ਭੀਖੀ, 1 ਜੂਨ (ਪੰਜਾਬ ਪੋਸਟ – ਕਮਲ ਜ਼ਿੰਦਲ) – ਹਰਿਆਣਾ ਅਤੇ ਪੰਜਾਬ ਦੀ ਸਿੱਖਿਆ ਦੇ 38 ਸਾਲ ਲੇਖੇ ਲਾ ਕੇ ਵਿਦਿਆਰਥੀਆ ਨੂੰ ਪੜ੍ਹਾਉਣ ਅਤੇ 11 ਸਾਲ ਜ਼ਿਲ੍ਹੇ ਭਰ ਦੇ ਨੰਨੇ ਬਾਲਾਂ ਨੂੰ ਖਿਡਾਉਣ ਵਾਲੇ ਹੈਡ ਟੀਚਰ ਬਲਦਰਸ਼ਨ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਮੋਹਰ ਸਿੰਘ ਵਾਲਾ ਤੋਂ ਸੇਵਾ ਮੁਕਤ ਹੋ ਗਏ ਹਨ, ਕੋਰੋਨਾ ਵਾਇਰਸ ਕਾਰਨ ਬੇਸ਼ੱਕ ਕੋਈ ਵਿਦਾਇਗੀ ਸਮਾਰੋਹ ਨਹੀਂ ਹੋਇਆ।ਪਰ ਜ਼ਿਲੇ ਭਰ ਦੇ ਅਧਿਆਪਕਾਂ ਨੇ ਉਨਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਰੱਜਵੀਂ ਪ੍ਰਸ਼ੰਸਾ ਕੀਤੀ।ਉਹ ਅੱਜ ਅਪਣੇ ਸਕੂਲ ਆਏ ਅਤੇ ਕੁੱਝ ਚੋਣਵੇਂ ਸਾਥੀਆਂ ਨੇ ਉਨ੍ਹਾਂ ਨੂੰ ਭਾਵਪੂਰਤ ਤਰੀਕੇ ਨਾਲ ਵਿਦਾਇਗੀ ਦਿੱਤੀ।
ਬੇਸ਼ੱਕ ਐਨ ਮੌਕੋ ‘ਤੇ ਆ ਕੇ ਵੀ ਉਨ੍ਹਾਂ ਦੀ ਸੈਂਟਰ ਹੈਡ ਟੀਚਰ ਵਜੋਂ ਤਰੱਕੀ ਨਹੀਂ ਹੋ ਸਕੀ।ਪਰ ਉਹ ਇਸ ਪੱਖੋਂ ਖੁਸ਼ ਨੇ ਉਨ੍ਹਾਂ ਨੇ ਕਦੇ ਵਿਭਾਗ ਦਾ ਕਹਿਣਾ ਨਹੀਂ ਮੋੜਿਆ।ਉਨ੍ਹਾਂ ਦੀਆਂ ਖੇਡ ਸੇਵਾਵਾਂ ਨੂੰ ਵੀ ਹਮੇਸ਼ਾਂ ਯਾਦ ਰੱਖਿਆ ਜਾਵੇਗਾ।ਖੇਡ ਪ੍ਰਬੰਧਾਂ ‘ਚ ਉਨ੍ਹਾਂ ਦੀ ਤਿੱਕੜੀ ਵੀ ਹਮੇਸ਼ਾਂ ਚਰਚਾ ’ਚ ਰਹੀ।ਜਿਸ ਵਿਚ ਬਲਦਰਸ਼ਨ ਸਿੰਘ ਸਮੇਤ ਪ੍ਰਭੂ ਸਿੰਘ ਸੈਂਟਰ ਹੈਡ ਟੀਚਰ ਜੋ ਥੋੜਾ ਅਰਸਾ ਪਹਿਲਾ ਸੇਵਾ ਮੁਕਤ ਹੋਏ ਹਨ ਅਤੇ ਤੀਸਰੇ ਪ੍ਰੀਤਮ ਸਿੰਘ ਗੁਰਥੜੀ ਸੈਂਟਰ ਹੈਡ ਟੀਚਰ ਗਰਨੇ ਕਲਾਂ ਜੋ ਸੇਵਾ ਮੁਕਤ ਹੋਣ ਕਿਨਾਰੇ ਹਨ ਸ਼ਾਮਲ ਸਨ।ਉਨ੍ਹਾਂ ਨੇ ਦਹਾਕਾ ਭਰ ਇਕੱਠਿਆਂ ਪ੍ਰਾਇਮਰੀ ਖੇਡਾਂ ਨੂੰ ਉਸ ਸਮੇਂ ਦੌਰਾਨ ਸਫਲ ਬਣਾਇਆ, ਜਦੋ ਅਧਿਆਪਕ ਅਪਣੀਆਂ ਜੇਬਾਂ ‘ਚੋਂ ਸਾਰੇ ਖਰਚੇ ਕਰਕੇ ਖੇਡਾਂ ਨੂੰ ਸਿਰੇ ਲਾਉਂਦੇ ਰਹੇ।ਉਹ ਹਰਿਆਣਾ ਵਿਖੇ ਮਹਿਮੜਾ ਤੇ ਮੀਰਾਣਾਂ ਵਿਖੇ ਸਰਵਿਸ ਕਰਨ ਤੋਂ ਬਾਅਦ ਪੰਜਾਬ ਵਿੱਚ ਰਿਉਂਦ ਕਲਾਂ ਤੇ ਖੁਰਦ, ਹੋਡਲਾ ਕਲਾਂ ਤੇ ਮੋਹਰ ਸਿੰਘ ਵਾਲਾ ਵਿਖੇ ਨੌਕਰੀ ਕੀਤੀ, ਲੰਬਾ ਸਮਾਂ ਖੇਡ ਅਫ਼ਸਰ ਦੇ ਤੌਰ ਤੇ ਕੰਮ ਕੀਤਾ।
ਉਨ੍ਹਾਂ ਅਧਿਆਪਕ ਦਲ ‘ਚ ਕੰਮ ਕਰਦਿਆਂ ਹਮੇਸ਼ਾਂ ਹੀ ਅਧਿਆਪਕਾਂ ਦੀਆਂ ਹੱਕੀਂ ਮੰਗਾਂ ਮਸਲਿਆਂ ਤੇ ਜਥੇਬੰਦੀ ਦਾ ਡਟ ਕੇ ਸਾਥ ਦਿੱਤਾ।ਜਥੇਬੰਦੀ ਨੇ ਉਨ੍ਹਾਂ ਨੂੰ ਬਣਦਾ ਸਤਿਕਾਰ ਦਿੱਤਾ।ਅੱਜ ਵੀ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਮਾਨ, ਪ੍ਰੀਤਮ ਸਿੰਘ ਗੁਰਥੜੀ, ਨੇ ਐਤਵਾਰ ਵਾਲੇ ਦਿਨ ਬਿਨਾਂ ਕਿਸੇ ਸਮਾਗਮ ਉਨ੍ਹਾਂ ਨੂੰ ਸਾਦੇ ਢੰਗ ਨਾਲ ਵਧਾਈ ਦਿੱਤੀ ਅਤੇ ਭਵਿੱਖ ‘ਚ ਉਨ੍ਹਾਂ ਦੇ ਦੁੱਖਾਂ ਸੁੱਖਾਂ ‘ਚ ਖੜਨ ਦਾ ਭਰੋਸਾ ਦਿੱਤਾ।ਇਸ ਮੌਕੇ ਬਲਾਕ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ, ਸੁਖਦੇਵ ਸਿੰਘ ਧਾਲੀਵਾਲ, ਗੁਰਇਕਬਾਲ ਸਿੰਘ ਬਾਲੀ, ਬਹਾਦਰ ਖਾਂ, ਬਬੀਤਾ ਰਾਣੀ, ਗੁਰਦੇਵ ਕੌਰ, ਬਲਜਿੰਦਰ ਖਿਆਲਾ, ਭਰਪੂਰ ਸਿੰਘ, ਅਮਨਦੀਪ ਕੁਮਾਰ ਮੋਜੂਦ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸ਼ਾਨਦਾਰ ਸੇਵਾਵਾਂ ਲਈ ਵਧਾਈ ਦਿੱਤੀ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …