ਬਠਿੰਡਾ, 21 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਠਿੰਡਾ ਡਿਵੈਲਪਮੈਂਟ ਅਥਾਰਿਟੀ ਬਠਿੰਡਾ ਵਲੋਂ ਬੀ.ਡੀ.ਏ ਇਨਕਲੇਵ (ਫੇਜ਼-4 ਅਤੇ 5) ਵਿਖੇ 185.77 ਏਕੜ ਜ਼ਮੀਨ ਵਿਚ 1549 ਰਿਹਾਇਸ਼ੀ ਪਲਾਟ ਕੱਟੇ ਗਏ ਸਨ, ਜਿਨ੍ਹਾਂ ਵਿਚੋਂ 1022 ਪਲਾਟ ਡਰਾਅ ਰਾਹੀਂ ਵੇਚੇ ਜਾ ਚੁੱਕੇ ਹਨ ਅਤੇ ਬਾਕੀ ਪਲਾਟ ਵੀ ਜਲਦੀ ਵੇਚੇ ਜਾਣਗੇ। ਇਸ ਸਾਈਟ ਵਿਖੇ ਮੁੱਢਲੀਆਂ ਸਹੂਲਤਾਂ ਸੜਕਾਂ, ਪਾਣੀ, ਸੀਵਰੇਜ ਅਤੇ ਬਿਜਲੀ ਪੂਰੀ ਤਰ੍ਹਾਂ ਮੁਹੱਈਆ ਹਨ ਅਤੇ ਇਸ ਸਾਈਟ ‘ਤੇ ਅਲਾਟ ਕੀਤੇ ਲਗਭਗ 750 ਪਲਾਟਾਂ ਦੇ ਕਬਜ਼ੇ ਦਿੱਤੇ ਜਾ ਚੁੱਕੇ ਹਨ। ਭਾਵੇਂ ਇਸ ਸਾਈਟ ‘ਤੇ ਇਕ ਮਕਾਨ ਪਹਿਲਾਂ ਹੀ ਉਸਾਰੀ ਅਧੀਨ ਹੈ ਪਰ ਪਲਾਟ ਨੰਬਰ 1068 ਫੇਜ਼ 4 ਅਤੇ 5 ਦੀ ਉਸਾਰੀ ਦੇ ਕੰਮ ਦਾ ਰਸਮੀ ਉਦਘਾਟਨ ਅੱਜ ਬੀ.ਡੀ.ਏ ਦੇ ਮੁੱਖ ਪ੍ਰਸ਼ਾਸ਼ਕ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਇੱਟ ਲਗਾਕੇ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਜਿਨ੍ਹਾਂ ਅਲਾਟੀਆਂ ਵਲੋਂ ਕਬਜ਼ੇ ਲਏ ਜਾ ਚੁੱਕੇ ਹਨ ਉਹ ਨਕਸ਼ਾ ਪਾਸ ਕਰਵਾਕੇ ਉਸਾਰੀ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨਕਸ਼ਾ ਪਾਸ ਕਰਵਾਉਣ ਲਈ ਦਿੱਤਾ ਜਾਂਦਾ ਹੈ ਤਾਂ ਦੋ ਦਿਨਾਂ ਦੇ ਅੰਦਰ-ਅੰਦਰ ਨਕਸ਼ਾ ਬੀ.ਡੀ.ਏ ਵਲੋਂ ਪਾਸ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਈਟ ‘ਤੇ ਮੁੱਢਲੀਆਂ ਸਹੂਲਤਾਂ ਉਪਲਬੱਧ ਹਨ। ਉਨ੍ਹਾਂ ਕਿਹਾ ਕਿ ਇਹ ਸਾਈਟ ਬਠਿੰਡਾ ਦੀ ਪ੍ਰਾਈਮ ਲੋਕੇਸ਼ਨ ਬਣੇਗੀ ਕਿਉਂਕਿ ਇਸ ਸਾਈਟ ਨੂੰ ਬਰਨਾਲਾ ਬਾਈਪਾਸ ਤੋਂ 100 ਫੁੱਟ ਸੜਕ ਨਾਲ ਜੋੜਿਆ ਗਿਆ ਹੈ ਅਤੇ ਬਠਿੰਡਾ-ਗੋਨਿਆਣਾ ਸੜਕ ਨਾਲ ਵੀ ਸੜਕ ਦਾ ਲਿੰਕ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਈਟ ਵਿਖੇ ਅੰਦਰੂਨੀ ਸੜਕਾਂ ਅਤੇ ਪਾਰਕਾਂ ਆਦਿ ਨੂੰ ਡਿਵੈਲਪ ਕਰਨ ਲਈ ਹੁਣ ਤੱਕ 27.07 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਅਰਬਨ ਅਸਟੇਟ ਦੇ ਚਾਰ ਚੁਫੇਰੇ ਬਾਉਂਡਰੀ ਵਾਲ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਨਾਲ ਇਥੋਂ ਦੇ ਨਿਵਾਸੀਆਂ ਨੂੰ ਸੁਰੱਖਿਆ ਮਿਲ ਸਕੇਗੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …