Monday, December 23, 2024

ਗੁਰੂ ਨਾਨਕ ਯੂਨੀਵਰਸਿਟੀ ਵੱਲੋਂ ਪਰਵਾਸੀ ਪੰਜਾਬੀਆਂ ਲਈ ਆਨਲਾਈਨ ਕੋਰਸਾਂ ਦੀ ਸ਼ੁਰੂਆਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਰਚੁਆਲ ਲਾਂਚ
ਅੰਮ੍ਰਿਤਸਰ, 3 ਮਈ (ਖੁਰਮਣੀਆਂ ) – ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਹੁਣ ਵੱਖ ਵੱਖ ਆਨਲਾਈਨ ਕੋਰਸ

File Photo

ਪ੍ਰੋਗਰਾਮ ਦਾ ਲਾਭ ਉਠਾਇਆ ਜਾ ਸਕੇਗਾ ਜਿਸ ਨੂੰ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਨਲਾਈਨ ਲਾਂਚ ਕਰ ਦਿੱਤਾ ਗਿਆ ਹੈ।
ਗੁਰੂ ਨਾਨਕ ਦੇਵ ਯੂਨਵਿਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸ਼੍ਰੇਣੀ-1 ਦਰਜੇ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਆਨਲਾਈਨ ਐਜੂਕੇਸ਼ਨ ਵੱਲੋਂ ਪਰਵਾਸੀ ਪੰਜਾਬੀਆਂ ਦੀ ਪੁਰਜ਼ੋਰ ਮੰਗ ਨੂੰ ਪੂਰਾ ਕਰਦਿਆਂ ਪੰਜਾਬੀ ਭਾਸ਼ਾ ਵਿਚ ਸਰਟੀਫਿਕੇਟ ਕੋਰਸ ਤੇ ਗਰੈਜੂਏਸ਼ਨ ਤੋਂ ਇਲਾਵਾ ਪੋਸਟ ਗਰੈਜੂਏਸ਼ਨ ਪੱਧਰ ਦੇ ਕੋਰਸ ਸ਼ੁਰੂ ਕਰਨ ਦਾ ਫੈਸਲਾ ਲੈ ਲਿਆ ਹੈ।ਇਸ ਤੋਂ ਇਲਾਵਾ ਇਨ੍ਹਾਂ ਆਨਲਾਈਨ ਕੋਰਸਾਂ ਵਿਚ ਕੰਪਿਉਟਰ ਸਾਇੰਸ, ਕਾਮਰਸ ਅਤੇ ਮੈਨੇਜਮੈਂਟ ਦੇ ਸਕਿਲ ਕੋਰਸਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਜਿਸ ਦਾ ਲਾਹਾ ਵਿਦਿਆਰਥੀ ਆਨਲਾਈਨ ਸਰੋਤਾਂ ਜ਼ਰੀਏ ਲੈ ਸਕਣਗੇ।
                  ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਦੇ ਮੱਦੇਨਜ਼ਰ ਯੂਨਵਿਰਸਿਟੀ ਵੱਲੋਂ ਆਪਣੇ ਕੈਂਪਸ ਵਿਚ ਇਕ ਵਿਸ਼ੇਸ਼ ਸਟੂਡੀਓ ਤਿਆਰ ਕੀਤਾ ਹੈ ਜਿਸ ਵਿਚ ਆਨਲਾਈਨ ਟੀਚਿੰਗ, ਵੀਡੀਓ ਲੈਕਚਰ ਦੀ ਰਿਕਾਰਡਿੰਗ ਅਤੇ ਪ੍ਰੀਖਿਆਵਾਂ ਦੇ ਸੰਚਾਲਨ ਸਬੰਧੀ ਕਾਰਜ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਲਰਨਿੰਗ ਮੈਨੇਜਮੈਂਟ ਸਿਸਟਮ ਅਧੀਨ ਸੈਲਫ ਲਰਨਿੰਗ ਸਿਸਟਮ, ਈ-ਕਿਤਾਬਾਂ, ਵੀਡੀਓ, ਕੁਇਜ਼, ਆਨਲਾਈਨ ਵਿਚਾਰਚਰਚਾ ਅਤੇ ਲੈਕਚਰਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
               ਗੁਰੂ ਨਾਨਕ ਦੇਵ ਯੂਨੀਵਰਸਿਟੀ ਇਕ ਪਾਇਨੀਅਰ ਸਟੇਟ ਯੂਨੀਵਰਸਿਟੀ ਹੈ, ਜੋ ਕਿ ਏ++ ਦਰਜੇ ਦੇ ਵਰਗ ਵਿਚ ਆਉਂਦੀ ਹੈ।ਯੂ.ਜੀ.ਸੀ, ਨਵੀਂ ਦਿੱਲੀ ਵੱਲੋਂ ਇਸ ਨੂੰ ‘ਯੂਨੀਵਰਸਿਟੀ ਵਿਦ ਪਟੈਂਸ਼ੀਅਲ ਫਾਰ ਐਕਸੀਲੈਂਸ’ ਅਤੇ ‘ਸ਼੍ਰੇਣੀ -1’ ਦਾ ਦਰਜਾ ਵੀ ਦਿੱਤਾ ਗਿਆ ਹੈ।
            ਪ੍ਰੋ. ਸੰਧੂ ਨੇ ਕਿਹਾ ਕਿ ਯੂ.ਜੀ.ਸੀ ਨੇ ਦੇਸ਼ ਦੀਆਂ 981 ਯੂਨੀਵਰਸਿਟੀਆਂ ਵਿਚੋਂ 37 ਯੂਨੀਵਰਸਿਟੀਆਂ ਨੂੰ ਕੋਰਸ ਸ਼ੁਰੂ ਕਰਨ ਦੀ ਆਗਿਆ ਦਿੱਤੀ ਸੀ।ਇਹ ਕੋਰਸ ਸ਼ੁਰੂ ਕਰਨ ਵਾਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਦੀ ਇਕੋ ਇਕ ਰਾਜ ਪਬਲਿਕ ਯੂਨੀਵਰਸਿਟੀ ਹੈ ਜਿਸ ਨੂੰ ਯੂ.ਜੀ.ਸੀ ਦੁਆਰਾ ਯੂ.ਕੇ, ਯੂ.ਐਸ.ਏ, ਕਨੇਡਾ, ਆਸਟਰੇਲੀਆ ਅਤੇ ਅਫਰੀਕਾ ਅਤੇ ਯੂਰਪ ਵਿਚਲੇ ਪਰਵਾਸੀ ਪੰਜਾਬੀਆਂ ਦੀ ਨਿਰੰਤਰ ਮੰਗ ਨੂੰ ਪੂਰਾ ਕਰਨ ਲਈ ਦਿੱਤਾ ਗਿਆ ਹੈ।ਭਾਸ਼ਾ ਅਤੇ ਸਭਿਆਚਾਰ ਤੋਂ ਦੂਰ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਦੀ ਸਿੱਖਿਆ ਪ੍ਰਦਾਨ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਇਰੈਕਟੋਰੇਟ ਆਫ਼ ਆਨਲਾਈਨ ਐਜੂਕੇਸ਼ਨ ਦੀ ਸਥਾਪਨਾ ਕੀਤੀ ਗਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …