ਸੰਗਰੂਰ, 15 ਨਵੰਬਰ (ਜਗਸੀਰ ਲੌਂਗੋਵਾਲ) – ਖੁਸ਼ੀਆਂ ਵੰਡਣ ਵਾਲਾ ਦੀਵਾਲੀ ਦਾ ਤਿਉਹਾਰ ਨੇੜਲੇ ਪਿੰਡ ਲੋਹਾਖੇੜਾ ਵਿਖੇ ਉਸ ਵੇਲੇ ਗਮੀ ਵਿੱਚ ਬਦਲ ਗਿਆ, ਜਦੋਂ ਕਰਜ਼ੇ ਦੀ ਮਾਰ ਹੇਠ ਆਏ ਇੱਕ ਕਿਸਾਨ ਪਰਿਵਾਰ ਦੇ ਮੁਖੀ ਅਤੇ ਉਸ ਦੀ ਪਤਨੀ ਵਲੋਂ ਜਹਿਰੀਲੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਪਿੰਡ ਲੋਹਾਖੇੜਾ ਨਿਵਾਸੀ ਕਿਸਾਨ ਅਤੇ ਉਸ ਦੀ ਧਰਮ ਪਤਨੀ ਵਲੋਂ ਕੀਤੀ ਗਈ ਖੁਦਕੁਸ਼ੀ ਸਬੰਧੀ ਥਾਣਾ ਲੌਂਗੋਵਾਲ ਦੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ।ਕਿਸਾਨ ਜੋੜੇ ਵਲੋਂ ਕਰਜ਼ੇ ਦੀ ਮਾਰ ਹੇਠ ਆ ਕੇ ਕੀਤੀ ਗਈ ਸਮੂਹਿਕ ਖੁਦਕੁਸ਼ੀ ਨੂੰ ਲੈ ਕੇ ਸਮੁੱਚੇ ਇਲਾਕੇ ਅੰਦਰ ਖੌਫ ਦਾ ਮਾਹੌਲ ਬਣਿਆ ਹੋਇਆ ਹੈ।
ਪਿੰਡ ਲੋਹਾਖੇੜਾ ਦੇ ਸਰਪੰਚ ਜਗਸੀਰ ਸਿੰਘ ਜੱਗੀ ਅਤੇ ਥਾਣਾ ਲੌਂਗੋਵਾਲ ਵਿਖੇ ਆਏ ਨਵੇਂ ਥਾਣਾ ਮੁਖੀ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਜਗਮੇਲ ਸਿੰਘ (49) ਪੁੱਤਰ ਬਹਾਦਰ ਸਿੰਘ ਦੇ ਪਰਿਵਾਰ ਦੇ ਸਿਰ 17-18 ਲੱਖ ਰੁਪਏ ਦਾ ਆੜਤੀਆ ਅਤੇ ਬੈਂਕਾਂ ਦਾ ਕਰਜ਼ਾ ਸੀ।ਇਸ ਕਰਜ਼ੇ ਨੂੰ ਲੈ ਕੇ ਮ੍ਰਿਤਕ ਕਿਸਾਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ।ਉਸ ਨੇ ਅਪਣੀ ਤਿੰਨ ਏਕੜ ਜ਼ਮੀਨ ਵਿਚੋਂ ਇੱਕ ਏਕੜ ਜ਼ਮੀਨ ਵੇਚ ਵੀ ਦਿੱਤੀ ਸੀ।ਪ੍ਰੰਤੂ ਕਰਜ਼ੇ ਪੰਡ ਨੂੰ ਭਾਰੀ ਮੰਨ ਕੇ ਮਾਨਸਿਕ ਤਨਾਅ ਵਧ ਜਾਣ ਕਾਰਨ ਕਿਸਾਨ ਜਗਮੇਲ ਸਿੰਘ ਨੇ ਜਹਿਰੀਲੀਆਂ ਗੋਲੀਆਂ ਖਾ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ।ਕਿਸਾਨ ਜਗਮੇਲ ਸਿੰਘ ਵਲੋਂ ਕੀਤੀ ਗਈ ਖੁਦਕੁਸ਼ੀ ਦੀ ਜਾਣਕਾਰੀ ਜਦੋਂ ਉਸ ਦੀ ਪਤਨੀ ਮਲਕੀਤ ਕੌਰ (43) ਨੂੰ ਮਿਲੀ ਤਾਂ ਪਤੀ ਦੀ ਮੌਤ ਦਾ ਸਦਮਾ ਸਹਾਰਦੇ ਹੋਏ, ਪਤੀ ਵਲੋਂ ਲਿਆਦੀਆਂ ਗਈਆਂ ਬਾਕੀ ਰਹਿੰਦੀਆਂ ਜ਼ਹਿਰੀਲੀਆਂ ਗੋਲੀਆ ਖਾ ਕੇ ਮਲਕੀਤ ਕੌਰ ਨੇ ਵੀ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ।ਮ੍ਰਿਤਕ ਕਿਸਾਨ ਜੋੜਾ ਅਪਣੇ ਪਿੱਛੇ ਇੱਕ ਵਿਆਹਤਾ ਬੇਟੀ ਤੇ ਇੱਕ ਬੇਟਾ ਛੱਡ ਗਏ ਹਨ।ਥਾਣਾ ਮੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਜਰਨੈਲ ਸਿੰਘ ਅਤੇ ਉਸ ਦੀ ਪਤਨੀ ਮਲਕੀਤ ਕੌਰ ਦੀ ਹੋਈ ਮੌਤ ਦੇ ਸਬੰਧ ਵਿਚ ਥਾਣਾ ਲੌਂਗੋਵਾਲ ਵਿਖੇ ਧਾਰਾ 174 ਅਧੀਨ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਦੇਹਾਂ ਦਾ ਪੋਸਟਮਾਟਰਮ ਕਰਵਾ ਕੇ ਲਾਸ਼ਾਂ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।ਪਿੰਡ ਦੇ ਸਰਪੰਚ ਜਗਸੀਰ ਸਿੰਘ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦਾ ਸਮੁੱਚਾ ਕਰਜ਼ਾ ਮੁਆਫ ਕਰ ਕੇ ਅਤੇ ਮਾਲੀ ਮਦਦ ਵੀ ਕੀਤੀ ਜਾਵੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …