ਇਸ ਕਾਇਨਾਤ ਵਿੱਚ ਪੈਦਾ ਹੋਣ ਵਾਲਾ ਹਰ ਜੀਵ ਆਪਣੀਆਂ ਸਮਾਜਿਕ ਤੇ ਭਾਵਨਾਤਮਕ ਸਾਂਝਾਂ ਦੇ ਬਲਬੂਤੇ ਜੀਵਨ ਜਿਊਂਦਾ ਹੈ।ਇਹੀ ਸਾਂਝ ਉਸਦੇ ਜਿੳੇੁਣ ਅਤੇ ਜੀਵਨ ਵਿਚ ਅੱਗੇ ਵਧਣ ਦਾ ਆਧਾਰ ਬਣਦੀ ਹੈ।ਜਨਮ ਲੈਂਦਿਆਂ ਹੀ ਮਾਂ ਦੇ ਦੁੱਧ ਦੇ ਰੂਪ ਵਿਚ ਦੁਨਿਆਵੀ ਪਦਾਰਥਾਂ ਨਾਲ ਪਈ ਉਸ ਦੀ ਸਾਂਝ ਸੂਝ-ਸਮਝ ਦੇ ਆਉਣ ਨਾਲ ਹੌਲੀ-ਹੌਲੀ ਰਿਸ਼ਤਿਆਂ ਦੇ ਨਿੱਘ ਨੂੰ ਮਹਿਸੂਸ ਕਰਨ ਤੱਕ ਪਹੁੰਚ ਜਾਂਦੀ ਹੈ।ਤੇ ਫਿਰ ਇਹ ਸਿਲਸਿਲਾ ਬੇਰੋਕ ਅੱਗੇ ਵਧਣ ਲੱਗਦਾ ਹੈ।ਬੱਚਾ ਜਿਵੇਂ-ਜਿਵੇਂ ਵੱਡਾ ਹੋਈ ਜਾਂਦਾ ਹੈ, ਉਸਦਾ ਆਪਣੇ ਘਰ, ਪਰਿਵਾਰ, ਆਂਢ-ਗੁਆਂਢ, ਦੋਸਤਾਂ, ਰਿਸ਼ਤੇਦਾਰਾਂ, ਇੱਥੋਂ ਤੱਕ ਕਿ ਆਪਣੇ ਕੰਮ-ਕਾਰ ਨਾਲ ਵੀ ਲਗਾਅ ਪੈਦਾ ਹੋ ਜਾਂਦਾ ਹੈ।ਮਨੁੱਖ ਅੰਦਰ ਭਾਵਨਾਵਾਂ ਦਾ ਪੈਦਾ ਹੋਣਾ ਤੇ ਉਹਨਾਂ ਦਾ ਬਾਹਰਮੁਖੀ ਪ੍ਰਗਟਾ ਇੱਕ ਸੁਭਾਵਕ ਵਰਤਾਰਾ ਹੈ, ਤੇ ਸ਼ਾਇਦ ਉਸਦੇ ਇਨਸਾਨ ਹੋਣ ਦਾ ਸਭ ਤੋਂ ਵੱਡਾ ਸਬੂਤ ਵੀ।ਭਾਵਨਾਤਮਕ ਪ੍ਰਪੱਕਤਾ ਇਕ ਸਫ਼ਲ ਇਨਸਾਨ ਦੀ ਮੁੱਢਲੀ ਨਿਸ਼ਾਨੀ ਹੈ।ਮਨੁੱਖ ਦੀ ਮਨੁੱਖ ਨਾਲ ਨੇੜਤਾ ਦਾ ਮੂਲ ਸੂਤਰ ਭਾਵਨਾਤਮਕਤਾ ਹੀ ਤਾਂ ਹੈ।ਇਹ ਪਰਿਵਾਰ ਨਾਲ ਭਾਵਨਾਤਮਕ ਸਾਂਝ ਹੀ ਹੈ, ਜਿਸ ਦੇ ਸਦਕਾ ਉਹ ਲੱਖਾਂ ਮੀਲ ਦੂਰ ਤੱਕ ਰੋਜ਼ੀ-ਰੋਟੀ ਦੀ ਭਾਲ ਵਿਚ ਨਿਕਲ ਜਾਂਦਾ ਹੈ ਅਤੇ ਫਿਰ ਆਪਣਿਆਂ ਦੇ ਮੋਹ ਦੀ ਖਿੱਚ ਵਿੱਚ ਬੱਝਾ ਉਹਨੀਂ ਰਸਤਿਉਂ ਵਾਪਸ ਵੀ ਪਰਤਦਾ ਹੈ।
ਪਰ, ਅੱਜ ਜੋ ਵਰਤਾਰਾ ਅਸੀਂ ਆਪਣੇ ਚੌਗਿਰਦੇ ਦੇਖ ਰਹੇ ਹਾਂ, ਉਹ ਨਾ-ਸਿਰਫ਼ ਦੁਖਦਾਈ, ਸਗੋਂ ਅਣਮਨੁੱਖੀ ਵੀ ਹੈ।ਪਿਛਲੇ ਦਿਨੀਂ ਪੰਜਾਬ ਵਿਚ ਕਰੋਨਾ ਮਰੀਜ਼ਾਂ ਦੇ ਸਸਕਾਰ ਸੰਬੰਧੀ ਵਾਪਰੀਆਂ ਕੁੱਝ ਘਟਨਾਵਾਂ ਦਿਲ ਕੰਬਾਉਣ ਵਾਲੀਆਂ ਸਨ।ਕਿਧਰੇ ਘਰ ਦੇ ਮੈਂਬਰ ਇੰਨੇ ਨਿਰਮੋਹੀ ਹੋ ਗਏ ਹਨ ਕਿ ਸਰਕਾਰ ਵਲੋਂ ਸਵੈ-ਰੱਖਿਆ ਦਾ ਸਾਜੋ ਸਮਾਨ (ਪੀ.ਪੀ.ਈ) ਦਿੱਤੇ ਜਾਣ ਦੇ ਬਾਵਜੂਦ ਵੀ ਜਨਮ ਦੇਣ ਵਾਲੇ ਮਾਂ-ਬਾਪ ਅਤੇ ਨੇੜਲੇ ਸੰਬੰਧੀਆਂ ਦਾ ਦਾਹ-ਸੰਸਕਾਰ ਆਪਣੇ ਹੱਥੀਂ ਕਰਨਾ ਵੀ ਵਾਜ਼ਬ ਨਹੀਂ ਸਮਝ ਰਹੇ ਤੇ ਕਈ ਥਾਈਂ ਆਪਣੇ ਹੀ ਇਲਾਕੇ ਦੀ ਸ਼ਮਸ਼ਾਨ ਭੂਮੀ ਵਿਚ ਸਸਕਾਰ ਨਹੀਂ ਕਰਨ ਦਿੱਤਾ ਜਾ ਰਿਹਾ।ਕਿਸੇ ਵਿਅਕਤੀ ਦੀ ਮੌਤ ਇਸ ਕਾਇਨਾਤ ਦੇ ਸਭ ਤੋਂ ਵੱਧ ਦੁੱਖਮਈ ਭਾਵਨਾਤਮਕ ਪਲ ਹੁੰਦੇ ਹਨ।ਜਦੋਂ ਮਨੁੱਖ ਹਰ ਪ੍ਰਕਾਰ ਦੇ ਸ਼ਿਕਵੇ-ਸ਼ਿਕਾਇਤਾਂ ਭੁੱਲ ਕੇ ਵਿਛੜੇ ਜੀਵ ਦੇ ਜਾਣ ਦੇ ਦੁੱਖ ਨੂੰ ਮਹਿਸੂਸਦਾ ਹੈ ਅਤੇ ਦੁਖੀ ਪਰਿਵਾਰ ਨਾਲ ਇਸ ਦੁੱਖ ਨੂੰ ਵੰਡਾਉਣ ਦਾ ਯਤਨ ਕਰਦਾ ਹੈ।ਉਪਰੋਕਤ ਕਿਸਮ ਦਾ ਵਿਹਾਰ ਕੀ ਸਾਡੀ ਮਜ਼ਬੂਰੀ ਹੈ ਜਾਂ ਸਾਡੀ ਅਗਿਆਨਤਾ ਅਤੇ ਨਾ-ਸਮਝੀ ? ਕੀ ਇਹ ਇਨਸਾਨੀ ਕਿਰਦਾਰ ਵਿਚ ਆਈ ਗਿਰਾਵਟ ਜਾਂ ਲੋੜੋਂ ਵਧੀਕ ਨਿੱਜ ਦਾ ਅੰਨਾ੍ਹ ਮੋਹ ਤਾਂ ਨਹੀਂ ? ਕਰੋਨਾ ਦੇ ਮਰੀਜ਼ਾਂ ਨੂੰ ਵੀ ਤ੍ਰਿਸਕਾਰ ਦੀ ਭਾਵਨਾ ਨਾਲ ਨਹੀਂ, ਸਗੋਂ ਹਮਦਰਦੀ ਨਾਲ ਦੇਖਿਆ ਜਾਣਾ ਚਾਹੀਦਾ ਹੈ।ਕਿਉਂਕਿ ਉਹ ਆਮ ਮਰਜ਼ ਦੇ ਸ਼ਿਕਾਰ ਲੋਕਾਂ ਨਾਲੋਂ ਵਧੇਰੇ ਦਹਿਸ਼ਤ ਵਿਚ ਹਨ।ਸਾਨੂੰ ਅਜਿਹੇ ਮਾਨਵੀ ਮੁੱਦਿਆਂ ਪ੍ਰਤੀ ਭਾਵਨਾਤਮਕ ਹੋ ਕੇ ਗੰਭੀਰਤਾ ਨਾਲ ਵਿਚਾਰ ਕਰਨੀ ਪਵੇਗੀ।
ਕਰੋਨਾ ਵਾਇਰਸ ਰੂਪੀ ਇਸ ਨਾ-ਮੁਰਾਦ ਬਿਮਾਰੀ ਤੋਂ ਇਹਤਿਆਤ ਲਈ ਜਨਤਕ ਤੌਰ ਤੇ ਸਰੀਰਕ ਦੂਰੀ ਬੇਸ਼ਕ ਨਿਹਾਇਤ ਜਰੂਰੀ ਹੈ।ਪਰ ਭਾਵਨਾਤਮਕ ਦੂਰੀ ਬਣਾਉਣ ਦੀ ਲੋੜ ਬਿਲਕੁੱਲ ਨਹੀਂ।ਇਹ ਦੋਨੋਂ ਵੱਖੋ-ਵੱਖਰੇ ਸੰਕਲਪ ਹਨ।ਸਰੀਰਿਕ ਦੂਰੀ ਦਾ ਸਮਾਜਿਕ, ਮਾਨਸਿਕ ਤੇ ਭਾਈਚਾਰਕ ਦੂਰੀ ਵਿਚ ਬਦਲ ਜਾਣਾ ਮਾਨਵਤਾ ਲਈ ਉੱਭਰ ਰਿਹਾ ਇੱਕ ਖ਼ਤਰਨਾਕ ਰੁਝਾਨ ਹੈ।ਇਸ ਦੇ ਜ਼ਿੰਮੇਵਾਰ ਕਾਰਨਾਂ ਵਿੱਚ ਜਿੱਥੇ ਸਾਡੀ ਅਗਿਆਨਤਾ ਅਤੇ ਸਰਕਾਰ ਵੱਲੋਂ ਯੋਗ ਪ੍ਰਚਾਰ ਦੀ ਕਮੀ ਦਾ ਹੋਣਾ ਹੈ, ਉੱਥੇ ਮੀਡੀਆ ਦੇ ਕੁੱਝ ਹਿੱਸੇ ਨੇ ਵੀ ਇਸ ਵਿਚ ਆਪਣਾ ਨਕਾਰਾਤਮਕ ਯੋਗਦਾਨ ਪਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।ਚੰਗਾ ਹੁੰਦਾ ਜੇ ਸਰਕਾਰ ਤੇ ਮੀਡੀਆ ਵਲੋਂ ਲੋਕਾਂ ਨੂੰ ਜਨਤਕ ਤੌਰ ‘ਤੇ ਸਰੀਰਿਕ ਦੂਰੀ ਦੇ ਅਸਲੀ ਅਰਥਾਂ ਤੋਂ ਜਾਣੂ ਕਰਵਾ ਕੇ ਇਸ ਨੂੰ ਸਵੈ-ਇੱਛਾ ਨਾਲ ਲਾਗੂ ਕਰਨ ਲਈ ਤਿਆਰ ਕੀਤਾ ਜਾਂਦਾ ਤਾਂ ਨਤੀਜੇ ਵਧੇਰੇ ਸਾਰਥਿਕ ਹੋ ਸਕਦੇ ਸਨ।ਜੇਕਰ ਜਨਤਕ ਵਿੱਥ ਦੇ ਸਹੀ ਅਰਥ ਲੋਕ ਮਨਾਂ ਤੱਕ ਪਹੁੰਚੇ ਹੁੰਦੇ ਤਾਂ ਅੱਜ ਗੁਜਰਾਤ ਵਰਗੇ ਪ੍ਰਾਂਤ ਵਿੱਚ ਟਰੱਕ ਡਰਾਈਵਰਾਂ ਨੂੰ ਪਾਣੀ ਪੀਣ ਤੋਂ ਰੋਕਣ ਲਈ ਸਥਾਨਕ ਲੋਕਾਂ ਵੱਲੋਂ ਪਾਣੀ ਵਾਲੀਆਂ ਟੂਟੀਆਂ ਬੰਦ ਨਾ ਕੀਤੀਆਂ ਜਾਂਦੀਆਂ।
ਬੇਸ਼ਕ ਦਿੱਲੀ ਵਿੱਚ ਹੋਏ ਤਬਲੀਗੀ ਜਮਾਤ ਦੇ ਇਕੱਠ ਵਰਗੀਆਂ ਘਟਨਾਵਾਂ ਅਫ਼ਸੋਸਨਾਕ ਹਨ।ਇਹ ਤਬਲੀਗੀ ਜਮਾਤ ਵਲੋਂ ਕੀਤੀ ਇੱਕ ਵੱਡੀ ਕੁਤਾਹੀ ਹੈ।ਜਿਸ ਨਾਲ ਕਰੋਨਾ ਪ੍ਰਭਾਵਿਤ ਕੇਸਾਂ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ ਹੈ।ਪਰ ਇਸ ਲਈ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਦੋਸ਼ੀ ਮੰਨ ਕੇ ਮੁੱਦੇ ਨੂੰ ਫ਼ਿਰਕੂ ਰੰਗਣ ਦੇਣਾ ਵੀ ਕਦਾਚਿਤ ਉਚਿਤ ਨਹੀਂ।ਫਿਰਕੂ ਸੋਚ ਅਧੀਨ ਕੁੱਝ ਲੋਕਾਂ ਵਲੋਂ ਕਰੋਨਾ ਵਾਇਰਸ ਨੂੰ ਮੁਸਲਿਮ ਵਾਇਰਸ ਦੇ ਤੌਰ ਤੇ ਪ੍ਰਚਾਰਨਾ ਹੋਰ ਵੀ ਕੋਝਾ ਯਤਨ ਹੈ।ਗੁੱਜਰ ਭਾਈਚਾਰੇ ਨਾਲ ਕੀਤਾ ਗਿਆ ਬੇਗਾਨਗੀ ਵਾਲਾ ਵਿਵਹਾਰ ਇਸਦੀ ਪ੍ਰਤੱਖ ਉਦਾਹਰਨ ਹੈ।ਅਜਿਹੀ ਹੀ ਬੇਗਾਨਗੀ ਦਾ ਸ਼ਿਕਾਰ ਵਿਦਸ਼ਾਂ ਤੋਂ ਆਉਣ ਵਾਲੇ ਸਾਡੇ ਪਰਵਾਸੀ ਵੀਰਾਂ ਨੂੰ ਵੀ ਹੋਣਾ ਪਿਆ ਹੈ।ਉਹ ਪਰਵਾਸੀ ਪਰਿਵਾਰ ਜਿਨ੍ਹਾਂ ਦਾ ਸਾਡੇ ਦੇਸ਼ ਦੇ ਵਿਕਾਸ ਵਿੱਚ ਵਡੇਰਾ ਯੋਗਦਾਨ ਹੈ, ਅੱਜ ਕਟਹਿਰੇ ਵਿਚ ਦੋਸ਼ੀ ਬਣੇ ਖੜ੍ਹੇ ਹਨ।ਸਰਕਾਰ ਵਲੋਂ ਸਮੇਂ ਸਿਰ ਹਵਾਈ ਅੱਡੇ ਬੰਦ ਕਰਕੇ, ਵਿਦੇਸ਼ਾਂ ਤੋਂ ਆਉਣ ਵਾਲਿਆਂ ਦੀ ਸਕਰੀਨਿੰਗ ਅਤੇ ਲੋੜੀਂਦੇ ਇਕਾਂਤਵਾਸ ਨਾਲ ਜਿੱਥੇ ਇਸ ਮਹਾਂਮਾਰੀ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਸੀ, ਉੱਥੇ ਪਰਵਾਸੀਆਂ ਪ੍ਰਤੀ ਪੈਦਾ ਹੋ ਰਹੀ ਨਫ਼ਰਤ ਦੀ ਭਾਵਨਾ ਨੂੰ ਵੀ ਠੱਲ੍ਹ ਪਾਈ ਜਾ ਸਕਦੀ ਸੀ।
ਸਿਆਣਿਆਂ ਦਾ ਕਥਨ ਹੈ ‘ਹਨੇਰਿਆਂ ਵਿੱਚ ਅਕਸਰ ਆਸ ਦੇ ਜੁਗਨੂੰ ਟਿਮਟਿਮਾਇਆ ਕਰਦੇ ਹਨ’।ਦੁੱਖ ਅਤੇ ਨਿਰਾਸ਼ਾ ਦੇ ਅਜਿਹੇ ਆਲਮ ਵਿਚ ਕੁੱਝ ਵਿਅਕਤੀਆਂ ਅਤੇ ਸੰਸਥਾਵਾਂ ਵਲੋਂ ਕਰੋਨਾ ਕਾਰਨ ਹੋਈਆਂ ਮੌਤਾਂ ਦੇ ਸੰਸਕਾਰ ਕਰਨ ਵਰਗੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਅਤੇ ਸੰਸਕਾਰ ਲਈ ਆਪਣੀਆਂ ਨਿੱਜੀ ਜ਼ਮੀਨਾਂ ਵਿਚੋਂ ਥਾਂ ਦੇਣਾ ਅਜਿਹਾ ਹੀ ਸ਼ਲਾਘਾਯੋਗ ਕਦਮ ਹੈ।ਇਹ ਲੋਕ ਵੀ ਪਹਿਲੀ ਕਤਾਰ ਵਿਚ ਖੜ੍ਹੋ ਕੇ ਕੰਮ ਕਰਨ ਵਾਲੇ ਡਾਕਟਰਾਂ, ਨਰਸਾਂ, ਪੈਰਾਮੈਡੀਕਲ ਸਟਾਫ਼, ਸਫ਼ਾਈ ਵਰਕਰਾਂ ਤੇ ਪੁਲਿਸ ਵਿਭਾਗ ਦੇ ਜਾਂਬਾਜ਼ਾਂ ਵਾਂਗ ਹੀ ਸਾਡੇ ਸਤਿਕਾਰ ਦੇ ਪਾਤਰ ਹਨ।ਅਜਿਹੇ ਲੋਕ ਸਮਾਜ ਵਿਚ ਫੈਲ ਰਹੀ ਬੇਗ਼ਾਨਗੀ ਅਤੇ ਫ਼ਿਰਕੂ ਰੰਗਣ ਦੇ ਵਿਰੁੱਧ ਵੰਗਾਰ ਹਨ।ਸਾਡੀਆਂ ਮਾਨਵੀ ਪ੍ਰੰਪਰਾਵਾਂ ਨੂੰ ਕਾਇਮ ਰੱਖਣ ਵਾਲੇ ਇਹਨਾਂ ਯੋਧਿਆਂ ਨੂੰ ਸਾਡਾ ਸਨੇਹ ਭਰਿਆ ਸਲਾਮ ਹੈ।
ਹਰਭਜਨ ਸਿੰਘ
(ਮਾਲਤੀ ਗਿਆਨਪੀਠ ਅਤੇ ਸਟੇਟ ਅਵਾਰਡੀ)
ਮੋ -9915193366