7783 ਲੋਕਾਂ ਦਾ ਕੀਤਾ ਗਿਆ ਕੋਵਿਡ ਟੈਸਟ
ਕਪੂਰਥਲਾ, 9 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਮਿਸ਼ਨ ਫਤਹਿ-2 ਤਹਿਤ ਪੇਂਡੂ ਖੇਤਰਾਂ ਅੰਦਰ ਕੋਵਿਡ ਦੇ ਫੈਲਾਅ ਨੂੰ ਰੋਕਣ ਦੇ ਮੱਦੇਨਜ਼ਰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 22 ਮਈ ਤੋਂ 4 ਜੂਨ ਤੱਕ ਢਾਈ ਲੱਖ ਤੋਂ ਵੱਧ ਲੋਕਾਂ ਦੀ ਸਕਰੀਨਿੰਗ ਕੀਤੀ ਗਈ।
ਸਕਰੀਨਿੰਗ ਦੌਰਾਨ ਲੋਕਾਂ ਵਿਚ ਕੋਵਿਡ ਦੇ ਲੱਛਣਾਂ ਦੀ ਜਾਂਚ ਮੁੱਖ ਮਕਸਦ ਸੀ, ਤਾਂ ਜੋ ਕੋਵਿਡ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।ਸਕਰੀਨਿੰਗ ਦੌਰਾਨ ਕੁੱਲ 1408 ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ, ਜਿਨਾਂ ਨੂੰ ਕੋਵਿਡ ਵਾਲੇ ਲੱਛਣ ਸਨ ਅਤੇ ਉਨ੍ਹਾਂ ਨੂੰ ਸਿਹਤ ਮਾਹਿਰਾਂ ਵਲੋਂ ਲੋੜੀਂਦੀ ਦਵਾਈ, ਕਾਊਂਸਲਿੰਗ ਤੇ ਕੋਵਿਡ ਤੋਂ ਬਚਾਅ ਬਾਰੇ ਦੱਸਿਆ ਗਿਆ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜਿਲ੍ਹਾ ਕਪੂਰਥਲਾ ਵਿਚ ਸਭ ਤੋਂ ਪਹਿਲਾਂ ਮਿਸ਼ਨ ਫਤਹਿ-2 ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ 22 ਮਈ ਨੂੰ ਪਹਿਲੇ ਦਿਨ ਹੀ 14380 ਘਰਾਂ ਦਾ ਸਰਵੇ ਕਰਕੇ 67762 ਲੋਕਾਂ ਦੀ ਸਕਰੀਨਿੰਗ ਕੀਤੀ ਗਈ ਸੀ।ਇਸੇ ਤਰ੍ਹਾਂ 4 ਜੂਨ ਤੱਕ ਕੁੱਲ 54808 ਘਰਾਂ ਤੱਕ ਪਹੁੰਚ ਕਰਕੇ 254277 ਲੋਕਾਂ ਦੀ ਸਕਰੀਨਿੰਗ ਕੀਤੀ ਗਈ, ਜਿਨ੍ਹਾਂ ਵਿਚੋਂ ਕੋਵਿਡ ਦੇ ਲੱਛਣਾਂ ਵਾਲੇ 1408 ਵਿਅਕਤੀ ਸਨ।
ਇਸ ਮੁੁਹਿੰਮ ਦੌਰਾਨ ਕੁੱਲ 7783 ਲੋਕਾਂ ਦੇ ਕੋਵਿਡ ਦੇ ਟੈਸਟ ਕੀਤੇ ਗਏ, ਜਿਨ੍ਹਾਂ ਵਿਚੋਂ 37 ਪਾਜ਼ੀਟਿਵ ਕੇਸ ਮਿਲੇ ਜਦਕਿ 7509 ਨੈਗੇਟਿਵ ਹਨ।ਬਾਕੀ ਦੇ ਨਤੀਜੇ ਆਉਣੇ ਬਾਕੀ ਹਨ।ਪਾਜੀਵਿਟ ਆਏ ਸਾਰੇ ਵਿਅਕਤੀਆਂ ਨੂੰ ਫਤਹਿ ਕਿੱਟ ਵੀ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਦੂਰ ਦੁਰਾਡੇ ਵਾਲੇ ਪਿੰਡਾਂ ਨੂੰ ਵੀ ਕਵਰ ਕੀਤਾ ਗਿਆ, ਜਿਥੇ ਜਾਣਾ ਬਹੁਤ ਮੁਸ਼ਕਿਲ ਸੀ ਅਤੇ ਲੋਕਾਂ ਲਈ ਵੀ ਟੈਸਟ ਕਰਵਾਉਣ ਲਈ ਆਉਣਾ ਔਖਾ ਸੀ।
ਬਿਆਸ ਦਰਿਆ ਪਾਰ ਕਰਕੇ ਮੰਡ ਬਾਊਪੁਰ ਵਿਖੇ ਕੀਤੀ ਟੈਸਟਿੰਗ
ਸਿਹਤ ਵਿਭਾਗ ਦੀ ਇਕ ਟੀਮ ਵਲੋਂ ਟਿੱਬਾ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ. ਮੋਹਨਪ੍ਰੀਤ ਸਿੰਘ ਦੀ ਅਗਵਾਈ ਹੇਠ ਬਿਆਸ ਦਰਿਆ ਵਿਚ ਨਾਲ ਘਿਰੇ ਟਾਪੂਨੁਮਾ ਪਿੰਡ ਮੰਡ ਬਾਊਪੁਰ ਵਿਖੇ ਵੀ ਪਹੁੰਚ ਕੀਤੀ ਗਈ।4 ਸਿਹਤ ਵਰਕਰਾਂ ਦੀ ਟੀਮ ਵਲੋਂ ਮੰਡ ਬਾਊਪੁਰ ਵਿਖੇ ਕਿਸ਼ਤੀ ਰਾਹੀਂ ਜਾ ਕੇ ਸੈਂਪਲਿੰਗ ਕੀਤੀ ਗਈ ਤਾਂ ਜੋ ਹਰ ਵਿਅਕਤੀ ਤੱਕ ਸਿਹਤ ਸੇਵਾ ਪਹੁੰਚਾਈ ਜਾ ਸਕੇ।