6 ਕਰੋਨਾ ਮਰੀਜ਼ਾਂ ਨੂੰ ਸਿਹਤਯਾਬ ਹੋਣ ਮਗਰੋ ਮਿਲੀ ਛੁੱਟੀ-ਸਿਵਲ ਸਰਜਨ
ਫਰੀਦਕੋਟ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਫਰੀਦਕੋਟ ਦੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਤਹਿਤ ਕਰੋਨਾ ਮਹਾਂਮਾਰੀ ਦੀ ਰੋਕਥਾਮ ਅਤੇ ਇਸ ਦੇ ਫੈਲਾਅ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।ਉਨਾਂ ਦੱਸਿਆ ਕਿ ਅੱਜ ਫਰੀਦਕੋਟ ਜਿਲੇ ਵਿੱਚ 6 ਕਰੋਨਾ ਮਰੀਜ਼ਾਂ ਨੂੰ ਸਿਹਤਯਾਬ ਹੋਣ ਮਗਰੋ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਹੈ, ਜਦੋਂ ਕਿ ਜਿਲੇ ਵਿੱਚ 5 ਨਵੇਂ ਕਰੋਨਾ ਪਾਜ਼ਟਿਵ ਕੇਸ ਸਾਹਮਣੇ ਆਏ ਹਨ।
ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿੱਚ ਕਰੋਨਾ ਦੇ 187 ਪਾਜ਼ਟਿਵ ਕੇਸ ਸਾਹਮਣੇ ਆਏ ਹਨ।ਜਿੰਨਾ ਵਿਚੋਂ 136 ਮਰੀਜਾਂ ਨੂੰ ਸਿਹਤਯਾਬ ਹੋਣ ਮਗਰੋਂ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਅਤੇ ਹੁਣ ਜਿਲੇ ਵਿੱਚ ਕੁੱਲ 51 ਐਕਟਿਵ ਕੇਸ ਹਨ।ਹੁਣ ਤੱਕ ਜਿਲੇ ਵਿੱਚ 12467 ਸੈਂਪਲ ਲਏ ਗਏ ਹਨ ਜਿੰਨਾ ਵਿਚੋਂ 31 ਦੀਆਂ ਰਿਪੋਰਟਾਂ ਪੈਂਡਿੰਗ ਹਨ।ਉਨਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਕੱਠ ਵਗੈਰਾ ਬਿਲਕੁੱਲ ਨਾ ਕਰਨ।ਇਸ ਤੋਂ ਇਲਾਵਾ ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਵੀ ਸੁਚੇਤ ਰਹਿਣ।
ਮੀਡੀਆ ਇੰਚਾਰਜ ਡਾ. ਪ੍ਰਭਦੀਪ ਚਾਵਲਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ 5 ਫਲੂ ਕਾਰਨਰ ਫਰੀਦਕੋਟ, ਕੋਟਕਪੁਰਾ, ਜੈਤੋ, ਬਾਜਾਖਾਨਾ, ਸਾਦਿਕ ਵਿਖੇ ਚੱਲ ਰਹੇ ਹਨ।ਜੇਕਰ ਕਿਸੇ ਨੂੰ ਕਰੋਨਾ ਦਾ ਸ਼ੱਕ ਹੁੰਦਾ ਹੈ ਤਾਂ ਉਹ ਸਬੰਧਤ ਸਰਕਾਰੀ ਹਸਪਤਾਲ ਦੇ ਫਲੂ ਕਾਰਨਰ ਤੇ ਪਹੁੰਚ ਕੇ ਆਪਣਾ ਕਰੋਨਾ ਸਬੰਧੀ ਟੈਸਟ ਕਰਵਾ ਸਕਦੇ ਹਨ।
ਇਸ ਮੌਕੇ ਜਿਲਾ ਨੋਡਲ ਅਫਸਰ ਡਾ. ਬਿਕਰਮ, ਡਾ. ਅਨੀਤਾ ਚੌਹਾਨ ਵੀ ਹਾਜ਼ਰ ਸਨ।