Thursday, September 19, 2024

ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਜਨਮ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਆਯੋਜਿਤ

ਬਾਬਾ ਬੰਦਾ ਸਿੰਘ ਬਹਾਦਰ ਦਾ ਸੰਘਰਸ਼ ਕਿਸੇ ਧਰਮ ਵਿਰੁੱਧ ਨਹੀਂ, ਅਤਿਆਚਾਰ ਦੇ ਖ਼ਿਲਾਫ਼ ਸੀ – ਪ੍ਰੋ. ਜਸਪਾਲ ਕੌਰ

ਅੰਮ੍ਰਿਤਸਰ, 22 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪ੍ਰੋ. ਜਸਪਾਲ ਸਿੰਘ ਵਾਈਸ-ਚਾਂਸਲਰ ਦੀ ਅਗਵਾਈ ਹੇਠ ਇਕ ਰੋਜ਼ਾ ਰਾਸ਼ਟਰੀ ਵੈਬੀਨਾਰ ਆਯੋਜਿਤ ਕੀਤਾ ਗਿਆ। ਵੈਬੀਨਾਰ ਦੀ ਅਰੰਭਤਾ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਅਮਰਜੀਤ ਸਿੰਘ ਵਲੋਂ ਸੈਮੀਨਾਰ ਦੇ ਵਿਸ਼ੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਘਰਸ਼ ਬਾਰੇ ਸੰਖੇਪ ਵਿਚ ਚਾਨਣਾ ਪਾਉਂਦਿਆ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਹੀ ਨਹੀਂ ਸਗੋਂ ਭਾਰਤ ਦੇ ਇਤਿਹਾਸ ਦਾ ਉਹ ਮਹਾਂ ਨਾਇਕ ਹੈ ਜਿਸ ਨੇ 750 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਵਿਦੇਸ਼ੀ ਹੁਕਮਰਾਨਾਂ ਨੂੰ ਸਫਲਤਾਪੂਰਵਕ ਲਲਕਾਰਿਆ ਤੇ ਚੱਪੜਚਿੜੀ ਦੇ ਮੈਦਾਨ ਵਿਖੇ ਹਰਾਇਆ ਸੀ।
ਪਹਿਲਾ ਪੇਪਰ ਡਾ. ਜਸਪਾਲ ਕੌਰ ਸਾਬਕਾ ਮੁਖੀ ਇਤਿਹਾਸ ਵਿਭਾਗ ਤੇ ਡੀਨ ਰਿਸਰਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪੇਸ਼ ਕੀਤਾ ਗਿਆ ਜਿਸ ਵਿਚ ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸੰਬੰਧਤ ਫਾਰਸੀ, ਗੁਰਮੁਖੀ, ਅੰਗਰੇਜ਼ੀ ਤੇ ਰਾਜਸਥਾਨੀ ਸਰੋਤਾਂ ਦੇ ਅਧਾਰ ਉਤੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤਾ ਸੰਘਰਸ਼ ਸਿੱਖ ਧਰਮ ਵਲੋਂ ਇਸਲਾਮ ਦੇ ਖ਼ਿਲਾਫ਼ ਲੜਿਆ ਸੰਘਰਸ਼ ਨਹੀਂ ਸੀ ਸਗੋਂ ਮੁਗਲ ਹਕੂਮਤ ਦੇ ਅਤਿਆਚਾਰਾਂ ਤੇ ਜ਼ੁਲਮਾਂ ਦੇ ਵਿਰੁੱਧ ਸੀ। ਦੂਜਾ ਪੇਪਰ ਡਾ. ਜਸਬੀਰ ਸਿੰਘ ਸਾਬਰ ਸਾਬਕਾ ਪ੍ਰੋਫੈਸਰ ਤੇ ਮੁਖੀ, ਗੁਰੂ ਨਾਨਕ ਅਧਿਐਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੰਦਾ ਬਹਾਦਰ ਦਾ ਜੀਵਨ ਤੇ ਵਿਰਾਸਤ ਬਾਰੇ ਪੜ੍ਹਿਆ ਗਿਆ।ਉਨ੍ਹਾਂ ਨੇ ਦੱਸਿਆ ਕਿ ਬੰਦਾ ਬਹਾਦਰ ਵਲੋਂ ਸੰਘਰਸ਼ ਦੌਰਾਨ ਵੀ ਧਾਰਮਿਕ ਸਹਿਣਸ਼ੀਲਤਾ ‘ਤੇ ਪਹਿਰਾ ਦਿੱਤਾ ਜਿਸ ਕਰਕੇ ਕਈ ਮੁਸਲਮਾਨ ਵੀ ਬਿਨਾਂ ਝਿਜਕ ਉਸ ਦੇ ਸੈਨਿਕ ਸੰਘਰਸ਼ ਵਿਚ ਸ਼ਾਮਿਲ ਹੋਏ ਜਿਨ੍ਹਾਂ ਨੂੰ ਇਸਲਾਮਿਕ ਸ਼ਰਾਅ ਦੀ ਪਾਲਣਾ ਕਰਨ ਦੀ ਪੂਰੀ ਸੁਤੰਤਰਤਾ ਹਾਸਲ ਸੀ।
ਤੀਜਾ ਪੇਪਰ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦਿੱਲੀ ਯੂਨੀਵਰਸਿਟੀ ਡਾ. ਅਮਨਪ੍ਰੀਤ ਸਿੰਘ ਵਲੋਂ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਬੰਦਾ ਸਿੰਘ ਬਹਾਦਰ ਵਲੋਂ ਵੱਖ-ਵੱਖ ਧਰਮਾਂ, ਜਾਤਾਂ, ਕਿੱਤਿਆਂ ਤੇ ਇਲਾਕਿਆਂ ਦੇ ਲੋਕਾਂ ਨੂੰ ਨਾਲ ਲੈ ਕੇ ਚਲਣ ਵਾਲੀ ਨੀਤੀ ਸਦਕਾ ਹੀ ਸਾਰਿਆਂ ਵਲੋਂ ਉਸ ਦੇ ਹਕੂਮਤ ਖਿਲਾਫ ਸੰਘਰਸ਼ ਕਰਨ ਦੇ ਦਿੱਤੇ ਸੱਦੇ ਨੂੰ ਭਰਪੂਰ ਹੁੰਗਾਰਾ ਮਿਲਿਆ।ਉਸ ਨੇ ਬਾਣੀ ਵਿੱਚ ਦਿੱਤੇ ਸਮਾਨਤਾ ਤੇ ਬਰਾਬਰੀ ਵਾਲੇ ਮਾਡਲ ਨਾਲ ਸਮਾਜਿਕ ਤੇ ਆਰਥਿਕ ਪੱਖੋਂ ਪਈਆਂ ਵਿੱਥਾਂ ਨੂੰ ਵਿਵਹਾਰਿਕ ਰੂਪ ਵਿਚ ਕ੍ਰਾਂਤੀਕਾਰੀ ਢੰਗ ਨਾਲ ਪਹਿਲੀਵਾਰ ਖਤਮ ਕੀਤਾ।
                     ਪ੍ਰੋ. ਅਮਨਦੀਪ ਬਲ, ਮੁਖੀ ਇਤਿਹਾਸ ਵਿਭਾਗ ਨੇ ਪੇਪਰ ਪੇਸ਼ ਕਰਨ ਵਾਲੇ ਵਿਦਵਾਨਾਂ ਨਾਲ ਜਾਣ ਪਛਾਣ ਕਰਵਾਈ ਤੇ ਵੈਬੀਨਾਰ ਵਿਚ ਜੁੜਣ ਵਾਲੇ ਸਭਨਾਂ ਵਿਦਵਾਨਾਂ, ਸਕਾਲਰਜ਼, ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਡਾ. ਸ਼ੈਫਾਲੀ ਤੇ ਡਾ. ਹਰਨੀਤ ਕੌਰ ਇਤਿਹਾਸ ਵਿਭਾਗ ਵਲੋਂ ਵੈਨੀਨਾਰ ਦਾ ਬਾਖੂਬੀ ਸੰਚਾਲਨ ਕੀਤਾ ਗਿਆ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …