Monday, July 14, 2025
Breaking News

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਲੜੀਵਾਰ ਕੀਰਤਨ ਸਮਾਗਮ

PPN14101414
ਨਵੀਂ ਦਿੱਲੀ, 14 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਚੇਅਰਮੈਨ ਮਨਮੋਹਨ ਸਿੰਘ ਮਿੰਟੂ ਵੱਲੋਂ ਆਪਣੇ ਹਲਕੇ ਗੀਤਾ ਕਲੌਨੀ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜੀਵਾਰ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਲੜੀਵਾਰ ਕੀਰਤਨ ਸਮਾਗਮ ਦੌਰਾਨ ਪਹਿਲਾ ਦੀਵਾਨ ਗੁਰਦੁਆਰਾ ਗੁਰੂ ਤੇਗ ਬਹਾਦਰ ਨਿਵਾਸ 13 ਬਲਾਕ ਗੀਤਾ ਕਲੌਨੀ, ਦੁੂਜਾ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੇਲੀਵਾੜਾ ਸ਼ਾਹਦਰਾ, ਤੀਜਾ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 10 ਬਲਾਕ ਗੀਤਾ ਕਲੌਨੀ ਅਤੇ ਚੌਥਾ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 7 ਬਲਾਕ ਗੀਤਾ ਕਲੌਨੀ ਵਿਖੇ ਸਜਾਇਆ ਗਿਆ।
ਸ਼ਾਮ ਨੂੰ ਸਜਾਏ ਗਏ ਇਨ੍ਹਾਂ ਦੀਵਾਨਾ ਦੌਰਾਨ ਭਾਈ ਜਸਪ੍ਰੀਤ ਸਿੰਘ (ਸੋਨੂੰ ਵੀਰ ਜੀ) ਨੇ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਗਾਇਨ ਕਰਦੇ ਹੋਏ ਸੰਗਤਾਂ ਨੂੰ ਗੁਰੂ ਰਾਮਦਾਸ ਜੀ ਵੱਲੋਂ ਦਿਖਾਏ ਗਏ ਨਿਮਰਤਾ, ਸੇਵਾ ਅਤੇ ਸਮਰਪਣ ਦੇ ਸਿਧਾਂਤ ਤੇ ਪਹਿਰਾ ਦੇਣ ਦੀ ਤਾਕੀਦ ਕੀਤੀ। ਦੀਵਾਨਾਂ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਵੀ ਸੰਗਤਾਂ ਵਿੱਚ ਵਰਤਾਇਆ ਗਿਆ।
ਮਿੰਟੂ ਨੇ ਇਸ ਲੜੀਵਾਰ ਸਮਾਗਮ ਵਿੱਚ ਸਹਿਯੋਗ ਦੇਣ ਲਈ ਸਮੂਹ ਸਿੰਘ ਸਭਾਵਾਂ ਤੇ ਇਸਤ੍ਰੀ ਸਤਸੰਗ ਜਥਿਆਂ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਦਿੱਲੀ ਕਮੇਟੀ ਵੱਲੋਂ ਅੱਗੇ ਵੀ ਇਸੇ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣ ਦੀ ਗੱਲ ਕਹੀ। ਧਰਮ ਪ੍ਰਚਾਰ ਦੇ ਖੇਤਰ ਵਿੱਚ ਕੀਰਤਨ ਸਮਾਗਮਾਂ ਦੀ ਲੜੀ ਨੂੰ ਜ਼ਰੂਰੀ ਦੱਸਦੇ ਹੋਏ ਮਿੰਟੂ ਨੇ ਗੁਰੂ ਰਾਮਦਾਸ ਦੇ ਦੱਸੇ ਹੋਏ ਮਾਰਗ ਤੇ ਚਲਣ ਦੀ ਵੀ ਸੰਗਤਾਂ ਨੂੰ ਬੇਨਤੀ ਕੀਤੀ। ਇਸ ਮੌਕੇ ਭਾਈ ਜਸਪ੍ਰੀਤ ਸਿੰਘ ਦਾ ਸਿਰੋਪਾ ਅਤੇ ਸ੍ਰੀ ਸਾਹਿਬ ਮਿੰਟੂ ਅਤੇ ਗੁਰਮੀਤ ਸਿੰਘ ਬੇਦੀ ਵੱਲੋਂ ਦੇਕੇ ਸਨਮਾਨ ਵੀ ਕੀਤਾ ਗਿਆ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply