24 ਮਈ ਨੂੰ ਦਿੱਲੀ ਤੋਂ ਆਉਣ ’ਤੇ ਕੀਤਾ ਗਿਆ ਸੀ ਕੁਆਰਨਟੀਨ, ਪਰਿਵਾਰਿਕ ਮੈਂਬਰਾਂ ਦੇ ਸੈਂਪਲ ਲਏ
ਬਲਾਚੌਰ, 1 ਜੂਨ (ਪੰਜਾਬ ਪੋਸਟ ਬਿਊਰੋ) – ਬਲਾਚੌਰ ਸਬ ਡਵੀਜ਼ਨ ਦੇ ਪਿੰਡ ਆਦੋਆਣਾ ਦੇ ਦਿੱਲੀ ਤੋਂ ਪਰਤੇ ਵਿਅਕਤੀ ਦਾ ਕੋਰੋਨਾ ਵਾਇਰਸ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ।ਦਿੱੱਲੀ ਵਿਖੇ ਕੰਮ ਕਰਦੇ ਇਸ 28 ਸਾਲ ਦੇ ਵਿਅਕਤੀ ਨੂੰ 24 ਮਈ ਨੂੰ ਪਿੰਡ ਪਰਤਣ ’ਤੇ ਇਹਤਿਆਤ ਵਜੋਂ ਉਸ ਦੇ ਘਰ ਹੀ ਕੁਆਰਨਟੀਨ ਕਰਕੇ ਉਸ ’ਤੇ ਨਜ਼ਰ ਰੱਖੀ ਜਾ ਰਹੀ ਸੀ।
ਐਸ.ਡੀ.ਐਮ ਬਲਾਚੌਰ ਜਸਬੀਰ ਸਿੰਘ ਜੋ ਕਿ ਐਸ.ਐਮ.ਓ ਡਾ. ਰਵਿੰਦਰ ਸਿੰਘ ਠਾਕੁਰ ਨਾਲ ਤੁਰੰਤ ਪਿੰਡ ਪੁੱਜੇ, ਨੇ ਦੱਸਿਆ ਕਿ ਉਕਤ ਨੌਜੁਆਨ ਨੂੰ ਉਸ ਦੇ ਘਰ ਦੇ ਨੇੜੇ ਹੀ ਅਲੱਗ ਥਾਂ ’ਤੇ ਕੁਆਰਨਟੀਨ ਕਰਨ ਦੇ ਪੰਜ ਦਿਨ ਬਾਅਦ 29 ਮਈ ਨੂੰ ਸੈਂਪਲ ਲਿਆ ਗਿਆ, ਜਿਸ ਦੀ ਅੱਜ ਰਿਪੋਰਟ ਆਉਣ ’ਤੇ ਉਸ ਨੂੰ ਪਾਜ਼ਟਿਵ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਪੀੜਤ ਵਿਅਕਤੀ ਨੂੰ ਸਰਕਾਰੀ ਐਂਬੂਲੈਂਸ ਰਾਹੀਂ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਢਾਹਾਂ ਕਲੇਰਾਂ ਦੀ ਆਈਸੋਲੇਸ਼ਨ ਸੁਵਿਧਾ ’ਚ ਤਬਦੀਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਨੌਜੁਆਨ ਦੇ ਪਰਿਵਾਰ ਨਾਲ ਸਬੰਧਤ 12 ਮੈਂਬਰਾਂ ਦੇ ਇਹਤਿਆਤ ਵਜੋਂ ਸੈਂਪਲ ਲਏ ਗਏ ਹਨ ਤਾਂ ਜੋ ਉਨ੍ਹਾਂ ਦੀ ਸਿਹਤ ਸੁਰੱਖਿਆ ਬਾਰੇ ਜਾਂਚ ਕੀਤੀ ਜਾ ਸਕੇ।