Monday, December 23, 2024

ਸਰਬਤ ਦਾ ਭਲਾ ਟਰੱਸਟ ਨੇ ਸਿਕਲੀਕਰ ਸਿੱਖਾਂ ਦੀ ਫੜ੍ਹੀ ਬਾਂਹ

ਮੱਧ ਪ੍ਰਦੇਸ਼ ‘ਚ ਰਾਸ਼ਨ ਦੇਣ ਦੇ ਨਾਲ ਖਸਤਾ ਹਾਲ ਘਰਾਂ ਦੀ ਕਰਵਾਈ ਮੁਰੰਮਤ

ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ ਬਿਊਰੋ) – ਕਿਸੇ ਵੀ ਮੁਸੀਬਤ ‘ਚ ਫਸਣ ਜਾਂ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਣ ਵਾਲੇ ਲੋੜਵੰਦ ਲੋਕਾਂ ਦੀ ਮਦਦ ਕਰਨ ਵਾਲੇ ਦੁਬਈ ਦੇ ਉਘੇ ਸਿੱਖ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਨੇ ਸਿਕਲੀਗਰ ਸਿੱਖਾਂ ਦੀ ਬਾਂਹ ਫੜੀ ਹੈ।ਡਾ. ਓਬਰਾਏ ਨੇ ਮਾੜੇ ਹਾਲਾਤਾਂ ‘ਚ ਗੁਜ਼ਰ ਬਸਰ ਕਰ ਰਹੇ ਮੱਧ ਪ੍ਰਦੇਸ਼ ਦੇ ਸਿਕਲੀਗਰ ਸਿੱਖਾਂ ਨੂੰ ਜਿਥੇ ਰਾਸ਼ਨ ਪਹੁੰਚਾਇਆ, ਉਥੇ ਉਨ੍ਹਾਂ ਦੇ ਖਸਤਾਹਾਲ ਘਰਾਂ ਦੀ ਮੁਰੰਮਤ ਵੀ ਕਰਵਾ ਕੇ ਦਿੱਤੀ ਹੈ।
             ਡਾ. ਓਬਰਾਏ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੱਧ ਪ੍ਰਦੇਸ਼ ਦੇ ਜਿਲ੍ਹਾ ਬੁਰਹਾਨਪੁਰ ਦੇ ਇੱਕ ਪਿੰਡ ‘ਚ ਰਹਿਣ ਵਾਲੇ ਸਿਕਲੀਗਰ ਸਿੱਖਾਂ ਦੇ ਇੱਕ ਆਗੂ ਰਾਹੁਲ ਸਿੰਘ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਦੱਸਿਆ ਸੀ ਕਿ ਉਨਾਂ ਦੇ ਖੇਤਰ ਦੇ ਪਹਿਲਾਂ ਹੀ ਆਰਥਿਕ ਮੰਦਹਾਲੀ ਚੋਂ ਗੁਜ਼ਰ ਰਹੇ ਬਹੁਤ ਸਾਰੇ ਸਿਕਲੀਗਰ ਸਿੱਖਾਂ ਦੇ ਪਰਿਵਾਰਾਂ ਨੂੰ ਕਰੋਨਾ ਕਾਰਨ ਪੈਦਾ ਹਾਲਾਤਾਂ ਕਾਰਣ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ।ਇਹਨਾਂ ਤਰਸਯੋਗ ਹਾਲਾਤਾਂ ਨੂੰ ਦੇਖਦਿਆਂ ਉਨਾਂ ਨੇ ਟਰੱਸਟ ਵਲੋਂ ਮਈ ਮਹੀਨੇ ‘ਚ ਉਥੇ ਰਹਿੰਦੇ 150 ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਭੇਜਿਆ ਗਿਆ ਸੀ।ਰਾਸ਼ਨ ਪਹੁੰਚਣ ਉਪਰੰਤ ਜਦ ਉਥੋਂ ਦੀਆਂ ਵੀਡੀਓ ਤੇ ਫੋਟੋਆਂ ਸਾਹਮਣੇ ਆਈਆਂ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਿਕਲੀਗਰ ਸਿੱਖਾਂ ਦੇ ਘਰ ਬਹੁਤ ਹੀ ਖਸਤਾ ਹਾਲਤ ‘ਚ ਹਨ।ਇਸ ਸੰਬੰਧੀ ਗੱਲ ਕਰਨ ‘ਤੇ ਪ੍ਰਧਾਨ ਰਾਹੁਲ ਸਿੰਘ ਨੇ ਦੱਸਿਆ ਕਿ ਇੱਥੇ ਰਹਿਣ ਵਾਲੇ 7 ਪਰਿਵਾਰਾਂ ਦੇ ਘਰਾਂ ਦੀਆਂ ਤਾਂ ਛੱਤਾਂ ਵੀ ਨਹੀਂ ਹਨ। ਜਿਸ ਨੂੰ ਵੇਖਦਿਆਂ ਤੁਰੰਤ ਟਰੱਸਟ ਵੱਲੋਂ 100 ਲੋਹੇ ਦੀਆਂ ਚਾਦਰਾਂ ਭੇਜ ਕੇ ਉਕਤ ਘਰਾਂ ਦੀ ਮੁਰੰਮਤ ਕਰਵਾ ਕੇ ਛੱਤਾਂ ਪਵਾ ਦਿੱਤੀਆਂ ਗਈਆਂ ਹਨ ਤਾਂ ਜੋ ਆਉਣ ਵਾਲੇ ਬਰਸਾਤਾਂ ਦੇ ਦਿਨਾਂ ‘ਚ ਉਨਾਂ ਪਰਿਵਾਰਾਂ ਨੂੰ ਕੋਈ ਮੁਸ਼ਕਲ ਨਾ ਆਵੇ।
             ਡਾ. ਓਬਰਾਏ ਨੇ ਦੱਸਿਆ ਕਿ ਸਿਕਲੀਗਰ ਭਾਈਚਾਰੇ ਨੇ ਸਾਡੇ ਗੁਰੂ ਸਾਹਿਬਾਨਾਂ ਦੀ ਬਹੁਤ ਸੇਵਾ ਕੀਤੀ ਹੈ ਅਤੇ ਉਹ ਅੱਜ ਵੀ ਪੂਰੇ ਸਿੱਖੀ ਸਰੂਪ ‘ਚ ਰਹਿੰਦੇ ਹਨ।ਇਸ ਲਈ ਟਰੱਸਟ ਵਲੋਂ ਇਸ ਭਾਈਚਾਰੇ ਨੂੰ ਕਦੇ ਵੀ ਕਿਸੇ ਚੀਜ਼ ਦੀ ਤੋਟ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਇਸ ਮਹੀਨੇ ਵੀ ਟਰੱਸਟ ਵਲੋਂ ਮੁੜ ਸਾਰੇ ਪਰਿਵਾਰਾਂ ਲਈ ਸੁੱਕਾ ਰਾਸ਼ਨ ਭੇਜਿਆ ਜਾ ਰਿਹਾ ਹੈ ਅਤੇ ਇਹ ਸਾਰੀ ਸੇਵਾ ਅਗੇ ਵੀ ਨਿਰੰਤਰ ਜਾਰੀ ਰਹੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …