ ਤਲਵੀਰ ਸਿੰਘ ਧਨੇਸਰ ਆਦਿ ਵੀ ਮੌਜੂਦ ਸਨ।