12 ਕਰੋੜ 86 ਲੱਖ ਰੁਪਏ ਨਾਲ ਬਦਲੇਗੀ ਪਠਾਨਕੋਟ ਦੀ ਨੁਹਾਰ
ਪਠਾਨਕੋੋਟ, 25 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਨੀਵਾਰ ਨੂੰ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨ ‘ਤੇ ਵਿਧਾਇਕ ਅਮਿਤ ਵਿੱਜ ਹਲਕਾ ਪਠਾਨਕੋਟ ਨੇ ਧੰਨਵਾਦ ਕੀਤਾ ਹੈ।ਇਸ ਦੇ ਨਾਲ ਹੀ ਇਨ੍ਹਾਂ ਵਿਕਾਸ ਕਾਰਜਾਂ ਲਈ ਉਨ੍ਹਾਂ ਸੁਨੀਲ ਜਾਖੜ ਪੰਜਾਬ ਕਾਂਗਰਸ ਪ੍ਰਧਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਦਾ ਵੀ ਸ਼ੂਕਰਾਨਾ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਅਧੀਨ ਪਠਾਨਕੋਟ ਦੀ 12 ਕਰੋੜ 86 ਲੱਖ ਰੁਪਏ ਨਾਲ ਨੁਹਾਰ ਬਦਲੇਗੀ।ਇਸ ਸਕੀਮ ਅਧੀਨ ਸ਼ਹਿਰੀ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ, ਐਲ.ਈ.ਡੀ ਲਾਈਟਾਂ, ਸੀਵਰੇਜ਼ ਟਰੀਟਮੈਂਟ ਤੇ ਸਾਲਿਡ ਵੇਸਟ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪੂਰੇ ਪੰਜਾਬ ਲਈ 11 ਹਜ਼ਾਰ ਕਰੋੜ ਰੁਪਏ ਸਹਿਰਾਂ ਦੇ ਵਿਕਾਸ ਦੇ ਕੰਮਾਂ ਲਈ ਖਰਚੇ ਜਾ ਰਹੇ ਹਨ।ਪਹਿਲੇ ਪੜਾਅ ਵਿਚ ਜਿੱਥੇ 3013 ਕਰੋੜ ਰੁਪਏ ਦੇ ਕੰਮ ਕਰਵਾਏ ਗਏ ਹਨ ਅਤੇ ਉਥੇ ਦੂਜੇ ਪੜਾਅ ਵਿੱਚ ਲਗਭਗ 8283 ਕਰੋੜ ਰੁਪਏ ਦੇ ਕੰਮ ਰਾਜ ਭਰ ਦੇ ਸ਼ਹਿਰਾਂ ਵਿਚ ਆਰੰਭ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਪਠਾਨਕੋਟ ਦੇ ਵਿਕਾਸ ਕਾਰਜਾਂ ਲਈ 1.53 ਕਰੋੜ, 1.63 ਕਰੋੜ , 1.3 ਕਰੋੜ ਅਤੇ 1.65 ਕਰੋੜ ਰੁਪਏ ਦੇ ਵੱਖ-ਵੱਖ ਵਾਰਡਾਂ ਲਈ ਚਾਰ ਵੱਖ-ਵੱਖ ਠੇਕੇਦਾਰਾਂ ਵੱਲੋਂ ਕੰਮ ਕਰਵਾਏ ਜਾ ਰਹੇ ਹਨ।ਜਿਨ੍ਹਾਂ ਵੱਲੋਂ ਵੱਖ-ਵੱਖ ਵਾਰਡਾਂ ਅੰਦਰ ਇੰਟਰ ਲਾਕ ਟਾਈਲ ਵਰਕ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਅਧੀਨ ਵਾਰਡ ਨੰਬਰ 10 ਵਿੱਚ 12.83 ਲੱਖ ਰੁਪਏ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗਾਊਸਾਲਾ ਰੋਡ ਸਾਈਡ 22.75 ਲੱਖ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਹੀ ਤਰ੍ਹਾਂ ਸਿਵਲ ਹਸਪਤਾਲ, ਚੱਕੀ, ਭਦਰੋਆ, ਧੋਬੀਘਾਟ ਆਦਿ ਸਥਾਨਾਂ ਤੇ 22.40 ਲੱਖ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਏ.ਜੀ.ਕੇ ਰੋਡ ਦੇ ਵਿਕਾਸ ਕਾਰਜ ਲਈ 3 ਕਰੋੜ ਅਤੇ ਹੋਰ ਵਿਕਾਸ ਕਾਰਜਾਂ ਲਈ 3.17 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਲਈ ਟੈਂਡਰ ਲਗਾਏ ਗਏ ਹਨ ਅਤੇ ਇਨ੍ਹਾਂ ਸਥਾਨਾਂ ਤੇ ਵੀ ਵਿਕਾਸ ਕਾਰਜ ਜਲਦੀ ਸੁਰੂ ਕਰਵਾਏ ਜਾਣਗੇ।ਉਨ੍ਹਾਂ ਕਿਹਾ ਕਿ ਪਠਾਨਕੋਟ ਵਿੱਚ ਵਿਕਾਸ ਕਾਰਜ਼ਾਂ ਨੂੰ ਕਰਵਾ ਕੇ ਸਿਟੀ ਦੀ ਨੁਹਾਰ ਬਦਲੀ ਜਾਵੇਗੀ।