ਮੁੱਖ ਮੰਤਰੀ ਦੀ ਤਰਫੋ ਕੈਬਨਿਟ ਮੰਤਰੀ ਧਰਮਸੋਤ ਨੇ ਸ਼ਹੀਦ ਸਲੀਮ ਖ਼ਾਨ ਨੂੰ ਭੇਟ ਕੀਤੀ ਸ਼ਰਧਾਂਜਲੀ
ਪਟਿਆਲਾ, 27 ਜੂਨ (ਪੰਜਾਬ ਪੋਸਟ ਬਿਊਰੋ) – ਪਟਿਆਲਾ-ਬਲਬੇੜਾ ਰੋਡ `ਤੇ ਸਥਿਤ ਪਿੰਡ ਮਰਦਾਂਹੇੜੀ ਦਾ ਵਸਨੀਕ ਅਤੇ ਭਾਰਤੀ ਫ਼ੌਜ ਦੀ 58 ਇੰਜੀਨੀਅਰ
ਰੈਜੀਮੈਂਟ ਦਾ ਲਾਂਸ ਨਾਇਕ ਸਲੀਮ ਖ਼ਾਨ (24 ਸਾਲ) ਭਾਰਤ-ਚੀਨ ਸਰਹੱਦ ਨੇੜੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀ ਗਿਆ ਹੈ।ਸਲੀਮ ਖ਼ਾਨ ਦੇ ਸ਼ਹੀਦ ਹੋਣ ਦੀ ਖ਼ਬਰ ਪੁੱਜਣ `ਤੇ ਪਿੰਡ ਮਰਦਾਂਹੇੜੀ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਪਸਰ ਗਈ।
ਅੱਜ ਲੇਹ ਤੋਂ ਭਾਰਤੀ ਫ਼ੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਲਾਂਸ ਨਾਇਕ ਸਲੀਮ ਖ਼ਾਨ ਦੀ ਮ੍ਰਿਤਕ ਦੇਹ ਨੂੰ ਚੰਡੀਗੜ੍ਹ ਲਿਆਂਦਾ ਗਿਆ, ਜਿਥੋਂ ਉਸ ਨੂੰ ਸੜਕ ਰਸਤੇ ਵੱਡੇ ਕਾਫ਼ਲੇ ਰਾਹੀਂ ਉਸ ਦੇ ਪਿੰਡ ਮਰਦਾਂਹੇੜੀ ਲਿਆਂਦਾ ਗਿਆ।ਇਸ ਮਗਰੋਂ ਪੂਰੇ ਸਰਕਾਰੀ ਅਤੇ ਫ਼ੌਜੀ ਸਨਮਾਨਾਂ ਨਾਲ ਅਤੇ ਨਮਾਜ-ਏ-ਜਨਾਜ਼ਾ ਅਦਾ ਕਰਨ ਤੋਂ ਬਾਅਦ ਪਿੰਡ ਦੇ ਕਬਰਿਸਤਾਨ ਵਿਖੇ ਸਲੀਮ ਖ਼ਾਨ ਦੀ ਦੇਹ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ।
ਸ਼ਹੀਦ ਨੂੰ ਸਪੁਰਦ-ਏ-ਖ਼ਾਕ ਕਰਨ ਤੋਂ ਪਹਿਲਾਂ ਸ਼ਹੀਦ ਦੀ ਮਾਤਾ ਨਸੀਮਾ ਬੇਗਮ, ਭੈਣ ਸੁਲਤਾਨਾ ਅਤੇ ਭਰਾ ਨਿਆਮਤ ਅਲੀ ਨੇ ਸ਼ਹੀਦ ਸਲੀਮ ਖ਼ਾਨ ਨੂੰ ਸਲਿਊਟ ਨਾਲ ਸਲਾਮੀ ਦੇ ਕੇ ਦੇਸ਼ ਦੇ ਇਸ ਬਹਾਦਰ ਸ਼ਹੀਦ ਦੀ ਕੁਰਬਾਨੀ ਨੂੰ ਸਜ਼ਦਾ ਕੀਤਾ।ਪਟਿਆਲਾ ਮਿਲਟਰੀ ਸਟੇਸ਼ਨ ਦੇ ਕਮਾਂਡਰ ਬ੍ਰਿਗੇਡੀਅਰ ਪ੍ਰਤਾਪ ਸਿੰਘ ਰਾਣਾਵਤ ਨੇ ਸ਼ਹੀਦ ਦੇ ਤਾਬੂਤ `ਤੇ ਲਿਪਟਿਆ ਤਿਰੰਗਾ ਝੰਡਾ ਸ਼ਹੀਦ ਦੀ ਮਾਤਾ ਨੂੰ ਸੌਂਪ ਕੇ ਸਲਿਊਟ ਕੀਤਾ।
ਸ਼ਹੀਦ ਨਾਇਬ ਸਲੀਮ ਖਾਨ ਨੂੰ ਸਪੁਰਦ-ਏ-ਖ਼ਾਕ ਕਰਨ ਮੌਕੇ ਭਾਰਤੀ ਫ਼ੌਜ ਦੇ ਬਿਗਲਰ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ।ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸ਼ਹੀਦ ਦੀ ਦੇਹ `ਤੇ ਰੀਥ ਰੱਖ ਕੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ।ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਫੁੱਲਮਾਲਾ ਰੱਖਕੇ ਸ਼ਰਧਾਂਜਲੀ ਅਰਪਿਤ ਕੀਤੀ। ਭਾਰਤੀ ਫ਼ੌਜ ਦੇ ਮੁਖੀ ਦੀ ਤਰਫ਼ੋਂ ਪਟਿਆਲਾ ਸਟੇਸ਼ਨ ਦੇ ਕਮਾਂਡਰ ਬ੍ਰਿਗੇਡੀਅਰ ਪ੍ਰਤਾਪ ਸਿੰਘ ਰਾਣਾਵਤ ਨੇ ਰੀਥ ਰੱਖਕੇ ਸ਼ਰਧਾਂਜਲੀ ਅਰਪਿਤ ਕੀਤੀ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਤਰਫ਼ੋਂ ਉਨ੍ਹਾਂ ਦੇ ਪੀ.ਏ ਬਹਾਦਰ ਖ਼ਾਨ ਨੇ ਰੀਥ ਰੱਖੀ।
ਇਸੇ ਦੌਰਾਨ ਲੋਕ ਸਭਾ ਮੈਂਬਰ ਪਟਿਆਲਾ ਸ੍ਰੀਮਤੀ ਪਰਨੀਤ ਕੌਰ ਦੀ ਤਰਫ਼ੋਂ ਉਨ੍ਹਾਂ ਦੇ ਨਿੱਜੀ ਸਕੱਤਰ ਬਲਵਿੰਦਰ ਸਿੰਘ ਨੇ ਰੀਥ ਰੱਖੀ।ਇਸ ਤੋਂ ਇਲਾਵਾ ਟੂ ਕੋਰ ਕਮਾਂਡਰ ਅੰਬਾਲਾ ਦੀ ਤਰਫ਼ੋਂ ਕਰਨਲ ਉਠੱਈਆ, ਵਨ ਆਰਮਡ ਡਵੀਜਨ ਪਟਿਆਲਾ ਦੇ ਜੀ.ਓ.ਸੀ ਦੀ ਤਰਫ਼ੋਂ ਮੇਜਰ ਬਰਿੰਦਰਜੀਤ ਸਿੰਘ, ਹੈਡ ਕੁਆਰਟਰ ਪੰਜਾਬ, ਹਰਿਆਣਾ ਹਿਮਾਚਲ ਦੀ ਤਰਫ਼ੋਂ ਸੂਬੇਦਾਰ ਮੇਜਰ ਆਰ.ਬੀ ਸਿੰਘ ਅਤੇ ਸਟੇਸ਼ਨ ਕਮਾਂਡਰ ਪਟਿਆਲਾ ਦੀ ਤਰਫ਼ੋਂ ਸੂਬੇਦਾਰ ਰਣਜੀਤ ਭਾਰਤੀ ਨੇ ਰੀਥਾਂ ਰੱਖੀਆਂ।
ਜਿਕਰਯੋਗ ਹੈ ਕਿ 14 ਜਨਵਰੀ 1996 ਨੂੰ ਪਿਤਾ ਮੰਗਲ ਦੀਨ ਅਤੇ ਮਾਤਾ ਨਸੀਮਾ ਬੇਗਮ ਦੇ ਘਰ ਪਿੰਡ ਮਰਦਾਂਹੇੜੀ ਵਿਖੇ ਜਨਮਿਆ ਸਲੀਮ ਖ਼ਾਨ ਫਰਵਰੀ 2014 ਨੂੰ ਭਾਰਤੀ ਫ਼ੌਜ ਦੀ ਬੰਗਾਲ ਇੰਜੀਨੀਅਰ ਰੈਜੀਮੈਂਟ `ਚ ਭਰਤੀ ਹੋਇਆ ਸੀ।ਉਹ ਆਪਣੇ ਪਿੱਛੇ ਮਾਤਾ, ਇੱਕ ਭੈਣ ਸੁਲਤਾਨਾ ਅਤੇ ਇੱਕ ਭਰਾ ਨਿਆਮਤ ਅਲੀ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ।ਸਲੀਮ ਖ਼ਾਨ ਨੂੰ ਦੇਸ਼ ਸੇਵਾ ਦੀ ਗੁੜਤੀ ਪਰਿਵਾਰ ਵਿੱਚੋਂ ਮਿਲੀ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਜਨਾਬ ਮੰਗਲ ਦੀਨ ਨੇ ਵੀ ਭਾਰਤੀ ਫ਼ੌਜ `ਚ ਸੇਵਾ ਨਿਭਾਈ ਸੀ ਅਤੇ ਡਿਊਟੀ ਦੌਰਾਨ ਇੱਕ ਹਾਦਸੇ ਮਗਰੋਂ ਜਖ਼ਮੀ ਹੋਣ ਕਰਕੇ ਉਹ ਸੇਵਾ ਮੁਕਤ ਹੋ ਗਏ ਸਨ ਅਤੇ ਕਰੀਬ 18 ਸਾਲ ਪਹਿਲਾਂ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
ਭਾਰਤੀ ਫ਼ੌਜ ਦੇ ਸੂਤਰਾਂ ਮੁਤਾਬਕ ਲਾਂਸ ਨਾਇਕ ਸਲੀਮ ਖ਼ਾਨ ਫ਼ੌਜ ਦੀ 58 ਇੰਜੀਨੀਅਰ ਰੈਜੀਮੈਂਟ ਵਿੱਚ ਭਾਰਤ-ਚੀਨ ਸਰਹੱਦ ਨੇੜੇ ਲਦਾਖ ਖੇਤਰ `ਚ ਵਗਦੀ ਸ਼ਿਓਕ ਨਦੀ ਨੇੜੇ ਜੋਖ਼ਮ ਭਰੇ ਹਾਲਾਤ ਵਿਖੇ ਭਾਰਤੀ ਫ਼ੌਜ ਦੇ ਓਪਰੇਸ਼ਨ ਖੇਤਰ ਵਿੱਚ ਆਪਣੀ ਇੰਜੀਨੀਅਰਿੰਗ ਦੀ ਡਿਊਟੀ `ਤੇ ਤਾਇਨਾਤ ਸੀ।ਇਸ ਰੈਜੀਮੈਂਟ ਵਲੋਂ 26 ਜੂਨ ਨੂੰ ਬਾਅਦ ਦੁਪਹਿਰ ਕਰੀਬ 1.30 ਵਜੇ ਸ਼ਿਓਕ ਨਦੀ ਵਿੱਚ ਕਿਸ਼ਤੀ ਰਾਹੀਂ ਭਾਰਤੀ ਫ਼ੌਜ ਦੇ ਓਪਰੇਸ਼ਨ ਸਬੰਧੀ ਬਚਾਅ ਕਾਰਜਾਂ ਲਈ ਰੱਸੇ ਲਗਾਉਣ ਦੀ ਡਿਊਟੀ ਨਿਭਾਈ ਜਾ ਰਹੀ ਸੀ।ਇਸ ਦੌਰਾਨ ਅਚਾਨਕ ਵਾਪਰੇ ਹਾਦਸੇ ਕਰਕੇ ਸਲੀਮ ਖ਼ਾਨ ਦੀ ਕਿਸ਼ਤੀ ਪਲਟ ਗਈ ਅਤੇ ਸਲੀਮ ਖ਼ਾਨ ਕਰੀਬ ਬਾਅਦ ਦੁਪਹਿਰ ਕਰੀਬ 3.20 `ਤੇ ਸ਼ਹਾਦਤ ਦਾ ਜਾਮ ਪੀ ਗਿਆ।
ਸਲੀਮ ਖ਼ਾਨ ਨੂੰ ਸਪੁਰਦ-ਏ-ਖ਼ਾਕ ਦੀ ਰਸਮ ਦੌਰਾਨ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ, ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ, ਐਸ.ਐਸ.ਪੀ ਮਨਦੀਪ ਸਿੰਘ ਸਿੱਧੂ, ਏ.ਡੀ.ਸੀ (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਜੀ.ਓ.ਜੀ ਜ਼ਿਲ੍ਹਾ ਮੁਖੀ ਬ੍ਰਿਗੇਡੀਅਰ ਡੀ.ਐਸ ਗਰੇਵਾਲ ਦੀ ਤਰਫ਼ੋਂ ਆਨਰੇਰੀ ਕੈਪਟਨ ਰੱਤੀ ਸ਼ਰਮਾ ਤੇ ਸੂਬੇਦਾਰ ਭੁਪਿੰਦਰ ਸਿੰਘ, ਚੇਅਰਮੈਨ ਅਸ਼ਵਨੀ ਬੱਤਾ, ਚੇਅਰਮੈਨ ਮਦਨਜੀਤ ਡਕਾਲਾ, ਵਾਈਸ ਚੇਅਰਮੈਨ ਅਮਨ ਰਣਜੀਤ ਸਿੰਘ ਗਰੇਵਾਲ, ਐਸ.ਡੀ.ਐਮ ਚਰਨਜੀਤ ਸਿੰਘ, ਡੀ.ਐਸ.ਪੀ ਦਿਹਾਤੀ ਅਜੈਪਾਲ ਸਿੰਘ, ਤਹਿਸੀਲਦਾਰ ਰਣਜੀਤ ਸਿੰਘ, ਐਸ.ਜੀ.ਪੀ.ਸੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਗਜੀਤ ਸਿੰਘ ਕੋਹਲੀ, ਰਮੇਸ਼ ਗੋਇਲ ਡਕਾਲਾ, ਜ਼ਿਲ੍ਹਾ ਪ੍ਰਧਾਨ ਆਪ ਚੇਤੰਨ ਸਿੰਘ ਜੌੜੇਮਾਜਰਾ, ਇੰਦਰਜੀਤ ਸਿੰਘ ਸੰਧੂ, ਮੇਜਰ ਆਰ.ਪੀ.ਐਸ ਮਲਹੋਤਰਾ, ਸਰਪੰਚ ਜਗਦੀਪ ਸਿੰਘ ਮਰਦਾਂਹੇੜੀ, ਬੱਬੀ ਗੋਇਲ, ਧਨਵੰਤ ਸਿੰਘ ਜਿੰਮੀ ਡਕਾਲਾ, ਬੀ.ਜੇ.ਪੀ ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ, ਡੇਰਾ ਬਾਬਾ ਭੀਖਮ ਸ਼ਾਹ ਦੇ ਗੱਦੀਨਸ਼ੀਨ ਬਾਬਾ ਬੁੱਲੇਸ਼ਾਹ ਦੀ ਤਰਫ਼ੋਂ ਬਾਬਾ ਗਫੂਰ, ਬਾਬਾ ਸਾਬਰ, ਸ਼ਗਨ ਵੈਲਫੇਅਰ ਸੁਸਾਇਟੀ ਬਠੋਈ ਤੋਂ ਜਤਿੰਦਰ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ ਨੇ ਵੀ ਰੀਥਾਂ ਰੱਖਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਮੌਲਵੀ ਮੁਹੰਮਦ ਇਕਰਾਮੂਦੀਨ ਨੇ ਨਮਾਜ-ਏ-ਜਨਾਜ਼ਾ ਅਦਾ ਕੀਤੀ।
ਇਸ ਦੌਰਾਨ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੇ ਨਿੱਜੀ ਸਕੱਤਰ ਬਲਵਿੰਦਰ ਸਿੰਘ ਨੇ ਸ੍ਰੀਮਤੀ ਪਰਨੀਤ ਕੌਰ ਦੀ ਸ਼ਹੀਦ ਸਲੀਮ ਖਾਨ ਦੀ ਮਾਤਾ ਨਸੀਮਾ ਬੇਗਮ ਨਾਲ ਫੋਨ `ਤੇ ਗੱਲਬਾਤ ਕਰਵਾਈ।ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਦੇ ਨਾਲ ਖੜੀ ਹੈ।
ਸਲੀਮ ਖਾਨ ਨੂੰ ਸਪੁਰਦ-ਏ-ਖ਼ਾਕ ਕਰਨ ਸਮੇਂ ਸ੍ਰੀਮਤੀ ਪਰਨੀਤ ਕੌਰ ਦੀ ਤਰਫ਼ੋਂ ਬਲਵਿੰਦਰ ਸਿੰਘ ਨੇ ਦੌਸ਼ਾਲਾ ਵੀ ਭੇਟ ਕੀਤਾ।ਇਸ ਸਮੇਂ ਭਾਰਤੀ ਸੈਨਾ, ਪੰਜਾਬ ਸਰਕਾਰ, ਜ਼ਿਲ੍ਹਾ ਪਟਿਆਲਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਸਮੇਤ ਸਿਆਸੀ, ਸਮਾਜਿਕ, ਧਾਰਮਿਕ ਸੰਸਥਾਵਾਂ ਵਲੋਂ ਹਾਜ਼ਰ ਹੋਈਆਂ ਅਹਿਮ ਸ਼ਖ਼ਸੀਅਤਾਂ ਅਤੇ ਹਜ਼ਾਰਾਂ ਦੀ ਗਿਣਤੀ `ਚ ਪੁੱਜੇ ਆਮ ਲੋਕਾਂ ਵਲੋਂ ਸ਼ਹੀਦ ਨੂੰ `ਦੇਸ਼ ਭਗਤੀ ਅਤੇ ਸ਼ਹੀਦ ਸਲੀਮ ਖ਼ਾਨ ਅਮਰ ਰਹੇ“ ਦੇ ਨਾਅਰੇ ਲਾਉਂਦਿਆਂ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ।