ਪੁਲਿਸ ਵੱਲੋਂ ਵੱਖ-ਵੱਖ ਥਾਈਂ ਨਾਕੇ ਲਾ ਕੇ ਕੱਟੇ ਗਏ ਚਲਾਨ
ਧੂਰੀ, 20 ਜਨਵਰੀ (ਪ੍ਰਵੀਨ ਗਰਗ) – ਪੰਜਾਬ ਪੁਲਿਸ ਵੱਲੋਂ ਹਰ ਸਾਲ ਦੀ ਤਰ੍ਹਾਂ ਮਨਾਏ ਜਾ ਰਹੇ ਸੜਕ ਸੁਰੱਖਿਆ ਸਪਤਾਹ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸਥਾਨਕ ਕੱਕੜਵਾਲ ਚੌਂਕ ਵਿੱਚ ਧੁਰੀ ਟਰੈਫਿਕ ਪੁਲਿਸ ਵਲੋਂ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ।
ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਲੋਕਾਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਅਜਿਹੇ ਕੈਂਪ ਲਗਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਬੇਲੋੜੀ ਖੱਜ਼ਲ ਖ਼ੁਆਰੀ ਤੇ ਸਮੇਂ ਦੀ ਬਰਬਾਦੀ ਤੋਂ ਬਚਣ ਲਈ ਸਾਨੂੰ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣੇ ਚਾਹੀਦੇ ਹਨ ਅਤੇ ਵਾਹਨ ਚਲਾਉਣ ਵੇਲੇ ਮੋਬਾਇਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਣ ਲਈ ਸਾਨੂੰ ਹਮੇਸ਼ਾ ਹੈਲਮੇਟ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਅਜਿਹੇ ਕੈਂਪ ਸਕੂਲਾਂ, ਕਾਲਜਾਂ, ਟਰੱਕ ਯੂਨੀਅਨ, ਟੈਕਸੀ ਯੂਨੀਅਨ ਵਿੱਚ ਜਾ ਕੇ ਟ੍ਰੈਫਿਕ ਨਿਯਮਾਂ ਤੋਂ ਸਮੇਂ-ਸਮੇਂ ਜਾਣੂ ਕਰਵਾਇਆ ਜਾਵੇਗਾ।
ਇਸ ਮੌਕੇ ਧੂਰੀ ਟਰੈਫਿਕ ਇੰਚਾਰਜ਼ ਸਤਨਾਮ ਸਿੰਘ ਦੀ ਅਗੁਵਾਈ ਹੇਠ ਏ.ਐਸ.ਆਈ ਸੰਜੇ ਕੁਮਾਰ ਅਤੇ ਮਿੱਠੂ ਸਿੰਘ ਵੱਲੋਂ ਵੱਖ-ਵੱਖ ਥਾਈਂ ਨਾਕੇ ਲਾ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਅਧੂਰੇ ਕਾਗਜ਼ਾਤ ਵਾਲ਼ਿਆਂ ਦੇ ਚਲਾਨ ਵੀ ਕੱਟੇ ਗਏ।