ਨਵਜੋਤ ਸਿੱਧੂ ਦੀ ਸਿਆਸੀ ਪਾਰੀ ਬਾਰੇ ਖੁਦ ਬਿਹਤਰ ਦੱਸ ਸਕਦੇ ਹਨ ਸਿੱਧੂ
ਧੂਰੀ, 29 ਅਪ੍ਰੈਲ (ਪ੍ਰਵੀਨ ਗਰਗ) ਵਿਧਾਨ ਸਭਾ ਹਲਕਾ ਧੂਰੀ ਤੋਂ ਦੋ ਵਾਰ ਐਮ.ਐਲ.ਏ ਰਹਿ ਕੇ ਹਲਕਾ ਧੂਰੀ ਦੇ ਪਿੰਡਾਂ ਵਿੱਚ ਸੜਕਾਂ ਦਾ ਜਾਲ ਵਿਛਾਉਣ ਵਾਲੇ ਸਾਬਕਾ ਵਿਧਾਇਕ ਧਨਵੰਤ ਸਿੰਘ ਨੇ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਹਲਕਾ ਧੂਰੀ ਵਿੱਚ ਪੈਂਦੀਆਂ ਪਿੰਡਾਂ ਦੀ ਕਈ ਸੜਕਾਂ ਦੀ ਤਰਸਯੋਗ ਹਾਲਤ ਦਾ ਜਿਕਰ ਕਰਦਿਆਂ ਕਿਹਾ ਕਿ ਧੂਰੀ ਤੋਂ ਛੀਂਟਾਵਾਲਾ ਸੜਕ ਅਤੇ ਮੂਲੋਵਾਲ ਤੋਂ ਬਾਅਦ ਪਿੰਡ ਅਲਾਲ ਸਮੇਤ ਹਲਕਾ ਧੂਰੀ ਵਿੱਚ ਪੈਂਦੀਆਂ ਪੇਂਡੂ ਖੇਤਰ ਦੀਆਂ ਕਈ ਸੜਕਾਂ ਦਾ ਬਹੁਤ ਮਾੜਾ ਹਾਲ ਹੈ, ਜਿਸ ਕਾਰਨ ਰਜ਼ਾਨਾ ਹਲਕਾ ਧੂਰੀ ਦੇ ਹਜ਼ਾਰਾਂ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਉਣ ਵਾਲੇ ਮੌਨਸੂਨ ਦੇ ਦਿਨਾਂ ਵਿੱਚ ਬਰਸਾਤਾਂ ਪੈਣ ਕਾਰਨ ਇਹਨਾਂ ਸੜਕਾਂ ਦੀ ਹਾਲਤ ਹੋਰ ਵੀ ਤਰਸਯੋਗ ਹੋ ਜਾਵੇਗੀ।ਉਹਨਾਂ ਕਿਹਾ ਕਿ ਕਰੀਬ 25 ਸਾਲ ਉਪਰੰਤ ਪਹਿਲੀ ਵਾਰ ਹਲਕਾ ਧੂਰੀ ਨੂੰ ਸੱਤਾਧਾਰੀ ਧਿਰ ਦਾ ਵਿਧਾਇਕ ਮਿਲਣ ਦੇ ਬਾਵਜੂਦ ਅਤੇ ਪੀ.ਡਬਲਿਯੂ.ਡੀ ਵਿਭਾਗ ਦੇ ਮੰਤਰੀ ਦਾ ਆਪਣਾ ਹਲਕਾ ਸੰਗਰੂਰ ਹੋਣ ਦੇ ਬਾਵਜ਼ੂਦ ਸੜਕਾਂ ਦੀ ਅਜਿਹੀ ਹਾਲਤ ਸਰਕਾਰ ਦੀ ਕਾਰਗੁਜਾਰੀ ‘ਤੇ ਸਵਾਲੀਆ ਚਿੰਨ੍ਹ ਹੈ।ਉਹਨਾਂ ਕਿਹਾ ਕਿ ਜਦੋਂ ਉਹ ਵਿਧਾਇਕ ਸਨ, ਤਾਂ ਉਹਨਾਂ ਨੇ ਹਲਕੇ ਦੇ ਲਗਭਗ ਸਾਰੇ ਪਿੰਡਾਂ ਵਿੱਚ ਸੜਕਾਂ ਦਾ ਜਾਲ ਵਿਛਾ ਕੇ ਲੋਕਾਂ ਨੂੰ ਇੱਕ ਵੱਡੀ ਸਹੂਲਤ ਦਿੱਤੀ ਸੀ।ਧੂਰੀ ਦੇ ਰਾਮ ਬਾਗ ਦੀ ਨੁਹਾਰ ਬਦਲਣ, ਧੂਰੀ ਨੂੰ ਸਬ ਡਵੀਜ਼ਨ ਬਨਾਉਣ ਅਤੇ ਹਸਪਤਾਲ ਦੀ ਬਿਲਡਿੰਗ ਵਿੱਚ ਵਾਧਾ ਕਰਨ ਤੋਂ ਲੈ ਕੇ ਹਲਕੇ ਦੇ ਹੋਰ ਅਨੇਕਾਂ ਕੀਤੇ ਕਾਰਜ਼ਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ।
ਕੋਰੋਨਾ ਮਹਾਂਮਾਰੀ ਦੌਰਾਨ ਸਿਵਲ ਹਸਪਤਾਲ ਧੂਰੀ ਦੇ ਕੁੱਝ ਕਰਮਚਾਰੀਆਂ ਦੇ ਕੰਮਕਾਰ ‘ਤੇ ਸਵਾਲ ਉਠਾਉਂਦਿਆਂ ਉਹਨਾਂ ਕਿਹਾ ਕਿ ਵੈਕਸੀਨ ਲਗਵਾਉਣ ਆਏ ਲੋਕਾਂ ਨਾਲ ਸਟਾਫ ਦਾ ਰਵੱਈਆ ਨਿੰਦਣਯੋਗ ਹੈ, ਜਿਸ ਦੇ ਗਵਾਹ ਉਹ ਖੁਦ ਆਪ ਹੀ ਹਨ।ਧਨਵੰਤ ਸਿੰਘ ਦੇ ਅਤਿ ਨੇੜਲੇ ਸਿਆਸਤਦਾਨ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੀ ਖਿੱਚੋਤਾਣ ਅਤੇ ਨਵਜੋਤ ਸਿੰਘ ਸਿੱਧੂ ਦੀ ਅਗਾਮੀ ਸਿਆਸੀ ਰਣਨੀਤੀ ਬਾਰੇ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਇਸ ਬਾਰੇ ਨਵਜੋਤ ਸਿੰਘ ਸਿੱਧੂ ਖੁਦ ਬਿਹਤਰ ਦੱਸ ਸਕਦੇ ਹਨ ਕਿ ਉਹ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਲਈ ਸਿਆਸਤ ਦੀ ਕਿਹੜੀ ਪਾਰੀ ਖੇਡਣਗੇ।