ਮੰਗ ਪੱਤਰ ਅਤੇ ਯਾਦ ਪੱਤਰ ਆਨਲਾਈਨ ਦੇਣ ਦੀ ਹਦਾਇਤ
ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ-19 ਦੇ ਚੱਲਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਪੰਜਾਬ ਮਹਾਂਮਾਰੀ ਬਿਮਾਰੀ ਐਕਟ 2020 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਕਿਹਾ ਹੈ ਕਿ ਜ਼ਿਲੇ ਵਿਚ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਧਰਨਾ /ਰੋਸ਼ ਪ੍ਰਦਰਸ਼ਨ ਦੀ ਪੂਰਨ ਮਨਾਹੀ ਹੋਵੇਗੀ।ਜੇਕਰ ਕਿਸੇ ਸਸੰਥਾ, ਜੱਥੇਬੰਦੀ ਅਤੇ ਰਾਜਸੀ ਪਾਰਟੀ ਵਲੋਂ ਧਰਨਾ ਜਾਂ ਰੋਸ ਪ੍ਰਦਰਸ਼ਨ ਕਰਨਾ ਹੋਵੇ ਤਾਂ ਜ਼ਿਲੇ ਵਿੱਚ ਨਿਰਧਾਰਿਤ ਕੀਤੀਆਂ ਥਾਵਾਂ ਰਣਜੀਤ ਐਵੀਨਿਊ, ਨਿਊ ਅੰਮ੍ਰਿਤਸਰ (ਸ਼ਹਿਰੀ ਖੇਤਰ) ਅਤੇ ਦਿਹਾਤੀ ਖੇਤਰ ਦੇ ਦਾਣਾ ਮੰਡੀ ਅਜਨਾਲਾ, ਦਾਣਾ ਮੰਡੀ ਮਜੀਠਾ ਅਤੇ ਦਾਣਾ ਮੰਡੀ ਸਠਿਆਲਾ ਵਿਚ ਸਮਾਜਿਕ ਦੂਰੀ ਅਤੇ ਲਾਕਡਾਉਨ ਦੇ ਨਿਯਮਾਂ ਦੀ ਪਾਲਣਾ ਕਰਨਾ, ਨਿਸਚਿਤ ਸਮੇਂ ਅਤੇ ਨਿਸ਼ਚਿਤ ਗਿਣਤੀ ਵਿਚ ਰੋਸ ਪ੍ਰਦਰਸ਼ਨ ਜਾਂ ਧਰਨਾ ਦਿੱਤਾ ਜਾ ਸਕਦਾ ਹੈ।ਉਨਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੇ ਕੁੱਝ ਸ਼ਿਕਾਇਤ ਜਾਂ ਦਰਖਾਸਤ ਜਾਂ ਸੇਵਾ ਪ੍ਰਾਪਤ ਕਰਨੀ ਹੋਵੇ ਤਾਂ ਸਰਕਾਰੀ ਦਫ਼ਤਰ ਵਿੱਚ ਇਕ ਹੀ ਵਿਅਕਤੀ ਨੂੰ ਪ੍ਰਵੇਸ਼ ਕਰਨ ਦੀ ਆਗਿਆ ਹੋਵੇਗੀ ਅਤੇ ਵਿਸ਼ੇਸ਼ ਹਾਲਾਤਾਂ ਵਿਚ ਅੰਗਹੀਣ ਬਜੁਰਗ, ਗਰਭਵਤੀ ਔਰਤ ਜਾਂ ਆਸ਼ਰਿਤ ਵਿਅਕਤੀ ਨਾਲ ਇਕ ਵਿਅਕਤੀ ਸਾਥੀ ਵਜੋਂ ਦਫ਼ਤਰ ਵਿਚ ਪ੍ਰਵੇਸ਼ ਕਰ ਸਕਦਾ ਹੈ।
ਢਿਲੋਂ ਨੇ ਦੱਸਿਆ ਕਿ ਦਫ਼ਤਰ ਡਿਪਟੀ ਕਮਿਸ਼ਨਰ ਨਾਲ ਕਿਸੇ ਕਿਸਮ ਦੀ ਜ਼ਰੂਰੀ ਸਰਵਿਸ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਹੈਲਪਲਾਈਨ ਨੰਬਰ 0183-2500398, 2500598, 2500698 ਅਤੇ ਈਮੇਲ ਆਈ.ਡੀ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਹ ਨੰਬਰ 24 ਘੰਟੇ ਚਾਲੂ ਰਹਿਣਗੇ। ਉਨਾਂ ਦੱਸਿਆ ਕਿ ਇਹ ਵੀ ਆਮ ਦੇਖਣ ਵਿਚ ਆਇਆ ਹੈ ਕਿ ਸ਼ੋਸ਼ਲ ਮੀਡੀਆ (ਫੇਸਬੁੱਕ, ਵੱਟਸਐਪ, ਯੂ-ਟਿਊਬ ਆਦਿ) ’ਤੇ ਕੁੱਝ ਲੋਕ ਬਿਨਾਂ ਤਸਦੀਕ ਕੀਤੇ ਗੈਰ ਜਿੰਮੇਵਾਰ, ਭੜਕਾਊ, ਅਫਵਾਹਾਂ ‘ਤੇ ਅਧਾਰਿਤ ਕੋਵਿਡ 19 ਨਾਲ ਸਬੰਧਤ ਪੋਸਟਾਂ ਪਾ ਦਿੰਦੇ ਹਨ।ਜਿਸ ਨਾਲ ਆਮ ਜਨਤਾ ਵਿਚ ਡਰ ਪੈਦਾ ਹੁੰਦਾ ਹੈ ਉਨਾਂ ਕਿਹਾ ਇਸ ਸਬੰਧ ਵਿੱਚ ਸਬੰਧਤ ਵਿਅਕਤੀ ਖਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਢਿਲੋਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦਫਤਰ ਆ ਕੇ ਮੰਗ ਪੱਤਰ ਦੇਣ ਦੀ ਥਾਂ ਆਨਲਾਇਨ ਹੀ ਭੇਜਣ। ਉਨਾਂ ਕਿਹਾ ਕਿ ਕੋਵਿਡ-19 ਜੋ ਕਿ ਆਪਸੀ ਦੂਰੀ ਨਾ ਰੱਖਣ ਅਤੇ ਮਾਸਕ ਨਾ ਪਾਉਣ ਕਾਰਨ ਬਹੁਤ ਤੇਜ਼ੀ ਨਾਲ ਫੈਲਦਾ ਹੈ, ਅਜਿਹੇ ਮੌਕਿਆਂ ਉਤੇ ਹੋਈ ਲਾਪਰਵਾਹੀ ਕਾਰਨ ਅਸਾਨੀ ਨਾਲ ਫੈਲ ਸਕਦਾ ਹੈ।ਇਸ ਲਈ ਜ਼ਰੂਰੀ ਹੈ ਕਿ ਆਪਣੇ ਅਤੇ ਆਪਣੇ ਸ਼ਹਿਰ ਦਾ ਕੋਵਿਡ-19 ਤੋਂ ਬਚਾਅ ਕਰਦੇ ਹੋਏ ਕਿਸੇ ਵੀ ਤਰਾਂ ਦੇ ਇਕੱਠ ਤੋਂ ਬਚਿਆ ਜਾਵੇ।