Monday, December 23, 2024

ਸ਼੍ਰੋਮਣੀ ਕਮੇਟੀ ਵੱਲੋਂ ਤੀਸਰਾ ਕੋਰੋਨਾ ਇਲਾਜ਼ ਕੇਂਦਰ 12 ਮਈ ਤੋਂ ਭੁਲੱਥ ਵਿਖੇ ਸ਼ੁਰੂ ਕਰੇਗਾ ਸੇਵਾਵਾਂ

ਅੰਮ੍ਰਿਤਸਰ, 11 ਮਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਸਥਾਪਿਤ ਕੀਤਾ ਗਿਆ ਕੋਰੋਨਾ ਕੇਅਰ ਕੇਂਦਰ ਬੁੱਧਵਾਰ 12 ਮਈ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ ਦੇਵੇਗਾ।ਇਹ ਕੇਂਦਰ ਭੁਲੱਥ ਦੇ ਰੋਇਲ ਪੈਲੇਸ ਵਿਚ ਤਿਆਰ ਕੀਤਾ ਗਿਆ ਹੈ।ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਅੰਦਰ ਇਹ ਤੀਸਰਾ ਮੈਡੀਕਲ ਵਾਰਡ ਹੈ, ਜੋ ਕੋਰੋਨਾ ਮਰੀਜ਼ਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਤੇ ਦਵਾਈਆਂ ਦੇਣ ਦੇ ਨਾਲ-ਨਾਲ ਲੋੜ ਪੈਣ ’ਤੇ ਆਕਸੀਜਨ ਮੁਹੱਈਆ ਕਰਵਾਏਗਾ।ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਲੁਧਿਆਣਾ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕੋਵਿਡ ਕੇਅਰ ਕੇਂਦਰ ਕੋਰੋਨਾ ਮਰੀਜ਼ਾਂ ਨੂੰ ਸੇਵਾਵਾਂ ਦੇ ਰਹੇ ਹਨ।
                  ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਭੁਲੱਥ ਵਿਖੇ ਕੋਵਿਡ ਕੇਅਰ ਕੇਂਦਰ ਦੇ ਕਾਰਜਸ਼ੀਲ ਹੋਣ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਮੌਜ਼ੂਦਾ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਪੰਜਾਬ ਦੇ ਹਰ ਖਿੱਤੇ ਨਾਲ ਸਬੰਧਤ ਲੋਕਾਂ ਨੂੰ ਮੈਡੀਕਲ ਸੇਵਾਵਾਂ ਪ੍ਰਾਪਤ ਹੋਣਗੀਆਂ।ਮਾਝਾ ਵਿਖੇ ਕੋਰੋਨਾ ਦੇ ਇਲਾਜ਼ ਲਈ ਮੋਹਰੀ ਸ੍ਰੀ ਗੁਰੂ ਰਾਮਦਾਸ ਹਸਪਤਾਲ ਸ੍ਰੀ ਅੰਮ੍ਰਿਤਸਰ ਕਾਰਜਸ਼ੀਲ ਹੈ, ਉਸ ਤੋਂ ਬਾਅਦ ਮਾਲਵਾ ਅਤੇ ਦੁਆਬਾ ਖੇਤਰ ਵਿਚ ਵੱਖ-ਵੱਖ ਥਾਵਾਂ ’ਤੇ ਇਹ ਕੋਰੋਨਾ ਕੇਅਰ ਸੈਂਟਰ ਖੋਲ੍ਹਣ ਨਾਲ ਪੂਰੇ ਪੰਜਾਬ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਆਪਣੀ ਨਜ਼ਦੀਕ ਹੀ ਮਿਲਣੀਆਂ ਸ਼ੁਰੂ ਹੋਈਆਂ ਹਨ।ਉਨ੍ਹਾਂ ਦੱਸਿਆ ਕਿ ਭੁਲੱਥ ਵਿਖੇ ਖੋਲ੍ਹਿਆ ਜਾ ਰਿਹਾ ਕੇਂਦਰ 25 ਬਿਸਤਰਿਆਂ ਨਾਲ ਆਪਣੀਆਂ ਸੇਵਾਵਾਂ ਦੇਵੇਗਾ।ਪਹਿਲਾਂ ਖੋਲ੍ਹੇ ਮੈਡੀਕਲ ਕੇਂਦਰਾਂ ਦੀ ਤਰ੍ਹਾਂ ਇਸ ਵਿੱਚ ਵੀ ਆਕਸੀਜਨ ਕੰਨਸਟਰੇਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ।ਮਾਹਿਰ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਜੋ ਬਦਲਵੇਂ ਪ੍ਰਬੰਧਾਂ ਤਹਿਤ ਆਪਣੀਆਂ ਸੇਵਾਵਾਂ ਨਿਭਾਉਣਗੇ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਸੰਸਥਾ ਦਾ ਮੰਤਵ ਇਸ ਸੰਕਟ ਸਮੇਂ ਅੰਦਰ ਲੋਕਾਂ ਨੂੰ ਨੇੜੇ ਤੋਂ ਨੇੜੇ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਖੱਜ਼ਲ ਖੁਆਰੀ ਤੋਂ ਬਚ ਸਕਣ।
              ਇਸੇ ਦੌਰਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਚਲਾਏ ਗਏ ਕੋਵਿਡ ਕੇਅਰ ਕੇਂਦਰਾਂ ‘ਚ ਵੱਡੀ ਗਿਣਤੀ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਅਨੇਕਾਂ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿਹਤ ਕੇਂਦਰ ਵਿਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …