Monday, December 23, 2024

ਪੈਨਸ਼ਨ ਤੇ ਮੋਟੀਆਂ ਤਨਖਾਹਾਂ ‘ਚ ਕਟੌਤੀ ਨਾ ਕਰਨ ‘ਤੇ ਸਿਆਸੀ ਨੇਤਾ ਇਕਜੁੱਟ – ਕਮਾਂਡੈਂਟ ਰਸ਼ਪਾਲ ਸਿੰਘ

ਸਮਰਾਲਾ, 12 ਜੂਨ (ਪੰਜਾਬ ਪੋਸਟ -ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਹੀਨਾਵਾਰ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਫਰੰਟ ਦੇ ਪ੍ਰਧਾਨ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੋਈ।ਜਿਸ ਵਿੱਚ ਸਮਰਾਲਾ ਤੋਂ ਇਲਾਵਾ ਮਾਛੀਵਾੜਾ ਅਤੇ ਖਮਾਣੋਂ ਇਕਾਈਆਂ ਦੇ ਮੈਂਬਰ ਵੀ ਸ਼ਾਮਲ ਹੋਏ।ਸਭ ਤੋਂ ਪਹਿਲਾਂ ਸਾਹਿਤ ਦੇ ਖੇਤਰ ਵਿੱਚ ਵੱਡਾ ਨਾਮਨਾ ਖੱਟਣ ਵਾਲੀ ਉੱਘੀ ਸਖਸ਼ੀਅਤ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਜਿਨ੍ਹਾਂ ਦੀਆਂ ਲਿਖਤਾਂ ਗਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ ਦੀ ਦੁਰਦਸ਼ਾ ਨੂੰ ਬਿਆਨ ਕਰਦੀਆਂ ਹੁੰਦੀਆਂ ਸਨ।
                ਸਾਰੇ ਹਾਜ਼ਰੀਨ ਨੇ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।ਜੰਗ ਸਿੰਘ ਭੰਗਲਾਂ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਹਰੇਕ ਵਰਗ ਖਾਸ ਕਰ ਮੱਧ ਵਰਗ ਦੇ ਲੋਕਾਂ ਦੀ ਅਰਥ ਵਿਵਸਥਾ ਨੂੰ ਵੱਡੀ ਸੱਟ ਲੱਗੀ ਹੈ।ਅਜੇ ਵੀ ਕੋਈ ਵੱਡੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।ਲੋਕਾਂ ਨੂੰ ਰਾਹਤ ਦੇ ਨਾਂ ਤੇ ਸਰਕਾਰਾਂ ਸਿਰਫ ਫੌਕੀ ਬਿਆਨਬਾਜ਼ੀ ਕਰ ਰਹੀਆਂ ਹਨ।ਕਿਸਾਨ ਤੇ ਮਜ਼ਦੂਰ ਜੋ ਦੇਸ਼ ਦੀ ਰੀੜ ਦੀ ਹੱਡੀ ਹਨ, ਉਨ੍ਹਾਂ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਗਈ।ਭਵਿੱਖ ਵਿੱਚ ਸਾਨੂੰ ਕੋਰੋਨਾ ਦੇ ਨਾਲ ਹੀ ਜਿਊਣਾ ਪਵੇਗਾ। ਸਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਸਾਨੂੰ ਆਪਣੇ ਖਾਣ ਪੀਣ ਅਤੇ ਰਹਿਣ ਸਹਿਣ ਦਾ ਢੰਗ ਬਦਲਣਾ ਪਵੇਗਾ।ਸਾਦੇ ਰੀਤੀ ਰਿਵਾਜਾਂ ਨਾਲ ਅਸੀਂ ਆਪਣੀ ਜ਼ਿੰਦਗੀ ਸਹੀ ਦਿਸ਼ਾ ਵਲ ਲਿਜਾ ਸਕਦੇ ਹਾਂ। ਕਮਾਂਡੈਂਟ ਰਸ਼ਪਾਲ ਸਿੰਘ ਨੇ ਕਿਹਾ ਕਿ ਕੋਰੋਨਾ ਕਾਰਨ ਸਾਡੇ ਦੇਸ਼ ਦੀ ਆਰਥਿਕਤਾ ਬੁਰੀ ਤਰ੍ਹਾਂ ਡਗਮਗਾ ਗਈ ਹੈ। ਸਿਆਸੀ ਨੇਤਾਵਾਂ ਦੀਆਂ ਫੌਕੀਆਂ ਬਿਆਨਬਾਜ਼ੀਆਂ ਨੂੰ ਸਾਡਾ ਟੈਲੀਮੀਡੀਆ ਪੂਰੀ ਤੂਲ ਦੇ ਰਿਹਾ ਹੈ। ਰੋਜਾਨਾਂ ਟੀ.ਵੀ ਉਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਦੀਆਂ ਡਿਬੇਟ ਹੁੰਦੀਆਂ ਹਨ, ਜਿਨ੍ਹਾਂ ਦਾ ਕੋਈ ਸਾਰਥਿਕ ਨਤੀਜਾ ਸਾਹਮਣੇ ਨਹੀਂ ਆਉਂਦਾ।
ਅੱਜ ਤੱਕ ਕਦੇ ਵੀ ਕਿਸੇ ਵੀ ਪਾਰਟੀ ਦੇ ਸਿਆਸੀ ਨੇਤਾ ਨੇ ਹਰੇਕ ਪੰਜ ਸਾਲ ਬਾਅਦ ਹਰੇਕ ਵਿਧਾਇਕ ਨੂੰ ਲੱਗਦੀ ਨਵੀਂ ਪੈਨਸ਼ਨ ਬੰਦ ਕਰਨ, ਮੰਤਰੀਆਂ ਜਾਂ ਵਿਧਾਇਕਾਂ ਦੀਆਂ ਮੋਟੀਆਂ ਤਨਖਾਹਾਂ ਵਿੱਚ ਕਟੌਤੀ ਕਰਨ ਸਬੰਧੀ ਮੂੰਹ ਨਹੀਂ ਖੋਲਿਆ।ਸਿਆਸੀ ਲੋਕ ਬਿਨਾਂ ਕਿਸੇ ਉਚੇਰੀ ਯੋਗਤਾ ਦੇ ਹਰੇਕ ਪੰਜ ਸਾਲ ਨਵੀਂ ਪੈਨਸ਼ਨ ਦੇ ਹੱਕਦਾਰ ਹੋ ਜਾਂਦੇ ਹਨ, ਜਦੋਂ ਕਿ ਦੂਸਰੇ ਪਾਸੇ ਉਚੇਰੀ ਪੜ੍ਹਾਈ ਕਰਕੇ, ਟੈਸਟ ਪਾਸ ਕਰਕੇ ਫਿਰ 30-35 ਸਾਲ ਸਰਕਾਰੀ ਨੌਕਰੀ ਕਰਕੇ ਇੱਕ ਪੈਨਸ਼ਨ ਦੇ ਹੱਕਦਾਰ ਹੁੰਦੇ ਹਨ।ਸਾਰੀਆਂ ਪਾਰਟੀਆਂ ਦੇ ਸਿਆਸੀ ਲੋਕ ਆਪਣੀਆਂ ਪੈਨਸ਼ਨਾਂ ਅਤੇ ਮੋਟੀਆਂ ਤਨਖਾਹਾਂ ਲਈ ਪੂਰੀ ਤਰ੍ਹਾਂ ਇਕਜੁੱਟ ਹਨ।ਇਸ ਲਈ ਸਾਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣਾ ਪੈਣਾ, ਮੈਡੀਕਲ ਸੇਵਾਵਾਂ ਅਤੇ ਸਿੱਖਿਆ ਪ੍ਰਤੀ ਸੰਜ਼ੀਦਾ ਹੋਣਾ ਪੈਣਾ।ਮੀਟਿੰਗ ਵਿੱਚ ਦਰਸ਼ਨ ਸਿੰਘ ਕੰਗ, ਹੈਡਮਾਸਟਰ ਪ੍ਰੇਮ ਨਾਥ, ਸੁਰਿੰਦਰ ਕੁਮਾਰ, ਕੇਵਲ ਕ੍ਰਿਸ਼ਨ ਸ਼ਰਮਾ, ਰਾਜਿੰਦਰ ਸਿੰਘ ਸਮਰਾਲਾ, ਕਰਨੈਲ ਸਿੰਘ ਚਹਿਲਾਂ, ਕੇਵਲ ਸਿੰਘ ਮੰਜਾਲੀਆ, ਪ੍ਰਿਥੀਪਾਲ ਸਿੰਘ ਸਮਰਾਲਾ, ਘੋੋਲਾ ਰਾਮ, ਮਨਜੀਤ ਕੌਰ, ਰਵਿੰਦਰ ਕੌਰ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …