ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਚਵਿੰਡਾ ਦੇਵੀ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਕੋਵਿਡ-19 ਤਾਲਾਬੰਦੀ ਦੌਰਾਨ ਕਾਲਜ ’ਚ ਛੁੱਟੀਆਂ ਹੋ ਜਾਣ ਕਾਰਨ ਈ-ਕਲਾਸਾਂ ਅਤੇ ਆਨਲਾਈਨ ਕਲਾਸਾਂ ਰਾਹੀਂ ਆਪਣਾ ਬਾਕੀ ਰਹਿੰਦਾ ਸਿਲੇਬਸ ਪੂਰਾ ਕੀਤਾ ਅਤੇ ਨਾਲ ਦੀ ਨਾਲ ਆਨਲਾਈਨ ਟੈਸਟ ਲੈ ਕੇ ਪੂਰੇ ਸਿਲੇਬਸ ਦੀ ਤਿਆਰੀ ਵੀ ਕਰ ਲਈ ਗਈ ਹੈ।ਜਿਸ ਨਾਲ ਵਿਦਿਆਰਥੀ ਕਿਸੇ ਵੀ ਸਮੇਂ ਯੂਨੀਵਰਸਿਟੀ ਵਲੋਂ ਲਏ ਜਾਣ ਵਾਲੇ ਇਮਤਿਹਾਨਾਂ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹਨ।
ਕਾਲਜ ਪ੍ਰਿੰਸੀਪਲ ਡਾ. ਹਰਭਜਨ ਸਿੰਘ ਨੇ ਦੱਸਿਆ ਕਿ ਹੁਣ ਵੀ ਸਟਾਫ਼ ਦੁਆਰਾ ਰੋਜ਼ਾਨਾ ਦੁਹਰਾਈ ਕਰਵਾਈ ਜਾ ਰਹੀ ਤਾਂ ਜੋ ਵਿਦਿਆਰਥੀ ਘਰ ਬੈਠੇ ਆਪਣੀ ਪੜ੍ਹਾਈ ਨਾਲ ਜੁੜੇ ਰਹਿਣ।ਉਨ੍ਹਾਂ ਕਿਹਾ ਕਿ 1 ਅਪ੍ਰੈਲ ਤੋਂ ਹੁਣ ਤੱਕ ਰੋਜ਼ਾਨਾ 5 ਤੋਂ 6 ਘੰਟੇ ਦੀ ਪੜ੍ਹਾਈ ਗ਼ੋਮ ਐਪ, ਈ-ਕਲਾਸਾਂ, ਵੱਟਸਐਪ ’ਤੇ ਨੋਟਿਸ ਅਤੇ ਟੈਸਟ ਲੈ ਕੇ ਲਗਾਤਾਰ ਕਰਵਾਈ ਜਾਂਦੀ ਰਹੀ ਹੈ।ਹੁਣ ਤੱਕ ਤਕਰੀਬਨ 1500 ਈ-ਕਲਾਸਾਂ ਅਤੇ 800 ਦੇ ਕਰੀਬ ਲਾਈਵ ਕਲਾਸਾਂ ਲਗਾਈਆਂ ਜਾ ਚੁੱਕੀਆਂ ਹਨ।ਇਸ ਦੇ ਨਾਲ ਹੀ ਕਾਲਜ ਵਲੋਂ +2 ਦੇ ਸਾਇੰਸ, ਕਾਮਰਸ, ਆਰਟਸ ਗਰੁੱਪਾਂ ਦੇ ਵਿਦਿਆਰਥੀਆਂ ਦੀ ਰੋਜ਼ਾਨਾ ਵੱਟਸਐਪ ਤੇ ਆਡੀਓ ਅਤੇ ਵੀਡਿਉ ਰਾਹੀਂ ਹਰ ਵਿਸ਼ੇ ਦੀ 1 ਘੰਟਾ ਕਲਾਸ ਲਗਾਈ ਜਾਂਦੀ ਹੈ ਅਤੇ ਨਾਲ ਹੀ ਸਿਲੇਬਸ ਦੀ ਤਿਆਰੀ ਲਈ ਅਸਾਈਨਮੈਂਟ ਵੀ ਦਿੱਤੀ ਜਾਂਦੀ ਹੈ।
ਪ੍ਰਿੰ: ਡਾ. ਐਚ.ਬੀ ਸਿੰਘ ਨੇ ਦੱਸਿਆ ਕਿ ਜੇਕਰ ਵਿਦਿਆਰਥੀਆਂ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਵਿਦਿਆਰਥੀ ਪਰਸਨਲੀ ਅਧਿਆਪਕਾਂ ਤੋਂ ਆਨਲਾਈਨ ਅਤੇ ਫ਼ੋਨ ਰਾਹੀਂ ਆਪਣੀ ਮੁਸ਼ਕਿਲ ਦਾ ਹੱਲ ਵੀ ਪੁੱਛ ਲੈਂਦੇ ਹਨ।ਜਿਸ ਤੋਂ ਗ੍ਰੇਜੂਏਸ਼ਨ ਅਤੇ +2 ਦੇ ਵਿਦਿਆਰਥੀ ਪੂਰੀ ਤਰ੍ਹਾਂ ਸੰਤੁਸ਼ਟ ਹਨ।ਇਸ ਤੋਂ ਇਲਾਵਾ ਸਰਕਾਰ ਵਲੋਂ 10ਵੀਂ ਕਲਾਸ ਦੇ ਨਤੀਜਿਆਂ ਬਾਰੇ ਫ਼ੈਸਲਾ ਆਉਣ ’ਤੇ ਕਾਲਜ ਵਲੋਂ ਜਲਦੀ ਹੀ +1 ਦੇ ਸਾਇੰਸ, ਕਾਮਰਸ ਅਤੇ ਆਰਟਸ ਵਿਸ਼ਿਆਂ ਦੀ ਪੜ੍ਹਾਈ ਵੀ ਆਨ-ਲਾਈਨ ਸ਼ੁਰੂ ਕੀਤੀ ਜਾ ਰਹੀ ਹੈ।ਜਿਸ ਲਈ ਸਟਾਫ਼ ਦੀਆਂ ਦਾਖ਼ਲੇ ਸਬੰਧੀ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਅਤੇ ਵਿਦਿਆਰਥੀਆਂ ਨਾਲ ਨਿੱਜੀ ਤੌਰ ’ਤੇ ਸੰਪਰਕ ਕਰਕੇ ਉਨ੍ਹਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਇਕ ਹਫ਼ਤੇ ਦੇ ਅੰਦਰ ਆਪਣੀਆਂ +1 ਦੀਆਂ ਕਲਾਸਾਂ ਦੀ ਪੜ੍ਹਾਈ ਸ਼ੁਰੂ ਕਰ ਦੇਵਾਂਗੇ।ਸਮਾਜ ਭਲਾਈ ਨੂੰ ਉਤਸ਼ਾਹਿਤ ਕਰਦਿਆਂ ਕਾਲਜ ’ਚ ਚੱਲ ਰਹੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਪ੍ਰਿੰ. ਡਾ. ਐਚ.ਬੀ ਸਿੰਘ ਦੇ ਸਹਿਯੋਗ ਨਾਲ 2700 ਦੇ ਕਰੀਬ ਮਾਸਕ ਤਿਆਰ ਕਰਵਾਕੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਅਗਵਾਈ ਹੇਠ ਵੰਡੇ ਜਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ’ਚ ਆਨਲਾਈਨ ਕਲਾਸਾਂ ਲਗਾਉਣ ਸਬੰਧੀ ਕਾਫ਼ੀ ਉਤਸ਼ਾਹ ਤੇ ਉਤਸਕਤਾ ਹੈ ਅਤੇ ਉਹ ਸ਼ੌਂਕ ਨਾਲ ਇਸ ਕਾਰਜ ਨੂੰ ਪੂਰਾ ਕਰ ਰਹੇ ਹਨ।ਉਨ੍ਹਾਂ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ’ਤੇ ਮਾਣ ਹੈ ਕਿ ਉਨ੍ਹਾਂ ਅਜਿਹੇ ਮੁਸ਼ਕਿਲ ਸਮੇਂ ’ਚ ਰਲ-ਮਿਲ ਕੇ ਇਸ ਕੰਮ ਨੂੰ ਨੇਪਰੇ ਚਾੜਿਆ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …