Sunday, December 22, 2024

ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਦੀ ਛੋਹ ਪ੍ਰਾਪਤ ਗੁ. ਟਾਹਲੀਆਣਾ ਸਾਹਿਬ

            ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਜਿਲ੍ਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਵਿਖੇ ਸੁਭਾਇਮਾਨ ਹੈ, ਜਿਸ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ।ਗੁਰਦੁਆਰਾ ਟਾਹਲੀਆਣਾ ਸਾਹਿਬ ਜੀ ਦੇ ਇਤਿਹਾਸ ਬਾਰੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਅਤੇ ਸਿਰਸਾ ਨਦੀ ’ਤੇ ਪਰਿਵਾਰ ਵਿਛੋੜੇ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ’ਚੋਂ ਲੰਘਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਲਮਗੀਰ ਹੇਰਾਂ ਹੁੰਦੇ ਹੋਏ ਰਾਏਕੋਟ ਦੇ ਬਾਹਰਵਾਰ ਕੰਡ, ਕਰੀਰ, ਕਿੱਕਰ, ਦੱਭ, ਅੰਬਾਂ ਦੇ ਦਰੱਖਤਾਂ ਨਾਲ ਭਰੇ ਹੋਏ ਜੰਗਲਾਂ ਵਿਚ ਡੇਰਾ ਲਾਇਆ।ਜਿਨ੍ਹਾਂ ਜੰਗਲਾਂ ਵਿਚ ਲੋਕ ਆਪਣੇ ਪਸ਼ੂ ਚਰਾਉਂਦੇ ਸਨ।ਉਸ ਵਕਤ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਦਾ ਚਰਵਾਹਾ ਨੂਰਾ ਮਾਹੀ ਵੀ ਇਨ੍ਹਾਂ ਜੰਗਲਾਂ ਵਿਚ ਪਸ਼ੂ ਚਰਾ ਰਿਹਾ ਸੀ।ਗੁਰੂ ਸਾਹਿਬ ਦੇ ਚਿਹਰੇ ਦੇ ਨੂਰ ਨੂੰ ਦੇਖਦੇ ਉਨ੍ਹਾਂ ਨੂੰ ਸੇਵਾ ਪੁੱਛੀ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਦੁੱਧ ਲਿਆਉਣ ਲਈ ਕਿਹਾ, ਜਿਸ ਦੇ ਜਵਾਬ ਵਿਚ ਨੂਰੇ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਉਹ ਤਾਂ ਦੁੱਧ ਹੁਣੇ ਚੋ ਕੇ ਆਇਆ ਹੈ।ਜਿਸ ’ਤੇ ਗੁਰੂ ਸਾਹਿਬ ਨੇ ਇਕ ਔਂਸਰ ਝੋਟੀ ਵੱਲ ਇਸ਼ਾਰਾ ਕਰ ਕੇ ਦੁੱਧ ਚੋਣ ਲਈ ਕਿਹਾ ਤਾਂ ਨੂਰੇ ਮਾਹੀ ਨੇ ਕਿਹਾ ਕਿ ਉਸ ਕੋਲ ਕੋਈ ਬਰਤਨ ਵੀ ਨਹੀਂ ਹੈ ਤਾਂ ਗੁਰੂ ਸਾਹਿਬ ਨੇ ਉਸ ਨੂੰ ਇਕ ਬਰਤਨ ‘ਗੰਗਾ ਸਾਗਰ’ ਦਿੱਤਾ, ਜਿਸ ਦੇ ਆਲੇ-ਦੁਆਲੇ ਬਹੁਤ ਸਾਰੇ ਛੇਕ ਸਨ।ਨੂਰੇ ਦੀ ਹੈਰਾਨੀ ਦੀ ਸੀਮਾ ਉਦੋਂ ਨਾ ਰਹੀ, ਜਦ ਉਸ ਨੇ ਦੇਖਿਆ ਕਿ ਔਂਸਰ ਝੋਟੀ ਦੁੱਧ ਦੇ ਰਹੀ ਹੈ ਤੇ ਦੁੱਧ ਉਨ੍ਹਾਂ ਛੇਕਾਂ ਵਾਲੇ ਭਾਂਡੇ ’ਚੋਂ ਬਾਹਰ ਵੀ ਨਹੀਂ ਡਿੱਗ ਰਿਹਾ।ਨੂਰੇ ਨੇ ਇਹ ਸਾਰੀ ਘਟਨਾ ਆਪਣੇ ਨਵਾਬ ਰਾਏ ਕੱਲ੍ਹਾ ਨੂੰ ਜਾ ਕੇ ਦੱਸੀ ਤਾਂ ਇਸ ਚਮਤਕਾਰੀ ਘਟਨਾ ਨੂੰ ਸੁਣਦੇ ਹੀ ਰਾਏ ਕੱਲ੍ਹਾ ਨੇ ਆ ਗੁਰੂ ਜੀ ਦੇ ਚਰਨਾਂ ਵਿਚ ਆਪਣਾ ਸੀਸ ਨਿਵਾਇਆ ਅਤੇ ਸੇਵਾ ਪੁੱਛੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਇਕ ਘੋੜੇ ਅਤੇ ਇਕ ਸਵਾਰ ਦੀ ਮੰਗ ਕੀਤੀ ਤਾਂ ਜੋ ਸਰਹੰਦ ਤੋਂ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਦੇ ਬਾਰੇ ਪਤਾ ਮੰਗਵਾਇਆ ਜਾ ਸਕੇ।ਰਾਏ ਕੱਲ੍ਹਾ ਨੇ ਨੂਰੇ ਮਾਹੀ ਨੂੰ ਘੋੜਾ ਦੇ ਕੇ ਸਰਹੰਦ ਭੇਜ ਦਿੱਤਾ।ਇਸ ਉਪਰੰਤ ਗੁਰੂ ਜੀ ਕਮਾਲਪੁਰੇ ਦੀ ਪਵਿੱਤਰ ਧਰਤੀ ’ਤੇ ਚਰਨ ਪਾਉਂਦੇ ਹੋਏ ਲੰਮਾ-ਜੱਟਪੁਰਾ ਵਿਖੇ ਪੁੱਜੇ, ਜਿੱਥੇ ਉਨ੍ਹਾਂ ਕਈ ਦਿਨ ਵਿਸ਼ਰਾਮ ਕੀਤਾ।
              ਇਸ ਸਮੇਂ ਦੌਰਾਨ ਹੀ ਨੂਰੇ ਮਾਹੀ ਨੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਖ਼ਬਰ ਸੁਣਾਈ ਤੇ ਗੁਰੂ ਜੀ ਨੇ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਦੀ ਜੜ੍ਹ ਪੁੱਟ ਕੇ ਕਿਹਾ ਹੁਣ ਮੁਗਲ ਰਾਜ ਦੀ ਜੜ੍ਹ ਪੁੱਟੀ ਗਈ।ਜਿਸ ’ਤੇ ਨਵਾਬ ਰਾਏ ਕੱਲ੍ਹਾ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਵੀ ਇਕ ਤੁਰਕ ਹੈ ਤਾਂ ਗੁਰੂ ਸਾਹਿਬ ਨੇ ਉਸ ਨੂੰ ਇਕ ਖੰਡਾ, ਇਕ ‘ਗੰਗਾ ਸਾਗਰ’ ਅਤੇ ਇਕ ਰਹੇਲ ਦਿੰਦੇ ਹੋਏ ਕਿਹਾ ਜਦੋਂ ਤੱਕ ਇਹ ਚੀਜ਼ਾਂ ਤੇਰੇ ਕੋਲ ਹਨ, ਤੇਰੇ ਰਾਜ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
                  ਅੱਜ ਇਸ ਪਵਿੱਤਰ ਅਸਥਾਨ ’ਤੇ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।ਗੁਰਦੁਆਰੇ ਦੇ ਨਜ਼ਦੀਕ ਸਰੋਵਰ ਵੀ ਬਣਾਇਆ ਗਿਆ ਹੈ।ਸੰਗਤਾਂ ਦੀ ਰਿਹਾਇਸ਼ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਕਮਰੇ ਵੀ ਬਣਾਏ ਹੋਏ ਹਨ।ਗੁਰਦੁਆਰਾ ਸਾਹਿਬ ਵਿਖੇ 24 ਘੰਟੇ ਗੁਰੂ ਕਾ ਲੰਗਰ ਵੀ ਸੰਗਤਾਂ ਨੂੰ ਛਕਾਇਆ ਜਾਂਦਾ ਹੈ।ਇਸ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਹਰ ਸਾਲ ਜਨਵਰੀ ਮਹੀਨੇ ’ਚ ਭਾਰੀ ਜੋੜ ਮੇਲਾ ਤੇ ਢਾਡੀ ਦਰਬਾਰ ਤੇ ਕੀਰਤਨ ਦਰਬਾਰ ਵੀ ਕਰਵਾਇਆ ਜਾਂਦਾ ਹੈ।ਜਿਸ ਵਿਚ ਦੇਸ਼-ਵਿਦੇਸ਼ ਤੋਂ ਸੰਗਤ ਬਹੁਤ ਹੀ ਸ਼ਰਧਾ ਨਾਲ ਪਹੁੰਚ ਕੇ ਨਤਮਸਤਕ ਹੁੰਦੀ ਹੈ।ਇਥੇ ਹਰੇਕ ਪੂਰਨਮਾਸ਼ੀ ਦਾ ਦਿਹਾੜਾ ਵੀ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਤੇ ਹਰ ਪੂਰਨਮਾਸ਼ੀ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਹੁੰਦਾ ਹੈ।ਇਹ ਅਸਥਾਨ ਸੰਗਤਾਂ ਦੀ ਆਸਥਾ ਦਾ ਵੱਡਾ ਕੇਂਦਰ ਹੈ।1
                1987 ਤੋਂ ਗੁਰਦੁਆਰਾ ਸਾਹਿਬ ਦੀ ਸਾਂਭ-ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ।20012021

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਜਿਲ੍ਹਾ ਲੁਧਿਆਣਾ।
ਮੋ – 98763 22677

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …