ਅੰਮ੍ਰਿਤਸਰ/ ਸਰੀ (ਕਨੇਡਾ), 16 ਮਈ (ਪੰਜਾਬ ਪੋਪਸਟ ਬਿਊਰੋ) – ਜਦੋਂ ਵੀ ਸੰਸਾਰ ਦੇ ਕਿਸੇ ਹਿਸੇ ਵਿੱਚ ਆਫਤ ਆਉਂਦੀ ਹੈ ਤਾਂ ਸਿੱਖ ਕੌਮ ਮਨੁੱਖਤਾ ਦੀ ਸੇਵਾ ਲਈ ਅੱਗੇ ਆ ਜਾਂਦੀ ਹੈ।ਕਿਤੇ ਲੰਗਰ, ਕਿਤੇ ਦਵਾਈਆਂ ਅਤੇ ਕਦੇ ਮਜ਼ਲੂਮਾਂ ਦੀ ਰਾਖੀ ਲਈ ਆਪਣੀਆਂ ਅਵਾਜ਼ ਬੁਲੰਦ ਕਰਦੇ ਹਨ।
ਸਿੱਖ ਖੂਨਦਾਨ ਮੁਹਿੰਮ ਦੇ ਸੇਵਾਦਾਰ ਸੁਨੀਲ ਕੁਮਾਰ ਅਤੇ ਸੁਖਦੀਪ ਸਿੰਘ ਨੇ ਇਥੇ ਭੇਜੀ ਈਮੇਲ ਵਿੱਚ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਹੁਣ ਕਰੋਨਾ ਵਾਇਰਸ ਮਹਾਮਾਰੀ ਦੌਰਾਨ ਕੈਨੇਡਾ ਵਿੱਚ ਵੱਸਦੇ ਸਿੱਖ ਵੀਰ ਭੈਣਾਂ ਭਿਆਨਕ ਤੇ ਨਾਜ਼ਕ ਸਮੇਂ ਵਿੱਚ ਵੀ ਰਿਕਾਰਡ ਖ਼ੂਨਦਾਨ ਕਰਕੇ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਹਨ।
ਉਨਾਂ ਕਿਹਾ ਕਿ ਕਰੋਨਾ ਦੀ ਮਹਾਮਾਰੀ ਦੌਰਾਨ ਮਾਰਚ 2020 ਦੇ ਅਖੀਰ ਵਿੱਚ ਕੈਨੇਡਾ ਦੇ ਮਾਨਯੋਗ ਪ੍ਰਾਈਮ ਮਨਿਸਟਰ ਜਸਟਿਨ ਟਰੂਡੋ ਨੇ ਸਮੂਹ ਕੈਨਡੀਅਨਾਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ਸੀ।ਅਪ੍ਰੈਲ ਦੇ ਪਹਿਲੇ ਹਫਤੇ ਬੀ.ਸੀ ਦੇ ਪ੍ਰੀਮੀਅਰ ਨੇ ਸਿੱਖ ਕਮਿਊਨਟੀ ਦਾ ਜ਼ਿਕਰ ਕਰਕੇ ਖੂਨਦਾਨ ਕਰਨ ਲਈ ਅਵਾਜ਼ ਮਾਰੀ।ਕੈਨੇਡਾ ਭਰ ਵਿੱਚ ਸਿੱਖ ਨੇਸ਼ਨ ਦੇ ਵਲੰਟਰੀਅਰਾਂ ਨੇ ਵੀ ਇਸ ਭਿਆਨਕ ਸਮੇਂ ਵਿੱਚ ਮਨੁੱਖਤਾ ਦੀ ਸੇਵਾ ਹਿੱਤ ਆਪਣਾ ਖੂਨਦਾਨ ਕਰਕੇ ਜਾਨਾਂ ਬਚਾਉਣ ਲਈ ਬਾਹਾਂ ਉਲਾਰ ਦਿੱਤੀਆਂ।
ਸੁਨੀਲ ਕੁਮਾਰ ਅਤੇ ਸੁਖਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਕੈਨੇਡੀਅਨ ਬਲੱਡ ਸਰਵਿਸ ਨੇ ਸਿੱਖ ਕੌਮ ਦੀ ਮੁਹਿੰਮ ਨੂੰ ਬਹੁਤ ਵੱਡੀ ਮੁਹਿੰਮ ਐਲਾਨਿਆ ਅਤੇ ਕਿਹਾ ਕਿ ਕੋਵਿਡ-19 ਦੌਰਾਨ ਸਿੱਖ ਕੌਮ ਰਿਕਾਰਡ ਖੂਨਦਾਨ ਕਰਨ ਆਈ ਹੈ।ਬੀ.ਸੀ ਦੇ ਪ੍ਰੀਮੀਅਰ ਜੌਹਨ ਹੌਰਗਨ ਨੇ ਵੀ ਸਿੱਖ ਕੌਮ ਦੀ ਖੂਨਦਾਨ ਮੁਹਿੰਮ ਦਾ ਧੰਨਵਾਦ ਕੀਤਾ।ਸਿੱਖ ਵੀਰ ਭੈਣ ਲਗਾਤਾਰ ਖੂਨਦਾਨ ਕਰਨ ਲਈ ਕਲਿਨਕਾਂ ਵਿੱਚ ਜਾ ਰਹੇ ਹਨ।ਇਹ ਵੀ ਪਤਾ ਲੱਗਾ ਹੈ ਕਿ ਜੁਲਾਈ ਦੇ ਮਹੀਨੇ ਤੱਕ ਸਿੱਖ ਵੀਰਾਂ ਭੈਣਾਂ ਨੇ ਬੁਕਿੰਗ ਕਰਵਾ ਲਈ ਹੈ, ਤਾਂ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਖ਼ੂਨ ਦੀ ਕਮੀ ਨਾ ਆਵੇ।ਸਿੱਖ ਖੂਨਦਾਨ ਮੁਹਿੰਮ ਦੇ ਸੇਵਾਦਾਰਾਂ ਨੇ ਦੱਸਿਆ ਕਿ ਸਿੱਖ ਨੇਸ਼ਨ (ਸਿੱਖ ਕੌਮ) ਸੰਸਥਾ ਨਹੀਂ ਹੈ।ਇਹ ਸਿੱਖ ਕੌਮ ਦਾ ਅੰਗਰੇਜ਼ੀ ਤਰਜ਼ਮਾ ਹੈ।ਸਿੱਖ ਕੌਮ ਆਪਣਾ ਫਰਜ਼ ਪਛਾਣਦਿਆਂ ਸਰਬਤ ਦੇ ਭਲੇ ਲਈ ਹਮੇਸ਼ਾਂ ਤਤਪਰ ਰਹਿੰਦੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …