Tuesday, April 30, 2024

ਸਿਆਸੀ ਵਖਰੇਵਿਆਂ ਨੂੰ ਪਰ੍ਹੇ ਕਰਕੇ ਕੌਮ ਦੇ ਇਤਿਹਾਸ ਨੂੰ ਸੰਭਾਲਣ ਦੀ ਲੋੜ

ਨਵੰਬਰ 1984 ਸਿੱਖ ਕਤਲੇਆਮ ਦੀ 30ਵੀਂ ਵਰੇਗੰਢ  ਮੌਕੇ

Article- GK

Manjit S GK

                                                                                                        ਲੇਖਕ:- ਮਨਜੀਤ ਸਿੰਘ ਜੀ.ਕੇ.
                                                                                                  (ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ)

ਜਨਵਰੀ 2013 ਵਿੱਚ ਦਿੱਲੀ ਦੀ ਸੰਗਤ ਵੱਲੋਂ ਬੜੀਆਂ ਹੀ ਆਸਾਂ ਅਤੇ ਉਮੀਦਾ ਨੂੰ ਮੁੱਖ ਰੱਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਨੂੰ ਸੌਂਪਣ ਨਾਲ ਜਿਥੇ ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਸਾਡੀਆਂ ਜ਼ਿਮੇਵਾਰੀਆਂ ਵਿੱਚ ਵਾਧਾ ਹੋਇਆ ਹੈ ਉਥੇ ਹੀ ਸੰਸਾਰ ਭਰ ਦੀਆਂ ਸੰਗਤਾਂ ਦੀਆਂ ਆਸਾਂ ਅਤੇ ਉਮੀਦਾ ਨੂੰ ਪੂਰਾ ਕਰਨ ਲਈ ਸਾਨੂੰ ਪੰਥਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਅਕਾਲ ਪੁਰਖ ਦੇ ਆਸ਼ੀਰਵਾਦ ਸਦਕਾ ਅੱਗੇ ਵਧਣ ਦਾ ਸੁਚੱਜਾ ਮੌਕਾ ਵੀ ਮਿਲਿਆ ਹੈ। ਨਵੰਬਰ 1984 ਵਿੱਚ ਦਿੱਲੀ ਵਿੱਚ ਵਾਪਰੇ ਸਿੱਖ ਨਸਲਕੁਸ਼ੀ ਦੇ ਇਤਿਹਾਸ ਨੂੰ ਮਹਾਨ ਸਿੱਖ ਵਿਰਾਸਤ ਚੋਂ ਵਖਰਾ ਨਹੀਂ ਕੀਤਾ ਜਾ ਸਕਦਾ। ਅੱਜ 30 ਸਾਲ ਇਸ ਸਾਕੇ ਦੇ ਸੰਪੁਰਨ ਹੋਣ ਤੇ ਜਿੱਥੇ ਸਾਨੂੰ ਅਜਾਹੀ ਮੌਤ ਮਾਰੇ ਗਏ ਆਪਣੇ ਭੈਣਾ ਅਤੇ ਭਰਾਵਾਂ ਦੀ ਮੌਤ ਦਾ ਵੱਡਾ ਦੁੱਖ ਹੈ, ਉਥੇ ਹੀ ਉਨ੍ਹਾਂ ਲਈ ਇੰਨਸਾਫ ਦੀ ਆਵਾਜ਼ ਬੁਲੰਦ ਕਰਨਾ ਅਤੇ ਆਉਣ ਵਾਲੀ ਪੀੜੀ ਨੂੰ ਇਸ ਸਾਕੇ ਦੀ ਜਾਣਕਾਰੀ ਦੇਣਾ ਵੀ ਸਾਡੀ ਮੁੱਢਲੀ ਜ਼ਿਮੇਦਾਰੀ ਹੈ।
26 ਫਰਵਰੀ 2013 ਨੂੰ ਦਿੱਲੀ ਕਮੇਟੀ ਦੇ ਮੁੱਖ ਸੇਵਾਦਾਰ ਦੀ ਸੇਵਾ ਮਿਲਣ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਜਿਥੇ ਕਤਲੇਆਮ ਪੀੜਤ ਪਰਿਵਾਰਾਂ ਤੱਕ ਜ਼ਰੂਰੀ ਮਦਦ ਪਹੁੰਚਾਣਾ ਸਾਡਾ ਵੱਡਾ ਮਕਸਦ ਸੀ ੳਥੇ ਨਾਲ ਹੀ ਕਈ ਦਹਾਕਿਆਂ ਤੋਂ ਇਨਸਾਫ ਦੀ ਇੰਤਜ਼ਾਰ ਕਰ ਰਹੀ ਕੌਮ ਲਈ ਦਿੱਲੀ ਵਿਖੇ ਇਸ ਸਾਕੇ ਦੀ ਯਾਦਗਾਰ ਬਨਾਉਣਾ ਵੀ ਅਤਿ ਜ਼ਰੂਰੀ ਸੀ ਤਾਂਕਿ ਆਉਣ ਵਾਲੀਆਂ ਪੀੜੀਆਂ ਨੂੰ ਇਸ ਗੱਲ ਦਾ ਪਤਾ ਚਲ ਸਕੇ ਕਿ ਜੰਗ-ਏ-ਆਜ਼ਾਦੀ ਵਿੱਚ 80 ਫੀਸਦੀ ਕੁਰਬਾਨੀਆਂ ਦੇਣ ਵਾਲੀ ਕੌਮ ਨਾਲ 1984 ਵਿੱਚ ਮੁਲਕ ਦੀ ਚੁਣੀ ਹੋਈ ਸਰਕਾਰ ਵੱਲੋਂ ਕਿਵੇਂ ਧੱਕਾ ਕੀਤਾ ਗਿਆ ਸੀ। ਦਿੱਲੀ ਕਮੇਟੀ ਦੀ ਸੇਵਾ ਤੋਂ ਬਾਹਰ ਰਹਿਣ ਵੇਲ੍ਹੇ ਜਿਥੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੀਆਂ ਟਿਕਟਾਂ ਕਟਵਾਉਣ ਲਈ ਅਕਾਲੀ ਦਲ ਦੇ ਕਾਰਕੁੰਨਾ ਨੇ ਸੜਕ ਤੋਂ ਲੈਕੇ ਸੰਸਦ ਤੱਕ ਇੰਨਸਾਫ ਦੀ ਅਵਾਜ਼ ਨੂੰ ਬੁਲੰਦ ਕੀਤਾ ਉਥੇ ਹੀ ਸੇਵਾ ਮਿਲਣ ਉਪਰੰਤ ਪੀੜਤ ਪਰਿਵਾਰਾਂ ਦੀ ਮਾਸਿਕ ਪੈਨਸ਼ਨ, ਰਾਸ਼ਨ, ਦੁੱਖ ਅਤੇ ਸੁਖ ਵੇਲ੍ਹੇ ਮਾਇਕ ਸਹਾਇਤਾ ਤੇ ਉਨ੍ਹਾਂ ਦੇ ਤੀਜੀ ਪੀੜੀ ਦੇ ਬੱਚਿਆ ਨੂੰ ਮਿਆਰੀ ਸਿੱਖਿਆ ਦੇਣ ਲਈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਯੋਗ ਪ੍ਰਬੰਧ ਕਰਨ ਉਪਰੰਤ ਇਸ ਸਾਕੇ ਦੀ ਯਾਦਗਾਰ ਬਨਾਉਣ ਲਈ ਕਮੇਟੀ ਵੱਲੋਂ ਜੱਦੋਜਹਿਦ ਸ਼ੁਰੂ ਕੀਤੀ ਗਈ।
5 ਨਵੰਬਰ 2012 ਨੂੰ ਪੰਜਾਬੀ ਬਾਗ ਤੋਂ ਨਿਗਮ ਪਾਰਸ਼ਦ ਅਤੇ ਮੌਜੂਦਾ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀਆਂ ਕੋਸ਼ਿਸ਼ਾਂ ਸਦਕਾ ਰਿੰਗ ਰੋਡ ਤੇ ਦੱਖਣ ਦਿੱਲੀ ਨਗਰ ਨਿਗਮ ਵੱਲੋਂ ਗੁਰਦੁਆਰਾ ਟਿਕਾਣਾ ਸਾਹਿਬ ਦੇ ਸਾਹਮਣੇ ਪਾਰਕ ਵਿੱਚ “1984 ਸਿੱਖ ਮੈਮੋਰੀਅਲ ਪਾਰਕ“ ਬਨਾਉਣ ਦੀ ਦਿੱਤੀ ਗਈ ਮੰਜ਼ੂਰੀ ਦੇ ਬਾਵਜੂਦ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਬੀਬੀ ਸ਼ੀਲਾ ਦਿਕਸ਼ਤ ਵੱਲੋਂ ਦਿੱਲੀ ਪੁਲਿਸ ਅਤੇ ਸਥਾਨਿਕ ਏਜੰਸੀਆਂ ਤੇ ਦਬਾਅ ਬਣਾਕੇ ਉਦਘਾਟਨ ਦੀ ਇਕ ਰਾਤ ਪਹਿਲਾ ਪ੍ਰੋਗਰਾਮ ਨੂੰ ਦਿੱਲੀ ਪੁਲਿਸ ਵੱਲੋਂ ਮੁਲਤਵੀ ਕਰਨ ਨੇ ਸਾਨੂੰ ਸਰਕਾਰਾਂ ਦੀਆਂ ਸਿੱਖਾਂ ਪ੍ਰਤੀ ਕਾਰਜ ਪ੍ਰਣਾਲੀ ਬਾਰੇ ਚੰਗੀ ਤਰ੍ਹਾਂ ਜਾਣੂੰ ਕਰਵਾ ਦਿੱਤਾ ਸੀ। ਇਸ ਕਰਕੇ ਦਿੱਲੀ ਕਮੇਟੀ ਦੀ ਸੇਵਾ ਮਿਲਣ ਤੇ ਅੰਤਿ੍ਰੰਗ ਬੋਰਡ, ਜਰਨਲ ਹਾਉਸ ਅਤੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਹੋਏ ਗੁਰਮਤਿ ਸਮਾਗਮ ਵਿੱਚ ਹਜ਼ਾਰਾਂ ਸੰਗਤਾਂ ਵੱਲੋਂ ਹੱਥ ਖੜੇ ਕਰਕੇ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਨਵੰਬਰ 1984 ਸਿੱਖ ਕਤਲੇਆਮ ਦੀ ਯਾਦਗਾਰ ਨੂੰ ਬਨਾਉਣ ਦਾ ਵੱਡਾ ਫੈਸਲਾ ਲਿਆ ਗਿਆ। ਇਸ ਸਥਾਨ ਤੇ 1984 ਦੌਰਾਨ ਜਿਥੇ ਹਮਲਾ ਹੋਇਆ ਸੀ ਉਥੇ ਹੀ ਦੰਗਾਕਾਰੀਆਂ ਨਾਲ ਗੁਰੂ ਘਰ ਦੀ ਮਰਿਯਾਦਾ ਨੂੰ ਕਾਇਮ ਰੱਖਣ ਵਾਸਤੇ ਸੰਘਰਸ਼ ਕਰਦੇ ਹੋਏ ਦੋ ਸਿੰਘ ਵੀ ਸ਼ਹੀਦ ਹੋਏ ਸਨ। ਸਾਡਾ ਇਸ ਸਥਾਨ ਤੇ ਯਾਦਗਾਰ ਬਨਾਉਣ ਦਾ ਇਹ ਫੈਸਲਾ ਜਿੱਥੇ ਕਾਤਿਲਾਂ ਦੇ ਨਾਲ ਸਬੰਧ ਰੱਖਣ ਵਾਲੇ ਕੁਝ ਲੋਕਾਂ ਨੂੰ ਪਸੰਦ ਨਹੀਂ ਆਇਆ ਉਥੇ ਹੀ ਇਸ ਯਾਦਗਾਰ ਨੂੰ ਬਨਾਉਣ ਤੋਂ ਰੋਕਣ ਲਈ ਕਾਨੁੂੰਨੀ ਚਾਰਾਜੋਈ ਵੀ ਉਕਤ ਆਗੁਆਂ ਵੱਲੋਂ ਸ਼ੁਰੂ ਕੀਤੀ ਗਈ।
ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਹਾਈ ਕੋਰਟ ਵਿਖੇ ਇਸ ਯਾਦਗਾਰ ਦੇ ਕਾਰਜ ਨੂੰ ਰੋਕਣ ਵਾਸਤੇ ਦਿੱਤੇ ਗਏ ਹਲਫ਼ਨਾਮੇ ਨੇ ਜਿੱਥੇ ਉਨ੍ਹਾਂ ਦੇ ਲੁਕਵੇਂ ਏਜੰਡੇ ਨੂੰ ਜਨਤਕ ਕੀਤਾ, ਉਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਵਡੇਰੇ ਪੰਥਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਸ ਯਾਦਗਾਰ ਦੇ ਕਾਰਜ ਵਿੱਚ ਰੋੜਾ ਨਾ ਬਨਣ ਦੀ ਅਪੀਲ ਕਰਨ ਅਤੇ ਹਾਈ ਕੋਰਟ ਚੋਂ ਮੁਕਦਮਾਂ ਵਾਪਿਸ ਲੈਣ ਦੇ ਦਿੱਤੇ ਗਏ ਆਦੇਸ਼ਾਂ ਦੇ ਬਾਵਜੂਦ ਉਨ੍ਹਾਂ ਵੱਲੋਂ ਗਿਣੀ-ਮਿਥੀ ਸਾਜਿਸ਼ ਤਹਿਤ ਪੀੜਤ ਪਰਿਵਾਰਾਂ ਦੇ ਜ਼ਖਮਾਂ ਤੇ ਨਮਕ ਛਿੜਕਨਾ ਜਾਰੀ ਰਿਹਾ, ਪਰ ਅਕਾਲ ਪੁਰਖ ਦੀ ਕਿਰਪਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਸ ਯਾਦਗਾਰ ਦਾ ਨੀਂਹ ਪੱਥਰ ਜੂਨ 2013 ਵਿਖੇ 5 ਤਖ਼ਤਾਂ ਦੇ ਜਥੇਦਾਰ ਸਾਹਿਬਾਨ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਦਿੱਲੀ ਦੀ ਸੰਗਤਾਂ ਨਾਲ ਕੀਤੇ ਗਏ ਵਾਦਿਆਂ ਨੂੰ ਪੂਰਾ ਕਰਨ ਦੀ ਕੜੀ ਵਿੱਚ ਰੱਖਿਆ ਗਿਆ। ਹਾਲਾਂਕਿ ਦਿੱਲੀ ਕਮੇਟੀ ਦੀ ਸੇਵਾ ਮਿਲੇ ਸਾਨੂੰ ਇਸ ਨੀਂਹ ਪੱਥਰ ਰੱਖਣ ਵੇਲ੍ਹੇ ਤੱਕ 4 ਮਹੀਨੇ ਹੀ ਹੋਏ ਸੀ ਤੇ ਕੇਂਦਰ ਦੀ ਕਾਂਗਰਸ ਸਰਕਾਰ ਨੇ ਸਾਡੀ ਕਮੇਟੀ ਨੂੰ ਵੱਖਵਾਦ ਨੂੰ ਉਭਾਰਣ ਦਾ ਦੋਸ਼ ਲਗਾਉਂਦੇ ਹੋਏ ਸੇਵਾ ਵਾਪਿਸ ਲੈਣ ਦੀ ਵੀ ਵਿਉਂਤਬੰਦੀ ਅੰਦਰ ਖਾਤੇ ਕਰ ਲਈ ਸੀ, ਪਰ ਪੰਥਕ ਹਿੱਤਾ ਨੂੰ ਅੱਗੇ ਰਖਦੇ ਹੋਏ ਦਿੱਲੀ ਕਮੇਟੀ ਨੇ ਇਸ ਕਾਰਜ ਨੂੰ ਅੱਗੇ ਵਧਾਇਆ।
ਸਿੱਖ ਕੌਮ ਮਾਨਵਤਾ ਦੀ ਸੇਵਾ ਅਤੇ ਗੁਰੂ ਸਾਹਿਬ ਵੱਲੋਂ ਦਿੱਤੇ ਗਏ ਸਰਬ ਸਾਂਝੀਵਾਲਤਾ ਦੇ ਸੰਦੇਸ਼ ਤੇ ਆਦਿ ਕਾਲ ਤੋਂ ਹੀ ਪਹਿਰਾ ਦਿੰਦੀ ਆਈ ਹੈ ਤੇ 30 ਸਾਲ ਇਸ ਸਾਕੇ ਦੇ ਬੀਤਣ ਤੇ ਬੇਅੰਤ ਔਂਕੜਾਂ ਦੇ ਬਾਵਜੂਦ ਦਿੱਲੀ ਕਮੇਟੀ ਵੱਲੋਂ ਉਸ ਕਤਲੇਆਮ ਦੌਰਾਨ ਮਾਰੇ ਗਏ ਸ਼ਹੀਦਾ ਦੀ ਯਾਦ ਵਿੱਚ ਯਾਦਗਾਰ ਦੀ ਉਸਾਰੀ ਦੀ ਆਰੰਭਤਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਵੱਲੋਂ ਕਤਲੇਆਮ ਦੀ 30ਵੀਂ ਬਰਸੀ 1 ਨਵੰਬਰ 2014 ਨੂੰ ਕਰਨ ਤੇ ਜਿਥੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਕ ਥਾਂ ਇਕੱਠੇ ਹੋ ਕੇ ਉਨ੍ਹਾਂ ਨੂੰ ਯਾਦ ਕਰਨ ਦਾ ਇਕ ਵੱਡਾ ਜ਼ਰੀਆ ਬਣੇਗੀ ਉਥੇ ਹੀ ਇਕ ਲੋਕਤਾਂਤ੍ਰਿਕ ਦੇਸ਼ ਵਿੱਚ ਇਸ ਯਾਦਗਾਰ ਦੇ ਬਨਣ ਨਾਲ ਸਵਿਧਾਨ ਵੱਲੋਂ ਹਰ ਮਨੁੱਖ ਨੂੰ ਦਿੱਤੇ ਗਏ ਬਰਾਬਰਤਾ ਦੇ ਅਧਿਕਾਰ ਦੀ ਵੀ ਰਹਿਨੁਮਾਈ ਧਾਰਮਿਕ ਪਰਿਵੇਸ਼ ਵਿੱਚ ਹੋਵੇਗੀ।
ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪੀੜਤ ਪਰਿਵਾਰਾਂ ਦੀ ਬਾਂਹ ਫੜਨ ਦੇ ਕੀਤੇ ਜਾ ਰਹੇ ਇਨ੍ਹਾਂ ਉਪਰਾਲਿਆਂ ਦਾ ਹਿੱਸਾ ਬਨਣਾ ਪੰਥਕ ਫਰਜ਼ਾ ਦੀ ਅਦਾਇਗੀ ਲਈ ਅਤਿ ਜ਼ਰੂਰੀ ਹੈ। ਕਿਉਂਕਿ ਜਿਹੜੀ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਹੈ ਇਤਿਹਾਸ ਵਿੱਚ ਉਸ ਕੌਮ ਨੂੰ ਵੀ ਲਭਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਆਪ ਸਭ ਨੂੰ ਪੰਥਕ ਕਾਰਜਾਂ ਵਿੱਚ ਆਪਣਾ ਬਣਦਾ ਸਹਿਯੋਗ ਦੇਣ ਅਤੇ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇਸ ਇਤਿਹਾਸਿਕ ਯਾਦਗਾਰ ਦੀ ਉਸਾਰੀ ਦੇ ਸਮੇਂ ਪੰਥਕ ਇਕੱਠ ਵਿਚ ਸ਼ਾਮਿਲ ਹੋਕੇ ਕੌਮ ਦੀਆਂ ਸ਼ਹਾਦਤਾਂ ਨੂੰ ਸਦੀਵੀ ਯਾਦ ਦਿੰਦੇ ਹੋਏ ਪ੍ਰਣਾਮ ਕਰਨ ਲਈ ਇਹ ਯਾਦਗਾਰੀ ਅਤਿ ਜ਼ਰੂਰੀ ਹੈ। ਇਹ ਯਾਦਗਾਰ ਬਨਾਉਣ ਵੇਲ੍ਹੇ ਗੁਰਦੁਆਰਾ ਕੰਪਲੈਕਸ ਵਿਚ ਨਾ ਤੇ ਕੋਈ ਬਿਲਡਿੰਗ ਢਾਹੀ ਜਾ ਰਹੀ ਹੈ ਤੇ ਨਾ ਹੀ ਨਵੀਂ ਉਸਾਰੀ ਕੀਤੀ ਜਾ ਰਹੀ ਹੈ। ਪ੍ਰਤੀਕ ਦੇ ਤੌਰ ਤੇ ਬਨਣ ਵਾਲੀ ਇਸ ਯਾਦਗਾਰ ਦੀ ਦੀਵਾਰ ਤੇ ਸਮੂਹ ਸ਼ਹੀਦਾਂ ਦੇ ਨਾਂ ਉਕੇਰੇ ਜਾਣਗੇ ਜਿਸ ਦਾ ਡਿਜ਼ਾਈਨ ਇਕ ਮਸ਼ਹੂਰ ਆਰਚੀਟੈਕਟ ਵੱਲੋਂ ਬਣਾਇਆ ਗਿਆ ਹੈ।

Check Also

ਈਦ ਤੋਂ ਪਹਿਲਾਂ ਆਪਣੇ ਘਰ ਪੁਹੰਚੇ ਪਾਕਿਸਤਾਨੀ ਨੌਜਵਾਨ ਨੇ ਕੀਤਾ ਡਾ. ਓਬਰਾਏ ਦਾ ਧੰਨਵਾਦ

ਅੰਮ੍ਰਿਤਸਰ, 11 ਅਪ੍ਰੈਲ (ਜਗਦੀਪ ਸਿੰਘ) – ਹਮੇਸ਼ਾਂ ਲੋੜਵੰਦਾਂ ਦੀ ਬਾਂਹ ਫੜਨ ਵਾਲੇ ਅਤੇ ਸਰਬੱਤ ਦਾ …

Leave a Reply