ਹੁਣ ਤੱਕ 737.90 ਕਰੋੜ ਦੀ ਕਿਸਾਨਾਂ ਨੂੰ ਕੀਤੀ ਅਦਾਇਗੀ
ਕਪੂਰਥਲਾ, 13 ਮਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿਚ ਕਣਕ ਦੀ ਖਰੀਦ ਦਾ ਕੰਮ ਮੁਕੰਮਲ ਹੋ ਗਿਆ ਹੈ।ਇਸ ਸੀਜ਼ਨ ਦੌਰਾਨ 391711 ਮੀਟਰਕ ਟਨ ਕਣਕ ਦੀ ਖਰੀਦ ਹੋਈ ਹੈ ਜਦਕਿ ਪਿਛਲੇ ਸਾਲ ਸੀਜ਼ਨ ਦੌਰਾਨ 359971 ਮੀਟਰਕ ਟਨ ਕਣਕ ਦੀ ਖ੍ਰੀਦ ਹੋਈ ਸੀ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕੋਵਿਡ ਦੀ ਦੂਜੀ ਲਹਿਰ ਦੇ ਦੌਰਾਨ ਕਣਕ ਦੀ ਖਰੀਦ ਲਈ ਕਿਸਾਨਾਂ, ਆੜ੍ਹਤੀਆਂ, ਖ੍ਰੀਦ ਏਜੰਸੀਆਂ ਦੇ ਅਧਿਕਾਰੀਆਂ ਵਲੋਂ ਨਿਭਾਏ ਰੋਲ ਲਈ ਧੰਨਵਾਦ ਕਰਦਿਆਂ ਕਿਹਾ ਕਿ ਏਨੀ ਵੱਡੀ ਖ੍ਰੀਦ ਪ੍ਰਕਿਰਿਆ ਸਭ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹੀ ਹੈ।
ਹੁਣ ਤੱਕ ਖਰੀਦੀ ਗਈ ਕਣਕ ਵਿਚੋਂ 337722 ਮੀਟਰਕ ਟਨ ਕਣਕ ਦੀ ਚੁੱਕਾਈ ਕੀਤੀ ਗਈ ਹੈ, ਜੋ ਕਿ ਕੁੱਲ ਖ੍ਰੀਦੀ ਕਣਕ ਦਾ 86 ਫੀਸਦੀ ਬਣਦਾ ਹੈ।ਡਿਪਟੀ ਕਮਿਸ਼ਨਰ ਵਲੋਂ ਸਬੰਧਿਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਬਕਾਇਆ ਰਹਿੰਦੀ ਕਣਕ ਦੀ ਚੁੱਕਾਈ ਜਲਦ ਤੋਂ ਜਲਦ ਕਰਨ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਖ੍ਰੀਦ ਕੀਤੀ ਗਈ ਕਣਕ ਦੀ ਸਿੱਧੀ ਅਦਾਇਗੀ ਤਹਿਤ 737.90 ਕਰੋੜ ਰੁਪੈ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੇ ਗਏ ਹਨ।ਕਿਸਾਨਾਂ ਨੂੰ ਖਰੀਦੀ ਕਣਕ ਵਿਰੁੱਧ 773 ਕਰੋੜ ਰੁਪੈ ਦੀ ਅਦਾਇਗੀ ਕੀਤੀ ਜਾਣੀ ਹੈ, ਜਿਸ ਵਿਚੋਂ 737.90 ਕਰੋੜ ਰੁਪੈ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਖਰੀਦ ਏਜੰਸੀਆਂ ਵਿਚੋਂ ਪਨਗਰੇਨ ਨੇ 102377 ਮੀਟਰਕ ਟਨ, ਮਾਰਕਫੈਡ ਨੇ 101461 ਮੀਟਰਕ ਟਨ, ਪਨਸਪ ਨੇ 87106, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 55017 ਮੀਟਰਕ ਟਨ ਅਤੇ ਐਫ.ਸੀ.ਆਈ ਨੇ 45592 ਮੀਟਰਕ ਟਨ ਦੀ ਖ੍ਰੀਦ ਕੀਤੀ ਹੈ।ਇਸ ਤੋਂ ਇਲਾਵਾ 158 ਮੀਟਰਕ ਟਨ ਕਣਕ ਦੀ ਖਰੀਦ ਨਿੱਜੀ ਖਰੀਦਦਾਰਾਂ ਨੇ ਕੀਤੀ ਹੈ।