Monday, December 23, 2024

ਖੇਤੀ ਵਿਰੋਧੀ ਕਾਲੇ ਕਾਨੂੰਨਾਂ ਸਬੰਧੀ ਕੇਂਦਰ ਸਰਕਾਰ ਨੇ ਜਾਣ ਬੁੱਝ ਕੇ ਧਾਰੀ ਚੁੱਪ – ਮਾਨ

ਕਿਹਾ ਕਰੋਨਾ ਖਿਲਾਫ ਯੋਗ ਕਦਮ ਚੁੱਕਣ ਦੀ ਥਾਂ ਲੋਕਾਂ `ਤੇ ਲਾਈਆਂ ਜਾ ਰਹੀਆਂ ਹਨ ਪਾਬੰਦੀਆਂ

ਨਵੀਂ ਦਿੱਲੀ, 8 ਮਈ (ਜਗਸੀਰ ਲੌਂਗੋਵਾਲ) – ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਹੱਦਾਂ `ਤੇ ਡਟੇ ਕਿਸਾਨਾਂ ਨੂੰ 160 ਦਿਨ ਹੋ ਗਏ ਹਨ।ਪਰ ਕੇਂਦਰ ਦੀ ਸਰਕਾਰ ਨੇ ਜਾਣ ਬੁੱਝ ਕੇ ਚੁੱਪ ਧਾਰ ਰੱਖੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਟਿਕਰੀ ਹੱਦ `ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ਼ ਤੋਂ ਆਉਣ ਵਾਲੇ ਦਿਨਾਂ ਦੇ ਐਕਸ਼ਨਾਂ ਦਾ ਐਲਾਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੀ ਰੋਕਥਾਮ ਲਈ ਯੋਗ ਕਦਮ ਚੁੱਕਣ ਦੀ ਥਾਂ ਲੋਕਾਂ `ਤੇ ਪਾਬੰਦੀਆਂ ਮੜ੍ਹੀਆਂ ਜਾ ਰਹੀਆਂ ਹਨ।ਧੱਕੇ ਨਾਲ ਟੈਸਟ ਕਰਵਾਏ ਜਾ ਰਹੇ ਹਨ।ਰਾਹਗੀਰਾਂ ਦੇ ਚਲਾਨ ਕੱਟੇ ਜਾ ਰਹੇ ਹਨ।ਕਾਰੋਬਾਰ ਬੰਦ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ।ਇਨ੍ਹਾਂ ਪਾਬੰਦੀਆਂ ਦੇ ਖਿਲਾਫ 8 ਮਈ ਨੂੰ ਦੁਕਾਨਦਾਰਾਂ ਵਲੋਂ ਦੁਕਾਨਾਂ ਖੋਲ੍ਹ ਕੇ ਸਰਕਾਰ ਵਲੋਂ ਲਾਈਆਂ ਗਈਆਂ ਪਾਬੰਦੀਆਂ ਦੇ ਵਿਰੋਧ ਵਿੱਚ ਜੋ ਐਕਸ਼ਨ ਕੀਤਾ ਜਾਵੇਗਾ।ਉਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਡਟਵੀਂ ਹਮਾਇਤ ਕੀਤੀ ਜਾਵੇਗੀ।ਨਾਲ ਹੀ ਉਨ੍ਹਾਂ ਦੂਜਾ ਐਕਸ਼ਨ ਐਲਾਨਦਿਆਂ ਕਿਹਾ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ ਕੰਮਕਾਰ ਕਰਕੇ ਦਿੱਲੀ ਮੋਰਚੇ `ਚ ਕਿਸਾਨਾਂ ਦੀ ਜੋ ਗਿਣਤੀ ਘਟ ਗਈ ਸੀ।ਉਸ ਨੂੰ ਪੂਰਾ ਕਰਨ ਲਈ 10 ਅਤੇ 12 ਮਈ ਨੂੰ ਪੰਜਾਬ ਦੇ ਹਜ਼ਾਰਾਂ ਕਿਸਾਨ, ਮਜ਼ਦੂਰ ਅਤੇ ਛੋਟੇ ਕਾਰੋਬਾਰੀ ਵੱਡੇ ਕਾਫਲਿਆਂ ਦੇ ਰੂਪ ਵਿੱਚ ਵਹੀਰਾਂ ਘੱਤ ਕੇ ਦਿੱਲੀ ਮੋਰਚੇ ਵਿੱਚ ਪਹੁੰਚਣਗੇ।
                 ਕਿਸਾਨ ਔਰਤ ਵਿੰਗ ਦੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਕੌਟੜਾ ਨੇ ਕਿਹਾ ਸਾਲ ਪਹਿਲਾਂ ਆਈ ਕਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਵਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ।ਕਰੋਨਾ ਸਮੇਂ ਦੌਰਾਨ ਜਦੋਂ ਲੋਕ ਘਰਾਂ ਵਿੱਚ ਸਨ ਤਾਂ ਭਾਜਪਾ ਦੀ ਮੋਦੀ ਸਰਕਾਰ ਵਲੋਂ ਖੇਤੀ ਕਾਲੇ ਕਾਨੂੰਨ ਲਿਆਂਦੇ ਗਏ ਅਤੇ ਕਿਰਤ ਕਾਨੂੰਨਾਂ `ਚ ਸੋਧ ਕੀਤੀ ਗਈ।ਸਰਕਾਰੀ ਸਿੱਖਿਆ ਦੇ ਉਜਾੜੇ ਲਈ ਨਵੀਂ ਸਿੱਖਿਆ ਨੀਤੀ ਲਿਆਂਦੀ ਗਈ।ਮੁਲਕ ਦੇ ਜਨਤਕ ਅਦਾਰੇ ਵਿਕਰੀ ‘ਤੇ ਲਾਏ ਗਏ।ਉਨ੍ਹਾਂ ਕਿਹਾ ਪਰਵਾਸ ਕਰ ਕੇ ਦੂਜੇ ਸੂਬਿਆਂ ਵਿੱਚ ਰੁਜ਼ਗਾਰ ਲਈ ਆਏ ਮਜ਼ਦੂਰਾਂ ਦੇ ਰੁਜ਼ਗਾਰ ਦਾ ਉਜਾੜਾ ਵੀ ਇਸੇ ਕਰੋਨਾ ਬਿਮਾਰੀ ਦੇ ਦੌਰ ਦੌਰਾਨ ਹੋਇਆ ਸੀ।ਉਨਾਂ ਪਰਵਾਸੀ ਮਜ਼ਦੂਰ ਕਰੋਨਾ ਕਾਰਨ ਨਹੀਂ ਮਰੇ ਜਿੰਨੇ ਰੁਜ਼ਗਾਰ ਦੇ ਉਜਾੜੇ ਕਾਰਨ ਅਤੇ ਘਰਾਂ ਤੱਕ ਪਹੁੰਚਣ ਸਮੇਂ ਸਾਧਨਾਂ ਦੀ ਘਾਟ ਕਾਰਨ ਰਾਹਾਂ ਵਿੱਚ ਹੀ ਮਰ ਗਏ।
                    ਮਾਸਟਰ ਗੁਰਚਰਨ ਸਿੰਘ ਖੋਖਰ ਬਲਾਕ ਆਗੂ ਲਹਿਰਾਗਾਗਾ ਨੇ ਕਿਹਾ ਕਿ ਮੋਦੀ ਹਕੂਮਤ ਦੇ ਨਵ-ਉਦਾਰਵਾਦੀ ਮਾਡਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰਾਂ ਦਾ ਕੰਮ ਸਿਰਫ ਡੰਡੇ ਨਾਲ ਰਾਜ ਕਰਨਾ ਅਤੇ ਹਰ ਤਰ੍ਹਾਂ ਦੇ ਸਰਕਾਰੀ ਸਰੋਤਾਂ ਨੂੰ ਸੰਕਟ ਵਿੱਚ ਘਿਰੇ ਕਹਿ ਕੇ ਵੇਚ ਦੇਣਾ ਹੁੰਦਾ ਹੈ।ਇਸ ਦਾ ਸਭ ਤੋਂ ਵੱਡਾ ਸਬੂਤ ਇੱਕ ਸਾਲ ਤੋਂ ਸਿਹਤ ਸਹੂਲਤਾਂ ਨੂੰ ਪ੍ਰਫੁੱਲਿਤ ਕਰਨ ਦੀ ਥਾਂ ਉਨਾਂ ਨੂੰ ਨਕਾਰਾ ਕਰ ਦਿੱਤਾ ਗਿਆ ਹੈ।ਸਿਹਤ, ਭੋਜਨ, ਸਿੱਖਿਆ, ਰੁਜ਼ਗਾਰ ਆਦਿ ਨਾਲ ਸਬੰਧਤ ਸਰਕਾਰੀ ਸਹੂਲਤਾਂ ਜੋ ਸਰਕਾਰਾਂ ਵਲੋਂ ਦੇਣੀਆਂ ਚਾਹੀਦੀਆਂ ਸਨ, ਤੋਂ ਮੂੰਹ ਮੋੜ ਲਿਆ ਗਿਆ ਹੈ।ਸੰਕਟ ਦੇ ਅਜਿਹੇ ਹਾਲਾਤਾਂ ਵਿੱਚ ਮਨੁੱਖਤਾ ਨੂੰ ਨਵੀਂ ਕਿਸਮ ਦੇ ਸਦਮਿਆਂ ਵੱਲ ਧੱਕਿਆ ਜਾ ਰਿਹਾ ਹੈ।
                  ਇਸ ਮੌਕੇ ਚੇਤਨਾ ਕਲਾ ਕੇਂਦਰ ਬਰਨਾਲਾ ਦੀ ਨਾਟਕ ਟੀਮ ਵਲੋਂ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਹੇਠ ਗੁਰਸ਼ਰਨ ਭਾਜੀ ਦਾ ਲਿਖਿਆ ਨਾਟਕ “ਜੰਗੀ ਰਾਮ ਦੀ ਹਵੇਲੀ” ਖੇਡਿਆ ਗਿਆ।
                ਸਟੇਜ਼ ਸੰਚਾਲਨ ਦੀ ਭੂਮਿਕਾ ਬਠਿੰਡਾ ਜ਼ਿਲ੍ਹੇ ਦੇ ਆਗੂ ਬਸੰਤ ਸਿੰਘ ਕੋਠਾਗੁਰੂ ਨੇ ਬਾਖੂਬੀ ਨਿਭਾਈ ਅਤੇ ਸਟੇਜ਼ ਤੋਂ ਬਿੱਟੂ ਮੱਲਣ, ਹਰਜੀਤ ਮਹਿਲਾ ਚੌਕ, ਸਤਪਾਲ ਸਿੰਘ ਫਾਜ਼ਿਲਕਾ ਅਤੇ ਸੰਦੀਪ ਸਿੰਘ ਘਰਾਚੋਂ ਨੇ ਵੀ ਸੰਬੋਧਨ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …