Sunday, December 22, 2024

ਇੰਗਲੈਂਡ ਦੇ ਡਰਬੀ ਵਿਖੇ ਗੁਰਦੁਆਰਾ ਸਾਹਿਬ ਦੀ ਹੋਈ ਭੰਨ ਤੋੜ ਦੀ ਨਿੰਦਾ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਇੰਗਲੈਂਡ ਦੇ ਸ਼ਹਿਰ ਡਰਬੀ ਵਿਖੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ’ਚ ਦਾਖ਼ਲ ਹੋ ਕੇ ਇਕ ਪਾਕਿਸਤਾਨੀ ਵਿਅਕਤੀ ਵੱਲੋਂ ਕੀਤੀ ਭੰਨ ਤੋੜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ’ਚ ਲੌਂਗੋਵਾਲ ਨੇ ਕਿਹਾ ਕਿ ਇਸ ਸਿਰ ਫਿਰੇ ਵਿਅਕਤੀ ਵੱਲੋਂ ਉਦੋਂ ਗੁਰੂ ਘਰ ਦੀ ਭੰਨ ਤੋੜ ਕੀਤੀ ਗਈ, ਜਦੋਂ ਸਮੁੱਚੇ ਸੰਸਾਰ ਭਰ ’ਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿਚ ਚਲਦੀ ਕੋਰੋਨਾ ਮਹਾਮਾਰੀ ਕਰਕੇ ਡਰਬੀ ਵਿਖੇ ਸਥਿਤ ਇਸ ਗੁਰੂ ਘਰ ਵੱਲੋਂ ਹੋਰ ਗੁਰੂ ਘਰਾਂ ਵਾਂਗ ਲੋੜਵੰਦਾਂ ਦੀ ਰੋਜ਼ਾਨਾ ਵੱਡੇ ਪੱਧਰ ’ਤੇ ਮੱਦਦ ਕੀਤੀ ਜਾ ਰਹੀ ਹੈ, ਤਾਂ ਉਸ ਸਮੇਂ ਸਿਰ ਫਿਰੇ ਵਿਅਕਤੀ ਨੇ ਗੁਰੂ ਘਰ ਦਾ ਵੱਡੇ ਰੂਪ ’ਚ ਭੰਨ ਤੋੜ ਕਰਕੇ ਨੁਕਸਾਨ ਕੀਤਾ ਹੈ। ਜੋ ਬਹੁਤ ਨਿੰਦਣਯੋਗ ਹੈ।ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਪਰ ਇਸ ਘਿਨੌਣੀ ਕਾਰਵਾਈ ਪਿੱਛੇ ਅਸਲ ਕਾਰਨ ਦੀ ਤਹਿ ਤੱਕ ਜਾਣਾ ਬਹੁਤ ਜ਼ਰੂਰੀ ਹੈ ਤੇ ਇਸ ਸਾਜ਼ਿਸ਼ ਵਿਚ ਸ਼ਾਮਲ ਸਾਰੇ ਵਿਅਕਤੀ ਜ਼ੇਲ੍ਹ ਦੀਆਂ ਸਲਾਖਾਂ ਪਿੱਛੇ ਹੋਣੇ ਚਾਹੀਦੇ ਹਨ।ਉਨ੍ਹਾਂ ਇੰਗਲੈਂਡ ਸਰਕਾਰ ਨੂੰ ਅਪੀਲ ਕੀਤੀ ਕਿ ਘਟਨਾ ਦੀ ਸਚਾਈ ਬਾਰੇ ਜਲਦ ਤੋਂ ਜਲਦ ਪਤਾ ਲਾਇਆ ਜਾਵੇ, ਤੇ ਗੁਰੂ ਘਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …