Monday, December 23, 2024

ਕਲਰਾਠੀਆਂ ਜ਼ਮੀਨਾਂ ਵਿੱਚ ਕਣਕ ਦੀ ਫਸਲ ਨੂੰ ਆਮ ਸਿਫਾਰਸ਼ ਨਾਲੋਂ 25 ਫੀਸਦੀ ਵਧੇਰੇ ਯੂਰੀਆ ਖਾਦ ਵਰਤੀ ਜਾਵੇ – ਡਾ. ਅਜੈਬ ਸਿੰਘ ਰੰਧਾਵਾ

PPN17101412

ਬਟਾਲਾ, 17 ਅਕਤੂਬਰ (ਨਰਿੰਦਰ ਬਰਨਾਲ) – ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਵੱਲੋਂ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਿਕਾਰ ਵਿਖੇ ਲਗਾਇਆ ਗਿਆ।ਡਾ. ਅਜੈਬ ਸਿੰਘ ਰੰਧਾਵਾ ਖੇਤੀਬਾੜੀ ਅਫਸਰ, ਡੇਰਾ ਬਾਬਾ ਨਾਨਕ ਦੀ ਅਗਵਾਈ ਹੇਠ ਲਗਾਏ ਗਏ ਇਸ ਸਿਖਲਾਈ ਕੈਂਪ ਵਿੱਚ ਡਾ. ਗੁਰਦੇਵ ਸਿੰਘ ਵਿਰਕ ਸਿਖਲਾਈ ਅਫਸਰ, ਡਾ. ਅਮਰੀਕ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਦਿਨੇਸ਼ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਇੰਜ. ਮਲਕੀਅਤ ਸਿੰਘ, ਅਨੁਪਮ ਡੋਗਰਾ, ਸੁਰਿੰਦਰ ਪਾਲ ਏ.ਈ.ਓ. ਨਵਦੀਪ ਕੌਰ, ਕੁਲਵਿੰਦਰ ਕੌਰ ਖੇਤੀਬਾੜੀ ਉਪ ਨਿਰੀਖਕ, ਗੁਰਵਿੰਦਰ ਕੌਰ, ਪਵਨਦੀਪ ਕੌਰ, ਵੱਸਣ ਸਿੰੰਘ,ਸਤਨਾਮ ਸਿੰਘ ਧਾਰੋਵਾਲੀ, ਮੋਹਣ ਸਿੰਘ ਸਰਪੰਚ ਸ਼ਿਕਾਰ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨ ਹਾਜ਼ਰ ਸਨ।
ਕੈਂਪ ਵਿੱਚ ਹਾਜ਼ਰ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਅਜੈਬ ਸਿੰਘ ਰੰਧਾਵਾ ਨੇ ਕਿਹਾ ਕਿ ਕਲਰਾਠੀਆਂ ਜ਼ਮੀਨਾਂ ਵਿੱਚ ਕਣਕ ਦੀ ਫਸਲ ਨੂੰ ਆਮ ਸਿਫਾਰਸ਼ ਨਾਲੋਂ 25 ਫੀਸਦੀ ਵਧੇਰੇ ਯੂਰੀਆ ਖਾਦ ਵਰਤੀ ਜਾਵੇ ਤਾਂ ਜੋ ਕਣਕ ਦਾ ਵੱਧ ਝਾੜ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਫਸਲਾਂ ਦੇ ਵੱਧ ਉਤਪਾਦਨ ਲਈ ਖੇਤੀਬਾੜੀ ਮਾਹਿਰਾਂ ਦੀ ਸਲਾਹ ਤੇ ਜਰੂਰ ਅਮਲ ਕਰਨ ਅਤੇ ਮਾਹਿਰਾਂ ਦੀ ਰਾਏ ਅਨੁਸਾਰ ਹੀ ਚੰਗੇ ਬੀਜਾਂ, ਖਾਦਾਂ ਅਤੇ ਜ਼ਹਿਰਾਂ ਦੀ ਵਰਤੋ ਕੀਤੀ ਜਾਵੇ ਤਾਂ ਜੋ ਖੇਤੀ ਲਾਹੇਵੰਦ ਧੰਦਾ ਸਿੱਧ ਹੋ ਸਕੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੇ ਬੀਜ ਉੱਪਰ 1000 ਰੁਪਏ ਪ੍ਰਤੀ ਕੁਇੰਟਲ ਦੀ ਸਬਸਿੱਡੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਬੀਜ, ਖਾਦ ਅਤੇ ਦਵਾਈਆਂ ਖਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲਿਆ ਜਾਵੇ ਅਤੇ ਕਣਕ ਦੀ ਫਸਲ ਤੋਂ ਵਧੇਰੇ ਪੈਦਾਵਾਰ ਅਤੇ ਹੋਰ ਮੁਸ਼ਕਲਾਂ ਤੋਂ ਬਚਣ ਲਈ ਸਿਰਫ ਸਿਫਾਰਸ਼ਸ਼ੁਦਾ ਕਿਸਮਾਂ ਦੇ ਬੀਜ ਦੀ ਹੀ ਕਾਸ਼ਤ ਕੀਤੀ ਜਾਵੇ।
ਇਸ ਮੌਕੇ ਕਿਸਾਨਾਂ ਨਾਲ ਗੱਲ ਕਰਦਿਆਂ ਖੇਤੀਬਾੜੀ ਵਿਕਾਸ ਅਫਸਰ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਣਕ ਅਤੇ ਹਾੜੀ ਦੀਆਂ ਹੋਰ ਫਸਲਾਂ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਸੋਧ ਕੇ ਹੀ ਕਾਸ਼ਤ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਕਣਕ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਚੰਗੀ ਤਰਾਂ ਸਾਫ ਕਰ ਲੈਣਾ ਚਾਹੀਦਾ ਹੈ। ਡਾ. ਅਮਰੀਕ ਸਿੰਘ ਨੇ ਕਿਹਾ ਕਿ ਬਾਸਮਤੀ ਦੀ ਕਟਾਈ ਤੋਂ ਬਾਅਦ ਅਕਸਰ ਕਣਕ ਦੀ ਬਿਜਾਈ ਪਛੇਤੀ ਹੋ ਜਾਂਦੀ ਹੈ ਅਤੇ ਅਜਿਹੇ ਖੇਤਾਂ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਹੇਪੀ ਸੀਡਰ ਨਾਲ ਕਰਨ ਨਾਲ ਖੇਤ ਵਿੱਚ ਮੌਜੂਦ ਪਰਾਲੀ ਦਾ ਰਹਿੰਦ ਖੂੰਹਦ ਢੱਕਣੇ ਦਾ ਕੰਮ ਕਰਕੇ ਜ਼ਮੀਨ ਵਿੱਚ ਨਮੀ ਦੀ ਮਾਤਰਾ ਵਧਾਉਂਦਾ ਹੈ ਅਤੇ ਨਦੀਨ ਵੀ ਘੱਟ ਉੱਗਦੇ ਹਨ।ਉਨਾਂ ਕਿਹਾ ਕਿ ਸਿੱਲ ਵਾਲੇ ਇਲਾਕਿਆਂ ਵਿੱਚ ਕਣਕ ਦੀ ਬਿਜਾਈ ਚੌੜੀਆਂ ਵੱਟਾਂ ਉਪਰ ਕਰਨੀ ਚਾਹੀਦੀ ਹੈ ਤਾਂ ਜੋ ਬਰਸਾਤ ਕਾਰਨ ਕਣਕ ਦੀ ਫਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।
ਇਸ ਮੌਕੇ ਡਾ. ਗੁਰਦੇਵ ਸਿੰਘ ਵਿਰਕ ਨੇ ਦਾਲਾਂ ਅਤੇ ਤੇਲ ਬੀਜ ਫਸਲਾਂ ਦੀ ਕਾਸ਼ਤ, ਇੰਜ. ਮਲਕੀਅਤ ਸਿੰਘ ਨੇ ਖੇਤੀ ਮਸ਼ੀਨਰੀ ਦੀ ਸਾਂਭ ਸੰਭਾਲ ਸਬੰਧੀ ਵੱਖ-ਵੱਖ ਨੁਕਤਿਆਂ ਅਤੇ ਡਾ ਦਿਨੇਸ਼ ਕੁਮਾਰ ਨੇ ਹਾੜ੍ਹੀ ਦੀਆਂ ਫਸਲਾਂ ਨੂੰ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply