Monday, December 23, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਗਜ਼ਿਟ ਕਲਾਸਾਂ ਦੇ ਇਮਤਿਹਾਨ 1 ਜੁਲਾਈ ਤੋਂ

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕੋਵਿਡ 19 ਮਹਾਂਮਾਰੀ ਦੇ ਪ੍ਰਪੋਕ ਕਾਰਨ ਇਸ ਸਮੇਂ ਦੌਰਾਨ ਸਿਰਫ `ਐਗਜ਼ਿਟ` ਕਲਾਸਾਂ (ਫਾਈਨਲ ਕਲਾਸਾਂ) ਦੀਆਂ ਡਿਗਰੀਆਂ ਅਤੇ ਡਿਪਲੋਮਾ ਕੋਰਸਾਂ ਦੀਆਂ ਪ੍ਰੀਖਿਆਵਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। `ਐਗਜ਼ਿਟ` ਕਲਾਸਾਂ ਦੇ ਥਿਊਰੀ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ ਕਰਵਾਉਣ ਲਈ ਪ੍ਰੀਖਿਆ ਦਾ ਲਗਪਗ ਸਮਾਂ 1 ਜੁਲਾਈ ਤੋਂ 20 ਜੁਲਾਈ, 2020 ਤੱਕ ਤਹਿ ਕੀਤਾ ਗਿਆ ਹੈ ਅਤੇ ਡੇਟਸ਼ੀਟ ਯੂਨੀਵਰਸਿਟੀ ਦੀ ਵੈਬਸਾਈਟ `ਤੇ ਅਪਲੋਡ ਕੀਤੀ ਗਈ ਹੈ।
               ਯੂਨੀਵਰਸਿਟੀ ਦੇ ਰਜਿਸਟਰਾਰ, ਪ੍ਰੋਫੈਸਰ ਕਰਨਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਸਮੇਂ ਦੌਰਾਨ ਇੰਟਰਮੀਡੀਏਟ ਕਲਾਸਾਂ ਦੀਆਂ ਪ੍ਰੀਖਿਆਵਾਂ ਬਾਰੇ ਫੈਸਲਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਬਾਅਦ ਵਿੱਚ ਦੱਸਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਕੋਵਿਡ 19 ਮਹਾਂਮਾਰੀ ਦੇ ਮੱਦੇਨਜ਼ਰ ਲੌਕਡਾਊਨ/ਕਰਫਿਊ ਲਗਾਏ ਜਾਣ ਤੋਂ ਪਹਿਲਾਂ 70 ਫੀਸਦ ਸਿਲੇਬਸ ਪੂਰਾ ਕਰ ਦਿੱਤਾ ਗਿਆ ਸੀ ਅਤੇ ਬਾਕੀ ਸਿਲੇਬਸ ਸੋਸ਼ਲ ਮੀਡੀਆ ਅਤੇ ਈ-ਪਲੇਟਫਾਰਮ ਦੀ ਸਹਾਇਤਾ ਨਾਲ ਅਧਿਆਪਕਾਂ ਵਲੋਂ ਆਨਲਾਈਨ ਕਲਾਸਾਂ ਦੁਆਰਾ ਪੂਰਾ ਕੀਤਾ ਗਿਆ ਹੈ।ਹਾਲਾਂਕਿ, ਵਿਸ਼ਾ ਵਸਤੂ, ਸਮੱਗਰੀ ਅਤੇ ਸੰਚਾਰ ਦੇ ਮੱਦੇਨਜ਼ਰ ਆਨਲਾਈਨ ਅਧਿਆਪਨ ਨੂੰ ਕਲਾਸ ਦੇ ਦਰਸਾਏ ਅਧਿਆਪਨ ਦੇ ਬਰਾਬਰ ਸਮਝਿਆ ਨਹੀਂ ਜਾ ਸਕਦਾ ਪਰ ਕਲਾਸਰੂਮ ਦੀ ਸਿਖਲਾਈ ਦੀ ਬਜਾਏ ਆਨਲਾਈਨ ਅਧਿਆਪਨ ਦੀ ਇਸ ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਦਿਆਰਥੀਆਂ ਦੀ ਆਨਲਾਈਨ ਸਿਖਿਆ ਦੇ ਅਨੁਕੂਲ ਹੀ ਪ੍ਰਸ਼਼ਨ ਪੱਤਰ ਸਥਾਪਿਤ ਕਰਨ ਦਾ ਯਤਨ ਕੀਤਾ ਜਾਵੇਗਾ।

                   ਵਿਦਿਆਰਥੀਆਂ ਦੇ ਮਨਾਂ ਵਿੱਚ ਤਣਾਅ ਅਤੇ ਚਿੰਤਾ ਨੂੰ ਘਟਾਉਣ ਲਈ ਕੀਤੇ ਜਾ ਰਹੇ ਉਪਾਵਾਂ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. ਕਾਹਲੋਂ ਨੇ ਦੱਸਿਆ ਕਿ ਪਹਿਲਾਂ ਚਾਰ ਭਾਗਾਂ ਵਿਚ ਅੱਠ ਸੁਆਲ ਹੁੰਦੇ ਸਨ ਤੇ ਪੰਜ ਸੁਆਲ ਕਰਨੇ ਹੁੰਦੇ ਸਨ, ਜੋ ਕਿ ਹਰ ਸੈਕਸ਼ਨ ਵਿਚੋਂ ਇੱਕ ਇੱਕ ਸੁਆਲ ਦਾ ਜੁਆਬ ਦੇਣਾ ਲਾਜ਼ਮੀ ਸੀ ਅਤੇ ਪੰਜਵਾਂ ਸੁਆਲ ਕਿਸੇ ਵੀ ਭਾਗ ਵਿਚੋਂ ਕੀਤਾ ਜਾ ਸਕਦਾ ਸੀ।ਪਰ ਹੁਣ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਠਾਂ ਸੁਆਲਾਂ ਵਿਚੋਂ ਕਿਸੇ ਵੀ ਚਾਰ ਸੁਆਲਾਂ ਦਾ ਜੁਆਬ ਕਿਸੇ ਵੀ ਭਾਗ ਵਿਚੋਂ ਜੁਆਬਾ ਦਿੱਤਾ ਜਾ ਸਕਦਾ ਹੈ ਅਤੇ ਹੁਣ ਪੰਜਾਂ ਦੀ ਥਾਾਂ ਚਾਰ ਸੁਆਲਾਂ ਦਾ ਜੁਆਬ ਦੇਣਾ ਹੋਵੇਗਾ ਅਤੇ ਇਮਤਿਹਾਨ ਦਾ ਸਮਾਂ ਵੀ ਘਟ ਕੇ ਦੋ ਘੰਟੇ ਰਹਿ ਜਾਵੇਗਾ।

               ਇਹ ਸਹੂਲਤ ਕਲਾਸਰੂਮ ਸਿਖਲਾਈ ਦੀ ਗੈਰ ਹਾਜ਼ਰੀ ਵਿਚ ਵਿਦਿਆਰਥੀਆਂ ਦੁਆਰਾ ਦਰਪੇਸ਼ ਸੀਮਾ ਨੂੰ ਦੂਰ ਕਰਨ ਵਿਚ ਸਹਾਇਤਾ ਕਰੇਗੀ ਅਤੇ ਕੋਵਿਡ-19 ਤੋਂ ਪੈਦਾ ਹੋਈ ਸਥਿਤੀ ਕਾਰਨ ਪੈਦਾ ਹੋਈਆਂ ਹੋਰ ਮੁਸ਼ਕਲਾਂ ਦੇ ਮੱਦੇਨਜ਼ਰ ਹਰ ਦੋ ਘੰਟੇ ਦੇ ਦੋ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਨੂੰ ਇਕੱਠਿਆਂ ਕਰਨ ਦਾ ਪ੍ਰਸਤਾਵ ਹੈ ਕਿ ਚਾਰ ਘੰਟੇ ਦਾ ਇਕ ਨਿਰੰਤਰ ਸੈਸ਼ਨ ਬਣਾਇਆ ਜਾ ਸਕੇ ਤਾਂ ਜੋ ਪ੍ਰੀਖਿਆ ਕੇਂਦਰ ਵਿਚ ਵਿਦਿਆਰਥੀਆਂ ਦੇ ਆਉਣ ਦੀ ਗਿਣਤੀ ਨੂੰ ਅੱਧੇ ਕਰਕੇ ਘਟਾ ਦਿੱਤਾ ਜਾ ਸਕੇ, ਜਿਸ ਨਾਲ ਵਿਦਿਆਰਥੀਆਂ ਦੇ ਸੰਪਰਕ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ।
                    ਸੁਝਾਏ ਗਏ ਇਮਤਿਹਾਨ ਦੇ ਢੰਗ ਸਬੰਧੀ ਵੱਖ-ਵੱਖ ਅਦਾਰਿਆਂ ਦੇ ਮੁਖੀਆਂ ਅਤੇ ਪ੍ਰਿੰਸੀਪਲਾਂ ਦੇ ਆਉਣ ਵਾਲੇ ਸਲਾਹ ਮਸ਼ਵਰੇ ਅਨੁਸਾਰ ਫੈਸਲਾ ਬਦਲਣ ਦੀ ਸੂਰਤ ਵਿਚ ਸੂਚਿਤ ਕੀਤਾ ਜਾਵੇਗਾ।ਇਹ ਵੀ ਯਕੀਨੀ ਬਣਾਇਆ ਜਾਏਗਾ ਕਿ ਪ੍ਰੈਕਟੀਕਲ ਪ੍ਰੀਖਿਆਵਾਂ ਅਸਲ ਵਿੱਚ ਪ੍ਰਯੋਗਸ਼ਾਲਾਵਾਂ ਵਿੱਚ ਲੌਕਡਾਊਨ ਲਗਾਉਣ ਤੋਂ ਪਹਿਲਾਂ ਕੀਤੇ ਗਏ ਅਭਿਆਸਾਂ ਦੇ ਸਮੂਹ ਵਿਚੋਂ ਲਈਆਂ ਜਾਣ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …