Sunday, July 13, 2025
Breaking News

ਬੱਚੇ ਦਾ ਜਨਮ ‘ਤੇ ਰਹੁਰੀਤਾਂ

                ਸਾਡਾ ਜੀਵਨ ਸਮਾਜਿਕ ਰਹੁਰੀਤਾਂ ਵਿੱਚ ਬੱਝਾ ਹੋਇਆ ਹੈ।ਇਹ ਪੈਰ ਭਾਰੇ ਹੋਣ ਤੋਂ ਮਰਨ ਤੱਕ ਸਾਡੇ ਨਾਲ ਨਾਲ ਹੀ ਚੱਲਦੀਆਂ ਹਨ।ਵਿਆਹ ਤੋਂ ਬਾਅਦ ਮਹੀਨੇ ਦੋ ਮਹੀਨੇ ਵਿੱਚ ਹੀ ਜਨਾਨੀਆਂ ਕੰਨਸੋਆਂ ਲੈਣ ਲੱਗ ਪੈਂਦੀਆਂ ਹਨ।ਜੇ ਸਾਲ ਦੋ ਸਾਲ ਵਿੱਚ ਆਸ ਨਾ ਹੋਵੇ ਤਾਂ ਤਾਹਨੇ ਮਿਹਣੇ ਸ਼ੁਰੂ ਹੋ ਜਾਂਦੇ ਹਨ।ਜਦੋਂ ਨੂੰਹ ਰਾਣੀ ਬਾਕ ਲੈਣ ਲੱਗ ਪਏ ਤਾਂ ਔਰਤਾਂ ਖੁਸ਼ ਹੋ ਜਾਂਦੀਆਂ ਹਨ ਤੇ ਇੱਕ ਦੂਜੀ ਦੇ ਕੰਨਾਂ ਵਿੱਚ ਫੁਸਫੁਸਾਉਂਦੀਆਂ ਹਨ।ਇਸ ਨੂੰ ਉਹਨਾਂ ਦੀ ਬੋਲੀ ਵਿੱਚ ਦਿਨ ਚੜ੍ਹੇ ਕਹਿੰਦੇ ਹਨ।ਸੁਖ-ਸੁਖਾਂ ਨਾਲ ਇਹ ਸਮਾਂ ਪਾਰ ਹੋ ਜਾਵੇ ਤਾਂ ਉਸ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ।ਅੱਜਕਲ ਪਿੰਡ ਵਿੱਚ ਆਸ਼ਾ ਵਰਕਰ, ਸਰਕਾਰੀ ਏ.ਐਨ.ਐਮ ਦੇ ਕੋਲ ਸਬ ਸੈਂਟਰ ਲੈ ਜਾਂਦੀ ਹੈ ਅਤੇ ਉਸ ਦਾ ਕਾਰਡ ਬਣਾ ਦਿੱਤਾ ਜਾਂਦਾ ਹੈ।ਲੋੜ੍ਹ ਅਨੁਸਾਰ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਸਾਵਧਾਨੀਆਂ ਦੱਸੀਆਂ ਜਾਂਦੀਆਂ ਹਨ।ਖੁਰਾਕ ਵੀ ਦਿੱਤੀ ਜਾਂਦੀ ਹੈ।ਉਸ ਨੂੰ ਬੁਖਾਰ ਵੀ ਹੋ ਜਾਵੇ ਤਾਂ ਪਹਿਲਾਂ ਇਸ ਸਥਿਤੀ ਬਾਰੇ ਡਾਕਟਰ ਨੂੰ ਦੱਸਣਾ ਚਾਹੀਦਾ ਹੈ।ਦਵਾਈ ਵੀ ਬਹੁਤ ਸੋਚ ਸਮਝ ਕੇ ਹੀ ਲਈ/ ਦਿੱਤੀ ਜਾਂਦੀ ਹੈ।
                 ਹਿੰਦੂਆਂ ਵਿੱਚ ਗੋਦ ਭਰਾਈ ਦੀ ਰਸਮ ਹੁੰਦੀ ਸੀ।ਸੱਸ ਬਹੂ ਦੀ ਝੋਲੀ ਵਿੱਚ ਨਾਰੀਅਲ, ਮਠਿਆਈ ਤੇ ਸੁੰਦਰ ਸੂਟ ਆਦਿ ਪਾਉਂਦੀ ਸੀ।ਸਿੱੱਖਾਂ ਵਿੱਚ ਕੋਈ ਲੰਮੀ ਰਸਮ ਨਹੀਂ ਹੁੰਦੀ।ਉਚੇ ਨੀਵੇਂ ਥਾਂ ਪੈਰ ਨਹੀਂ ਰੱਖਣਾ।ਭਾਰਾ ਕੰਮ ਨਹੀ ਕਰਨਾ, ਪੀੜ੍ਹੀ ਤੇ ਬੈਠਣਾ ਆਦਿ ਸੱਸਾਂ ਬੰਦਸ਼ਾਂ ਲਗਾਉਂਦੀਆਂ ਹਨ।ਨਾਰੀਅਲ ਦੀ ਕੱਚੀ ਗਿਰੀ, ਮਨ ਚਾਹਿਆ ਫਰੂਟ ਖਾਣ ਲਈ ਦਿੱਤਾ ਜਾਂਦਾ ਹੈ।7ਵੇਂ ਮਹੀਨੇ ਮੂੰਗੀ ਸੌਂਫ ਬਣਾ ਕੇ ਦਿੱਤੀ ਜਾਂਦੀ ਹੈ।ਧਾਰਮਿਕ ਕਿਤਾਬਾਂ ਪੜ੍ਹਨ ਲਈ ਕਿਹਾ ਜਾਂਦਾ ਹੈ।ਕਈ ਸਾਲ ਪਹਿਲਾਂ ਇੱਕ ਪਿਛਲੀ ਕੋਠੜੀ ਬੱਚਾ ਜੰਮਣ ਲਈ ਨਿਸ਼ਚਿਤ ਕੀਤੀ ਜਾਂਦੀ ਸੀ।ਪੈਂਦ ਨੂੰ ਜਿੰਦਰਾ ਮਾਰਨਾ, ਕਮਰੇ ਵਿੱਚ ਦੀਵੇ ਜਗਾਉਣਾ, ਸਿਆਣੀਆਂ ਜਨਾਨੀਆਂ ਦਾ ਦਾਈ ਪਾਸ ਹੋਣਾ ਜ਼ਰੂਰੀ ਹੁੰਦਾ ਸੀ, ਉਹ ਬੱਚਾ ਜੰਮਣ ਵਾਲੀ ਦਾ ਹੌਂਸਲਾ ਬਣਾਈ ਰੱਖਦੀਆਂ ਸਨ।ਅਭੀ ਨਭੀ ਲਈ, ਮਰਦ ਬਾਹਰਲੇ ਕਮਰੇ ਬੈਠਕ ਵਿੱਚ ਹਾਜ਼ਰ ਰਹਿੰਦੇ ਸਨ।ਨਾੜੂਆ ਕੱਟਣਾ ਤੇ ਬਾਕੀ ਸਮਾਨ (ਜ਼ੇਰ) ਨੂੰ ਕਮਰੇ ਦੀ ਨੁੱਕਰ ਵਿੱਚ ਡੂੰਘਾ ਨੱਪ ਦੇਣ ਦੀ ਕਾਰਵਾਈ ਹੁੰਦੀ ਸੀ।
                    ਅੱਜਕਲ੍ਹ ਤਾਂ ਬੱਚੇ ਹਸਪਤਾਲ ਵਿੱਚ ਹੀ ਜੰਮਣ ਦਾ ਹੁਕਮ ਹੈ ਅਤੇ ਤਰੀਕ ਪਹਿਲਾਂ ਹੀ ਦੱਸ ਦਿੱਤੀ ਜਾਂਦੀ ਹੈ।ਆਂਗਣਵਾੜੀ ਵਰਕਰ ਹਸਪਤਾਲ ਲਿਜਾਣ ਵਿੱਚ ਸਹਾਇਤਾ ਕਰਦੀ ਹੈ।ਤਦ ਹੀ ਮਰਨ ਦਰ ਬਹੁਤ ਘੱਟ ਹੈ।ਲੜਕਾ ਹੋਵੇ ਜਾਂ ਲੜਕੀ ਖੁਸ਼ੀ ਦਾ ਮਾਹੌਲ ਸਿਰਜ ਜਾਂਦਾ ਹੈ।ਵਧਾਈਆਂ ਮਿਲਦੀਆਂ ਹਨ।ਨਰਸਾਂ ਦਾਈਆਂ ਲਾਗੀ ਵਧਾਈ ਲੈਂਦੇ ਹਨ।ਪਹਿਲਾਂ ਬੱਚੇ ਨੂੰ ਗੁੜ ਜਾਂ ਸ਼ਹਿਦ ਦੀ ਗੁੜ੍ਹਤੀ ਦਿੱਤੀ ਜਾਂਦੀ ਸੀ, ਪਰ ਅੱਜਕਲ ਡਾਕਟਰ ਮਨ੍ਹਾਂ ਕਰਦੇ ਹਨ।ਨਵ ਜੰਮੇ ਨੂੰ ਸਾਫ਼ ਕਰਕੇ ਕੂਲੇ ਕੂਲੇ ਕੱਪੜੇ ਪਾਏ ਜਾਂਦੇ ਹਨ।ਮਾਂ ਦੀਆਂ ਦੁੱਧੀਆਂ ਸਾਫ਼ ਕਰਕੇ ਬੱਚੇ ਨੂੰ ਦੁੱਧ ਪਿਲਾਇਆ ਜਾਂਦਾ ਹੈ।ਪੁਰਾਣੇ ਜ਼ਮਾਨੇ ਵਿੱਚ ਪਹਿਲਾ ਗਾੜਾ ਦੁੱਧ ਕੱਢ ਕੇ ਸੁੱਟ ਦਿੱਤਾ ਜਾਂਦਾ ਸੀ।ਹੁਣ ਡਾਕਟਰ ਅਜਿਹਾ ਨਹੀਂ ਕਰਨ ਦਿੰਦੇ।ਇਹ ਬੱਚੇ ਲਈ ਗੁਣਕਾਰੀ ਹੁੰਦਾ ਹੈ।ਮਾਂ ਤੇ ਬੱਚੇ ਦੀ ਬਾਂਹ ‘ਤੇ ਪੀਲੀ ਸਰੋਂ ਤੇ ਹਿੰਗ ਬੰਨੀਂ ਜਾਂਦੀ ਹੈ।ਭਾਵੇਂ ਨਵੀਂ ਪਨੀਰੀ ਇਹਨਾਂ ਰੀਤੀ ਰਿਵਾਜ਼ਾ ਨੂੰ ਘੱਟ ਹੀ ਮੰਨਦੀ ਹੈ, ਪਰ ਮਾਪਿਆਂ ਦਾ ਮਾਣ ਰੱਖ ਲੈਂਦੇ ਹਨ।ਇਨਾਂ ਦੇ ਨੇੜੇ ਬਦਰੂਹਾਂ ਨਾ ਆਉਣ, ਹੋ ਸਕਦਾ ਉਸ ਸਮੇਂ ਵਾਇਰਸ ਆਦਿ ਨੂੰ ਹੀ ਬਦਰੂਹਾਂ ਕਹਿ ਦਿੱਤਾ ਜਾਂਦਾ ਹੋਵੇ।ਜੱਚਾ ਬੱਚਾ ਦੇ ਕਮਰੇ ਵਿੱਚ ਜੁੱਤੀ ਉਤਾਰ ਕੇ ਹੱਥ ਮੂੰਹ ਸਾਫ ਕਰਕੇ ਹੀ ਜਾਣਾ ਚਾਹੀਦਾ ਹੈ।ਬੱਚੇ ਨੂੰ ਚੁੰਮਣਾ ਨਹੀਂ ਚਾਹੀਦਾ।ਜੱਚਾ ਦੇ ਪੇਕੇ ਸੌਹਰੇ ਸਭ ਆ ਜਾਂਦੇ ਹਨ।ਵਧਾਈਆਂ ਦਿੱਤੀਆਂ ਲਈਆਂ ਜਾਂਦੀਆਂ ਹਨ।ਜੱਚਾ ਦਾ ਚਿਹਰਾ ਤਕਲੀਫ ਵਿੱਚ ਹੁੰਦਿਆਂ ਵੀ ਖਿੜ ਜਾਂਦਾ ਹੈ।ਖੁਸ਼ੀ ਦਾ ਮਾਹੌਲ ਸਿਰਜ਼ਿਆ ਜਾਂਦਾ ਹੈ।ਜੱਚਾ ਬੱਚਾ ਦੇ ਸਿਰਹਾਣੇੇ ਲੋਹੇ ਦੀ ਕਰਦ ਵਗੈਰਾ ਰੱਖੀ ਜਾਂਦੀ ਹੈ।
           ਅੱਜਕਲ੍ਹ ਤਾਂ ਹਸਪਤਾਲ ਵਿੱਚ ਹੀ ਬੱਚੇ ਦਾ ਨਾਮ, ਮਾਤਾ, ਪਿਤਾ ਦਾ ਨਾਮ, ਤੇ ਹੋਰ ਵੇਰਵੇ ਪੰਜਾਬੀ ਅੰਗਰੇਜ਼ੀ ਵਿੱਚ ਸੋਚ ਕੇ ਫ਼ਾਰਮ ਵਿੱਚ ਲਿਖਵਾ ਦਿੱਤੇ ਜਾਂਦੇ ਹਨ ਤੇ ਜਨਮ ਸਰਟੀਫ਼ਿਕੇਟ ਬਣ ਕੇ ਘਰ ਪਹੁੰਚ ਜਾਂਦਾ ਹੈ।ਜਾਂ ਪਿੰਡ ਦੀ ਏ.ਐਨ.ਐਮ ਨੂੰ ਲ਼ਿਖਵਾ ਦਿੱਤਾ ਜਾਂਦਾ ਹੈ ਤੇ 21 ਦਿਨ ਵਿੱਚ ਇੱਕ ਕਾਪੀ ਮੁਫਤ ਪ੍ਰਾਪਤ ਕਰ ਲਈ ਜਾਂਦੀ ਸੀ।ਜੇ 21 ਦਿਨ ਦਾ ਸਮਾਂ ਲੰਘ ਜਾਵੇ ਤਾਂ ਲੇਟ ਐਂਟਰੀ ਸੌ ਯੱਬ ਕਰਕੇ ਕਰਵਾਉਣੀ ਪੈਂਦੀ ਹੈ।ਪਹਿਲੇ ਸਮੇਂ ਵਿੱਚ ਗੁਰਦੁਆਰਾ ਸਾਹਿਬ ਮੱਥਾ ਟਿਕਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲਿਆ ਜਾਂਦਾ ਸੀ ਤੇ ਭਾਈ ਸਾਹਿਬ ਜੋ ਪਹਿਲਾ ਅੱਖਰ ਦੱਸਦੇ ਸਨ, ਉਸ ਤੋਂ ਨਾਮ ਰੱਖ ਲਿਆ ਜਾਂਦਾ ਸੀ।ਹਿੰਦੂ ਵੀਰ ਬੱਚੇ ਦੀ ਜਨਮ ਪੱਤਰੀ ਬਣਵਾਉਂਦੇ ਹਨ ਤੇ ਪੰਡਤ ਜੀ ਤੋਂ ਨਾਮ ਕਰਨ ਕਰਵਾਉਂਦੇ ਹਨ।ਕਈ ਤਾਂ ਉਸ ਦਿਨ ਹੀ ਘਰ ਲੈ ਜਾਂਦੇ ਹਨ ਤੇ ਕਈ 4-5 ਦਿਨ ਹਸਪਤਾਲ ਰਹਿਣ ਦਿੰਦੇ ਹਨ।ਘਰ ਵਿੱਚ ਦਰਵਾਜ਼ੇ ‘ਤੇ ਸਰੀਂਹ ਦੇ ਪੱਤੇ ਬੰਨਦੇ ਸਨ।ਕਈ ਹੁਣ ਵੀ ਬੰਨਦੇ ਹਨ।ਪੰਜਵੇਂ ‘ਤੇ ਮਾਂ ਬੱਚੇ ਨੂੰ ਨੁਹਾ ਦਿੱਤਾ ਜਾਂਦਾ ਸੀ।ਇਸ ਨੂੰ ਸੁੱਚਾ ਕਰਨਾ ਕਹਿੰਦੇ ਹਨ।ਕਈ ਬੱਚੇ ਨੂੰ ਤੜਾਗੀ ਜੋ ਕਾਲੇ ਧਾਗੇ ਦੀ ਹੁੰਦੀ ਹੈ ਬੰਨਦੇ ਹਨ।ਇਹ ਵੀ ਬਦ ਰੂਹਾਂ ਤੋਂ ਬਚਾਅ ਲਈ ਸਮਝੀ ਜਾਂਦੀ ਹੈ।ਸਿਆਣੀਆਂ ਔਰਤਾਂ ਸਮਝਦੀਆਂ ਹਨ ਕਿ ਜੱਚਾ ਦਾ ਸਰੀਰ ਕੱਚਾ ਹੋ ਜਾਂਦਾ ਹੈ।ਉਸ ਲਈ ਇੱਕ ਦਾਈ ਮਾਈ ਉਸ ਦੀ ਮੁੱਠੀ ਚਾਪੀ ਲਈ ਰੱਖ ਲਈ ਜਾਂਦੀ ਹੈ।ਉਹ ਬੱਚੇ ਦੇ ਕੱਪੜੇ ਸਾਫ਼ ਕਰਦੀ ਹੈ, ਰੋਜਾਨਾ ਜੱਚਾ ਬੱਚਾ ਦੀ ਸੇਵਾ ਕਰਦੀ ਹੈ।ਉਸ ਨੂੰ ਨਿਸਚਿਤ ਦਿਨ ਬਾਅਦ ਮਿਹਨਤਾਨਾ ਤੇ ਕੱਪੜੇ ਦੇ ਕੇ ਵਿਦਾ ਕੀਤਾ ਜਾਂਦਾ ਹੈ। ਕੁੱਝ ਘਰਾਂ ਵਿੱਚ ਬੱਚੇ ਦਾ ਤੇਰਵਾਂ ਵੀ ਮਨਾਇਆ ਜਾਂਦਾ ਹੈ।ਉਸ ਦਿਨ ਘਰ ਵਿੱਚ ਮਿੱਠਾ ਬਣਾਇਆ ਜਾਂਦਾ ਹੈ।ਸ਼ਰੀਕੇ ਭਾਈਚਾਰੇ ਦੀ ਰੋਟੀ ਕੀਤੀ ਜਾਂਦੀ ਹੈ।ਮਠਿਆਈ ਵੰਡੀ ਜਾਂਦੀ ਹੈ।ਉਸ ਸਮੇਂ ਵਡਿਆਈ ਦੇ ਗੀਤ ਗਾਏ ਜਾਂਦੇ ਹਨ।
         ਧੰਨ ਤੇਰੀ ਮਾਂ ਭਲੀ, ਜਿਨ ਬੇਟੜਾ ਜਾਇਆ।
            ਸਾਰਾ ਪਰਿਵਾਰ ਦਾਦਕੇ ਨਾਨਾਕੇ ਖੁਸ਼ ਹੁੰਦੇ ਹਨ।ਦਾਦੇ ਦੀ ਵੇਲ ਵਧੀ ਹੈ।ਦਾਦਾ ਖੁਸ਼ ਹੋ ਕੇ ਪੁੰਨ ਦਾਨ ਕਰਦਾ ਹੈ।ਇੱਕੀ ਦਿਨ ਬਾਅਦ ਸੁੱਚਿਆਂ ਕੀਤਾ ਜਾਂਦਾ ਹੈ।ਕਈ ਘਰਾਂ ਵਿੱਚ ਭਾਈ ਜੀ ਨੂੰ ਬੁਲਾ ਕਿ ਜੱਚਾ ਬੱਚਾ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ।ਫਿਰ ਚੌਕੇ ਚੁੱਲ੍ਹੇ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਂਦਾ ਹੈ।ਖੁਸ਼ੀ ਦੇ ਮੌਕੇ ਮਰਾਸੀ ਵੀ ਘਰ ਆ ਪਹੁੰਚਦੇ ਹਨ ਤੇ ਨੱਚ ਗਾ ਕੇ ਵੇਲਾਂ ਤੇ ਲਾਗ ਲੈ ਕੇ ਜਾਂਦੇ ਹਨ।ਏਸੇ ਤਰ੍ਹਾਂ ਹੀ ਬਾਜ਼ੀਗਰਨੀਆਂ ਤੇ ਹੋਰ ਲਾਗੀ ਲਾਗ ਲੈਂਦੇ ਹਨ।ਖੁਸਰੇ ਵੀ ਘਰ ਵਿੱਚ ਆਉਂਦੇ ਹਨ ਤੇ ਬੱਚੇ ਨੂੰ ਚੁੱਕ ਕੇ ਲੋਰੀਆਂ ਦਿੰਦੇ ਹਨ, ਨੱਚਦੇ ਹਨ।
           ਲੋਰੀਆਂ ਲੈ ਵੇ, ਲੋਰੀਆਂ ਲੈ।ਕਰਮਾਂ ਵਾਲਿਆ ਲੋਰੀਆਂ ਲੈ।
             ਇਹ ਲੋਰੀਆਂ ਤੇਰੀ ਦਾਦੀ ਦਿਲਾਵੇ, ਵੇ ਲੈ ਲਾ ਲੋਰੀਆਂ, ਕਾਕਾ ਲੈ ਲਾ ਲੋਰੀਆਂ।
            ਇਸ ਤਰ੍ਹਾਂ ਹਾਜ਼ਰ ਜੀਆਂ ਦੇ ਰਿਸ਼ਤੇ ਅਨੁਸਾਰ ਚਾਚੀ, ਭੂਆ, ਆਦਿ ਕਹਿ ਕੇ ਸਰਵਾਰਨੇ ਲਈ ਜਾਂਦੇ ਹਨ ਤੇ ਲੋਰੀਆਂ ਦੇਈ ਜਾਂਦੇ ਹਨ।ਸੂਟ, ਆਟਾ ਤੇ ਨਗਦ ਰੁਪਏ ਘਰ ਦੀ ਹਾਲਾਤ ਦੇਖ ਕੇ ਮੰਗਦੇ ਹਨ ਅਤੇ ਬਹੁਤੀ ਵਾਰ ਅੜੀ ਕਰਕੇ ਜ਼ਿੱਦ ਪੁਗਾਉਂਦੇ ਹਨ।
            ਸਵਾ ਮਹੀਨੇ ਤੱਕ ਜੱਚਾ ਬੱਚਾ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ।ਪੇਕੇ ਸਹੁਰੇ ਪੰਜੀਰੀ ਬਣਾ ਕੇ ਦਿੰਦੇ ਹਨ।ਜਿਸ ਵਿੱਚ ਦੇਸੀ ਘਿਓ, ਆਟਾ, ਚਾਰੇ ਗੂੰਦਾ, ਕਮਰਕਸ, ਸੁਪਾਰੀ, ਸੁੰਢ, ਜਵੈਨ, ਬਦਾਮ, ਕਾਜੂ, ਚਾਰੇ ਮਗਜ਼, ਸੌਗੀ, ਫੁੱਲ ਮਖਾਣੇ ਆਦਿ ਪਾਏ ਜਾਂਦੇ ਹਨ।ਭਾਵੇਂ ਡਾਕਟਰ ਸਾਹਿਬਾਨ ਪੰਜ਼ੀਰੀ ਤੋਂ ਮਨ੍ਹਾਂ ਕਰਦੇ ਹਨ ਅਤੇ ਨਵੀਆਂ ਨਹੁੰਆਂ ਵੀ ਜ਼ਿਆਦਾ ਘਿਓ ਖਾਣਾ ਪਸੰਦ ਨਹੀਂ ਕਰਦੀਆਂ।ਜੇ ਬੱਚਾ ਮੁੰਡਾ ਹੋਵੇ ਤਾਂ ਨਾਨਕੇ ਬੱਚੇ ਲਈ ਕੱਪੜੇ, ਸੋਨੇ ਦਾ ਗਹਿਣਾ ਕੜਾ ਆਦਿ ਬਣਾ ਕੇ ਲਿਆਉਂਦੇ ਹਨ।ਸੋਹਣੇ ਸੋਹਣੇ ਖਿਡਾਉਣੇ ਵੀ ਲਿਆਉਂਦੇ ਹਨ।5 ਸਾਲ ਦਾ ਬੱਚਾ ਹੋ ਜਾਣ ਤੇ ਹਿੰਦੂ ਵੀਰ ਮੁੰਡਨ ਕਰਵਾਉਂਦੇ ਹਨ।ਸਿੱਖ ਬੱਚੇ ਦਾ ਧਮਾਨ ਕਰਦੇ ਹਨ।ਨਾਨਕੇ ਦਾਦਕਿਆਂ ਦਾ ਕਾਫੀ ਖਰਚ ਹੋ ਜਾਂਦਾ ਹੈ।ਕੁੱਝ ਲੋਕ ਬੱਚੇ ਦੀ ਦਸਤਾਰਬੰਦੀ ਵੀ ਕਰਦੇ ਹਨ।
             ਬੱਚੇ ਦੇ ਜੰਮਣ ‘ਤੇ ਦੋਨੋਂ ਪਰਵਾਰ ਬਹੁਤ ਖੁਸ਼ ਹੁੰਦੇ ਹਨ ਪਰ ਸਭ ਤੋਂ ਵੱਧ ਬੱਚੇ ਦੀ ਭੂਆ ਨੂੰ ਖੁਸ਼ੀ ਹੁੰਦੀ ਹੈ :-
            ਜੇ ਘਰ ਜੰਮੇ ਪੁੱਤ ਵੇ ਬਾਬਲਾ, ਦੱਬੀਆਂ ਬੋਤਲਾਂ ਪੁੱਟ ਵੇ ਬਾਬਲਾ।
            ਜੇ ਘਰ ਜੰਮ ਪਈ ਧੀ ਵੇ ਬਾਬਲਾ, ਥੋੜ੍ਹੀ ਦਾਰੂ ਪੀ ਵੇ ਬਾਬਲਾ।
            ਭੂਆ ਵੀ ਬੱਚੇ ਵਾਸਤੇ ਕੱਪੜੇ ਤੇ ਕੋਈ ਗਹਿਣਾ ਬਣਾ ਕੇ ਲਿਆਉਂਦੀ ਹੈ। ਬਾਪ ਵੀ ਖੁਸ਼ ਹੋ ਕੇ :-
         ਬਾਪੂ ਮੱਝੀਆਂ ਦੇ ਸੰਗਲ ਫੜਾਏ, ਵੀਰ ਘਰ ਪੁੱਤ ਜੰਮਿਆਂ।
             ਬੱਚੇ ਦੀ ਲੋਹੜੀ ਵੀ ਆ ਜਾਂਦੀ ਹੈ ਉਹ ਵੀ ਧੂਮਧਾਮ ਨਾਲ ਮਨਾਈ ਜਾਂਦੀ ਹੈ।ਰਿਸ਼ਤੇਦਾਰ ਘਰ ਆਉਂਦੇ ਹਨ।ਮਕੱਈ ਦੇ ਫੁੱਲੇ ਗੁੜ ਦੀਆਂ ਰਿਓੜੀਆਂ, ਮੂੰਗਫਲੀ, ਗੁੜ ਆਦਿ ਤੇ ਨਗਦ ਰੁਪਏ ਵੀ ਲੋਹੜੀ ਮੰਗਣ ਵਾਲੀਆਂ ਵਾਲਿਆਂ ਨੂੰ ਦਿੱਤੇ ਜਾਂਦੇ ਹਨ।
            ਸਾਡੇ ਪੈਰਾ ਹੇਠ ਸਲਾਈਆਂ, ਅਸੀਂ ਕੌਣ ਵੇਲੇ ਦੀਆਂ ਆਈਆਂ,
         ਸਾਡੇ ਪੈਰਾ ਹੇਠਾਂ ਮੋਰ, ਸਾਨੂੰ ਛੇਤੀ ਛੇਤੀ ਤੋਰ।ਤੂੰ ਮੁੰਡਾ ਜ਼ੰਮੀਂ ਹੋਰ ਵਰ੍ਹੇ ਨੂੰ ਫਿਰ ਵੀ ਆਵਾਂਗੇ।
            ਘਰ ਵਿੱਚ ਸਾਂਸੀ, ਬਾਜ਼ੀਗਰ, ਕੋਹੜਾ ਨੜੀਮਾਰ, ਛੁਰੀਮਾਰ ਅਦਿ ਵੀ ਲਾਗ ਲੈਣ ਆਉਂਦੇ ਹਨ।ਸਭ ਨੂੰ ਤਿੱਲਫੁਲ ਬਣਦਾ ਸਰਦਾ ਦਿੱਤਾ ਜਾਂਦਾ ਹੈ।
             ਪਤੀ ਪਤਨੀ ਆਪਣੇ ਗ੍ਰਹਿਸਤ ਜੀਵਨ ਨੂੰ ਪੂਰਾ ਕਰਨ ‘ਤੇ ਔਲਾਦ ਪ੍ਰਾਪਤੀ ਲਈ ਹਰ ਹੀਲਾ ਵਰਤਦੇ ਹਨ।ਪ੍ਰਮਾਤਮਾਂ ਇਹ ਲਾਲਸਾ ਸਭ ਜੋੜਿਆਂ ਦੀ ਪੂਰੀ ਕਰੇ।25102020

ਮਨਜੀਤ ਸਿੰਘ ਸੌਂਦ
ਟਾਂਗਰਾ।
ਮੋ – 98037-61451

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …