Wednesday, July 16, 2025
Breaking News

ਚੀਫ਼ ਖ਼ਾਲਸਾ ਦੀਵਾਨ ਵਲੋਂ 400 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧੀ ਮੁਕਾਬਲੇ ਜਾਰੀ

ਅੰਮ੍ਰਿਤਸਰ, 3 ਸਤੰਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦ ਅਹੁਦੇਦਾਰਾਂ ਦੀ ਪਿਛਲੇ ਦਿਨੀ ਪ੍ਰਧਾਨ ਨਿਰਮਲ ਸਿੰਘ ਦੀ ਅਗਵਾਈ ‘ਚ ਮੀਟਿੰਗ ਹੋਈ। ਜਿਸ ਵਿੱਚ ਚੇਅਰਮੈਨ ਸਕੂਲਜ਼ ਭਾਗ ਸਿੰਘ ਅਣਖੀ, ਸਰਪ੍ਰਸਤ ਰਾਜਮਹਿੰਦਰ ਸਿੰਘ ਮਜੀਠਾ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜ਼ਰ, ਅਮਰਜੀਤ ਸਿੰਘ ਵਿਕਰਾਂਤ, ਸਥਾਨਕ ਪ੍ਰਧਾਨ ਹਰਮਿੰਦਰ ਸਿੰਘ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਅਤੇ ਸਹਾਇਕ ਡਾਇਰੈਕਟਰ ਸ਼ਾਮਲ ਹੋਏ ।
                 ਦੀਵਾਨ ਦੇ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰੇ ਉਪਰੰਤ ਪ੍ਰਧਾਨ ਨਿਰਮਲ ਸਿੰਘ ਵਲੋਂ ਦਿੱਤੇ ਗਏ ਸੁਝਾਅ ਅਨੁਸਾਰ ਡਾਇਰੈਕਟੋਰੇਟ ਆਫ ਐਜੂਕੇਸ਼ਨ ਚੀਫ਼ ਖ਼ਾਲਸਾ ਦੀਵਾਨ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਅਵਤਾਰ ਪੁਰਬ ਨੂੰ ਸਮਰਪਿਤ ਵੱਖ-ਵੱਖ ਵਿਦਿਅਕ ਮੁਕਾਬਲੇ / ਗਤੀਵਿਧੀਆਂ ਸਕੂਲੀ ਪੱਧਰ ‘ਤੇ ਆਨਲਾਈਨ ਕਰਵਾਏ ਜਾਣ ਦਾ ਫੈਸਲਾ ਲਿਆ ਗਿਆ।ਜਿਸ ਵਿੱਚ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਮੁਕਾਬਲੇ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸੰਬੰਧੀ ਸੰਖੇਪ ਜਾਣਕਾਰੀ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਟਰੇਟ ਬਣਾਉਣ ਦੇ ਮੁਕਾਬਲੇ, ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ 17 ਰਾਗਾਂ ਵਿੱਚ ਰਚਿਤ ਬਾਣੀ ਦਾ ਨਿਰਧਾਰਿਤ ਰਾਗ ਅਧੀਨ ਕੀਰਤਨ ਅਤੇ ਚੀਫ਼ ਖ਼ਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਗੁਰੂ ਜੀ ਦੇ ਜੀਵਨ ਸੰਬੰਧੀ ਇੱਕ ਪੁਸਤਕ ਛਪਵਾਉਣੀ ਸ਼ਾਮਲ ਹੈ।
                 ਇਹਨਾਂ ਮੁਕਾਬਲਿਆਂ ‘ਚ ਭਾਗ ਲੈਣ ਲਈ ਵਿਦਿਆਰਥੀ ਕਵਿਤਾ ਉਚਾਰਨ ਦੀ ਵੀਡੀਓ ਬਣਾ ਕੇ ਸੰਬੰਧਿਤ ਅਧਿਆਪਕ ਨੂੰ ਭੇਜਣਗੇ।ਗੁਰੂ ਸਾਹਿਬ ਜੀ ਦੇ ਜੀਵਨ ਸੰਬੰਧੀ ਜਾਣਕਾਰੀ ਮੁਕਾਬਲੇ ਲਈ ਵਿਦਿਆਰਥੀ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਪੰਜ-ਸਤ ਵਾਕ ਜਾਂ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਕਿਸੇ ਇੱਕ ਪੱਖ ਜਾਂ ਘਟਨਾ ਬਾਰੇ ਬੋਲਦੇ ਹੋਏ ਦੋ ਮਿੰਟ ਦੀ ਵੀਡੀਓ ਰਾਹੀਂ ਜਾਣਕਾਰੀ ਸਾਂਝੀ ਕਰਨਗੇ।ਪੋਟਰੇਟ ਮੁਕਾਬਲੇ ਵਿੱਚ ਵਿਦਿਆਰਥੀ ਪੋਟਰੇਟ ਦੀ ਪੀ.ਡੀ.ਐਫ ਬਣਾ ਕੇ ਕਲਾ ਅਧਿਆਪਕ ਨੂੰ ਭੇਜਣਗੇ ।
               ਆਨਲਾਈਨ ਕੀਰਤਨ ਮੁਕਾਬਲੇ ਲਈ ਸੰਗੀਤ ਅਧਿਆਪਕਾਂ ਵਲੋਂ ਨਿਰਧਾਰਿਤ ਰਾਗ ਅਧੀਨ ਕੀਰਤਨ ਗਾਇਣ ਕਰਕੇ ਉਸ ਦੀ 25-30 ਮਿੰਟ ਦੀ ਵੀਡੀਓ ਰਿਕਾਰਡਿੰਗ ਕਰਕੇ ਯੂ-ਟਿਊਬ ‘ਤੇ ਅਨਲਿਮਟਿਡ ਪ੍ਰਾਈਵੇਸੀ ਨਾਲ ਅਪਲੋਡ ਕਰਕੇ ਉਸ ਦਾ ਲਿੰਕ ਡਾਇਰੈਕਟੋਰੇਟ ਵਿਖੇ ਭੇਜਣਗੇ।ਜਿਸ ਦਾ ਸੰਗਤਾਂ ਧਰਮ ਪ੍ਰਚਾਰ ਕਮੇਟੀ ਦੇ ਚੈਨਲ, ਸਕੂਲ ਦੇ ਪੇਜ਼ ਅਤੇ ਯੂ-ਟਿਊਬ ‘ਤੇ 5 ਸਤੰਬਰ 2020 ਤੋਂ ਸ਼ਾਮ 5.00 ਤੋਂ 5.30 ਤੱਕ ਅਨੰਦ ਮਾਣ ਸਕਣਗੀਆਂ।ਪ੍ਰਧਾਨ ਨਿਰਮਲ ਸਿੰਘ ਅਤੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਆਪਣੇ ਘਰਾਂ ਵਿੱਚ ਰਹਿ ਕੇ ਗੁਰੂ ਸਾਹਿਬ ਜੀ ਦੇ 400 ਸਾਲਾ ਅਵਤਾਰ ਪੁਰਬ ਸੰਬੰਧੀ ਕਰਵਾਏ ਜਾ ਰਹੇ ਸਮਾਗਮਾਂ ਦਾ ਆਨਲਾਈਨ ਆਨੰਦ ਮਾਨਣ ਦੀ ਬੇਨਤੀ ਕੀਤੀ ਗਈ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …