ਇਹ ਦਿਨ ਹਰ ਸਾਲ 22 ਮਾਰਚ ਨੂੰ ਮਨਾਇਆ ਜਾਂਦਾ ਹੈ।ਪਾਣੀ ਅਨਮੋਲ ਹੈ, ਇਸ ਦਿਨ, ਇਸ ਨੂੰ ਸਾਫ਼ ਰੱਖਣ, ਸੰਜ਼ਮ ਨਾਲ ਵਰਤਣ ਤੇ ਯੋਗ ਪ੍ਰਬੰਧਨ ਬਾਰੇ ਵਿਚਾਰ ਚਰਚਾ ਹੁੰਦੀ ਹੈ।
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 8)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਵਿੱਚ ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜ਼ਾ ਦਿੱਤਾ ਹੈ।ਸਾਨੂੰ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।ਗੁਰੂ ਸਾਹਿਬ ਪਾਣੀ ਨੂੰ ਜੀਵ ਦੀ ਨਿਆਈਂ ਕਹਿੰਦੇ ਹਨ।ਇਸ ਨਾਲ ਹੀ ਸਭ ਜੀਵਤ ਹੈ।
ਸ.ਸ.ਚਰਨ ਸਿੰਘ ਸ਼ਹੀਦ ਕਵੀ ਹੋਏ ਹਨ।ਅਸੀਂ ਉਹਨਾਂ ਦੀ ਇੱਕ ਕਵਿਤਾ ਬਚਪਨ ਵਿੱਚ ਪੜ੍ਹਦੇ ਹੁੰਦੇ ਸੀ।ਜਿਸ ਵਿੱਚ ਅਕਬਰ ਬਦਸ਼ਾਹ ਤੇ ਬੀਰਬਲ ਦੇ ਸਵਾਲ ਜਵਾਬ ਹੁੰਦੇ ਸਨ ਕਿ ਰੱਬ ਨਾ ਕਰੇ ਤੁਹਾਨੂੰ ਪਿਆਸ ਲੱਗੀ ਹੋਵੇ ਪਾਣੀ ਲੱਭਿਆਂ ਵੀ ਨਾ ਥਿਆਵੇ ਤਾਂ ਤੁਸੀਂ ਇੱਕ ਪਿਆਲੇ ਜਲ ਦੀ ਕੀਮਤ ਕੀ ਦਿਓਗੇ? ਅਕਬਰ ਉੱਤਰ ਦਿੰਦਾ ਹੈ ਕਿ ਮੈਂ ਅੱਧਾ ਰਾਜ-ਭਾਗ ਦੇ ਦਿਆਂਗਾ।ਪਿਛਾਂਹ ਨੂੰ ਝਾਤੀ ਮਾਰੀਏ ਤਾਂ ਉਸ ਵਕਤ ਵੀ ਸਿਆਣੇ ਪਾਣੀ ਦੀ ਮਹੱਤਤਾ ਤੋਂ ਜਾਣੂ ਸਨ ਤੇ ਪਾਣੀ ਦੀ ਬਰਬਾਦੀ ਨਾ ਕਰਨ ਦੀ ਨਸੀਹਤ ਹੀ ਕਰਦੇ ਸਨ।
ਸ੍ਰੀ ਗੁਰੂ ਅੰਗਦ ਦੇਵ ਜੀ ਸਿਰਫ਼ ਇੱਕ ਗਾਗਰ ਪਾਣੀ ਦੀ ਗੋਇੰਦਵਾਲ ਸਾਹਿਬ ਦੇ ਬਿਆਸ ਦਰਿਆ ਦੇ ਪੱਤਣ ਤੋਂ ਮੰਗਵਾਉਂਦੇ ਸਨ।
80 ਕੁ ਸਾਲ ਪਹਿਲਾਂ ਹਰ ਪਿੰਡ ਵਿੱਚ ਇੱਕ ਦੋ ਖੂਹੀਆਂ ਹੁੰਦੀਆਂ ਸਨ।ਉਹਨਾਂ ਤੋਂ ਹੀ ਕੁਹਾਰ ਪਾਣੀ ਭਰ ਕੇ ਹਰ ਘਰ ਘੜਾ ਪਾਣੀ ਦਾ ਪਹੁੰਚਾਉਂਦੇ ਸਨ।ਘਰਾਂ ਦੀਆਂ ਸੁਆਣੀਆਂ ਵੀ ਘੜਾ, ਗਾਗਰ ਪਾਣੀ ਦੀ ਭਰ ਕੇ ਘਰਾਂ ਨੂੰ ਲਿਜਾਂਦੀਆਂ ਸਨ।ਛੱਪੜ, ਟੋਭੇ, ਜਲਗਾਹਾਂ, ਨਦੀਆਂ ਤੇ ਦਰਿਆ ਸਾਫ਼ ਸੁਥਰੇ ਹੁੰਦੇ ਸਨ।ਕੇਵਲ ਮੀਂਹ ਦਾ ਪਾਣੀ ਹੀ ਛੱਪੜਾਂ ਵਿੱਚ ਪੈਂਦਾ ਸੀ।ਘਰਾਂ ਦਾ ਪਾਣੀ ਘਰਾਂ ਵਿਚ ਹੀ ਮਿੱਟੀ ਵਿੱਚ ਸਮਾਅ ਜਾਂਦਾ ਸੀ।ਨਲਕੇ ਲੱਗਣ ‘ਤੇ ਵੀ ਪਾਣੀ ਬਹੁਤਾ ਘਰਾਂ ਵਿਚੋਂ ਬਾਹਰ ਨਹੀਂ ਸੀ ਜਾਂਦਾ।ਜਦੋਂ ਤੋਂ ਮੋਟਰਾਂ ਲੱਗੀਆਂ ਹਨ, ਟੂਟੀਆਂ ਦਾ ਪਾਣੀ ਘਰ-ਘਰ ਆਇਆ ਹੈ, ਘਰ ਪੱਕੇ ਹੋ ਗਏ ਹਨ।ਪਾਣੀ ਦੀ ਵਰਤੋਂ ਬਹੁਤ ਵਧ ਗਈ ਹੈ।ਵਾਸ਼ਿੰਗ ਮਸ਼ੀਨਾਂ, ਵਿਮ ਨਾਲ ਭਾਂਡੇ ਧੋਣ, ਟਾਇਲੈਟ, ਬਾਥਰੂਮ ਵਿੱਚ ਅਥਾਹ ਪਾਣੀ ਦੀ ਵਰਤੋਂ ਹੋ ਰਹੀ ਹੈ।ਕਾਰ ਮੋਟਰਸਾਈਕਲ ਧੋਣ ‘ਤੇ ਪਾਣੀ ਬਹੁਤ ਵਰਤਿਆ ਜਾ ਰਿਹਾ ਹੈ।ਪਿੰਡਾਂ ਵਿਚੋਂ ਬਹੁਤੇ ਛੱਪੜ ਲੋਕਾਂ ਖਤਮ ਕਰ ਦਿੱਤੇ, ਪਾਣੀ ਗਲੀਆਂ ਬਜ਼ਾਰਾਂ ਵਿੱਚ ਫਿਰਦਾ ਹੈ।
ਕਾਰਖਾਨੇ ਵੀ ਪਾਣੀ ਦੀ ਅਥਾਹ ਵਰਤੋਂ ਕਰਦੇ ਹਨ ਤੇ ਇਸ ਨੂੰ ਗੰਦਲਾ ਕਰ ਰਹੇ ਹਨ।ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖੁਦ ਆਪ ਤੇ ਆਪਣੇ ਪੈਰੋਕਾਰਾਂ ਨਾਲ ਵੇਈਂ ਨਦੀ ਨੂੰ ਸਾਫ਼ ਕੀਤਾ ਹੈ।ਪਰ ਨਾ ਸਰਕਾਰ ਨਾ ਇੰਡਸਟਰੀਆਂ ਵਾਲੇ ਇਸ ਗੱਲ ਨੂੰ ਸਮਝ ਰਹੇ ਹਨ।ਉਹ ਗੰਦਾ ਪਾਣੀ ਇਸ ਵਿੱਚ ਪਾਈ ਹੀ ਜਾ ਰਹੇ ਹਨ, ਰੋਕਿਆਂ ਵੀ ਰੁਕ ਨਹੀਂ ਰਹੇ।
ਸਤਿਕਾਰਯੋਗ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ ਸਾਰੀ ਉਮਰ ਕਿਤਾਬਚੇ, ਕਾਗਜ਼ ਪੱਤਰੇ ਛਪਾਈ ਕਰ ਕਰ ਕੇ ਮੁਫ਼ਤ ਵੰਡਦੇ ਰਹੇ ਹਨ।ਹੁਣ ਬੀਬੀ ਇੰਦਰਜੀਤ ਕੌਰ ਅਤੇ ਉਹਨਾਂ ਦੀ ਟੀਮ ਅਥਾਹ ਕੋਸ਼ਿਸ਼ ਕਰਕੇ ਸੁੰਦਰ ਕਿਤਾਬਾਂ ਛਪਵਾ ਕੇ ਮੁਫ਼ਤ ਵੰਡ ਰਹੇ ਹਨ।ਉਹ ਚੰਗੇ ਚੰਗੇ ਲੇਖਕਾਂ ਦੇ ਲੇਖ ਗੀਤ, ਕਵਿਤਾ, ਗਜ਼ਲਾਂ ਆਦਿ ਚੁਣ ਚੁਣ ਕੇ ਕਿਤਾਬਚੇ, ਕਿਤਾਬਾਂ ਛਪਵਾ ਕੇ ਗੁਰਦੁਆਰਿਆਂ, ਪੁਸਤਕ ਮੇਲਿਆਂ ਵਿੱਚ ਸਟਾਲ ਲਗਾ ਕੇ ਮਨੁਖਤਾ ਦੇ ਭਲੇ ਵਿੱਚ ਨਿੱਗਰ ਹਿੱਸਾ ਪਾ ਰਹੇ ਹਨ।
ਸਾਡਾ ਸਭ ਦਾ ਫ਼ਰਜ ਬਣਦਾ ਹੈ ਕਿ ਅਸੀਂ ਵੀ ਪਾਣੀ ਦੀ ਮਹੱਤਤਾ ਨੂੰ ਜਾਣਦੇ ਹੋਏ ਪਾਣੀ ਦੀ ਸੰਜ਼ਮ ਨਾਲ ਵਰਤੋਂ ਕਰੀਏ।ਜ਼ਮੀਨ ਵਿੱਚਲੇ ਪਾਣੀ ਦੀ ਸਤਾਹ ਨੂੰ ਹੇਠਾਂ ਜਾਣ ਤੋਂ ਰੋਕੀਏ ਤੇ ਧਰਤੀ ਹੇਠਲੇ ਪਾਣੀ ਨੂੰ ਉੱਚਾ ਲਿਆੳਣ ਵਿੱਚ ਹਿੱਸਾ ਪਾਈਏ।ਮੀਂਹ ਦੇ ਪਾਣੀ ਦੀ ਸੁਚੱਜੀ ਵਰਤੋਂ ਦੇ ਸਾਧਨ ਬਣਾਈਏ।ਕਿਸਾਨ ਵੀਰ ਵੀ ਕਣਕ ਝੋਨੇ ਦੇ ਚੱਕਰ ਵਿਚੋਂ ਨਿਕਲਣ।ਅਸੀਂ ਸਭ ਸਰਕਾਰ ਦੇ ਮੂੰਹ ਵੱਲ ਨਾ ਵੇਖੀਏ।ਆਪਣੀ ਕਮਾਈ ਤੇ ਹਰ ਕੁਦਰਤੀ ਦਾਤ ਨੂੰ ਹੱਥ ਘੁੱਟ ਕੇ ਵਰਤੀਏ।
ਲੇਖ 2303202401
ਮਨਜੀਤ ਸਿੰਘ ਸੌਂਦ
ਮੋ- 9803761451