ਜ਼ਿਲੇ੍ ਵਿੱਚ ਹੁਣ ਤੱਕ ਰਜਿਸਟਰਡ ਹੋਏ 18353 ਨਸ਼ੇ ਤੋਂ ਪੀੜ੍ਹਤ ਵਿਅਕਤੀ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋ 2017 ਵਿਚ ਨਸ਼ੇ ਵਿਰੁੱਧ ਵਿੱਢੀ ਗਈ ਮੁਹਿੰਮ ਦੌਰਾਨ ਜ਼ਿਲੇ੍ਹ ਵਿਚ ਹੁਣ ਤੱਕ 10 ਸਰਕਾਰੀ ਓਟ ਕੇਦਰਾਂ ਵਿੱਚ 18353 ਨਸੇ ਤੋ ਪੀੜਤ ਵਿਅਕਤੀਆਂ ਨੇ ਰਜਿਸਟਰਡ ਹੋ ਕੇ ਆਪਣਾ ਇਲਾਜ ਕਰਵਾ ਰਹੇ ਹਨ।
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਕਾਲ ਅਤੇ ਲਾਕਡਾਊਨ ਦੇ ਸਮੇਂ ਦੌਰਾਨ ਨਸ਼ਾ ਨਾ ਮਿਲਣ ਕਰਕੇ ਇਨ੍ਹਾਂ ਓਟ ਸੈਂਟਰਾਂ ਵਿੱਚ ਵਧੇਰੇ ਵਿਅਕਤੀਆਂ ਨੇ ਨਸ਼ਾ ਛੱਡਣ ਲਈ ਪਹੁੰਚ ਕੀਤੀ ਹੈ ਅਤੇ ਨਸ਼ਾ ਛੱਡਣ ਵਾਲਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ।31 ਮਈ 2021 ਤੱਕ ਸਰਕਾਰੀ ਕੇਂਦਰਾਂ ਵਿੱਚ 18353 ਵਿਅਕਤੀ ਰਜਿਸਟਰਡ ਹੋ ਕੇ ਆਪਣਾ ਇਲਾਜ ਕਰਵਾ ਰਹੇ ਹਨ ਅਤੇ ਮਈ ਮਹੀਨੇ ਦੌਰਾਨ 134 ਵਿਅਕਤੀ ਵੱਖ-ਵੱਖ ਓਟ ਕੇਦਰਾਂ ਵਿੱਚ ਰਜਿਸਟਰਡ ਹੋਏ, ਜਿੰਨਾਂ ਦੀ ਦਵਾਈ ਸ਼ੁਰੂ ਕਰ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਰਜਿਸਟਰਡ ਹੋਏ ਮਰੀਜ਼ਾਂ ਵਿਚੋਂ ਅੰਦਾਜ਼ਨ 10 ਫੀਸਦੀ ਤੋ ਵੱਧ ਵਿਅਕਤੀ ਨਸ਼ੇ ਨੂੰ ਅਲਵਿਦਾ ਕਹਿ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ 4216 ਤੋਂ ਵੱਧ ਮਰੀਜਾਂ ਦੀ ਦਵਾਈ ਦੀ ਖੁਰਾਕ ਹੁਣ ਬਹੁਤ ਘਟ ਗਈ ਹੈ, ਜੋ ਕਿ ਜਲਦੀ ਹੀ ਨਸ਼ਾ ਛੱਡਣ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਣਗੇ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਲਈ ਮਰੀਜ਼ ਦੀ ਇੱਛਾ ਸ਼ਕਤੀ ਦਾ ਮਜ਼ਬੂਤ ਹੋਣਾ ਅਤੇ ਨਸ਼ਾ ਸੇਵਣ ਕਰਨ ਵਾਲੇ ਵਿਅਕਤੀਆਂ ਦੀ ਸੰਗਤ ਨੂੰ ਤਿਆਗਣਾ ਬਹੁਤ ਜਰੂਰੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਓਟ ਸੈਂਟਰਾਂ ਵਿੱਚ ਮਰੀਜ਼ਾਂ ਨੂੰ ਦਵਾਈ ਦੇਣ ਤੋਂ ਇਲਾਵਾ ਨਸ਼ਾ ਛੱਡਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਨਸ਼ੇ ਤੋਂ ਪੀੜਤ ਵਿਅਕਤੀ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਹੀ ਇਸ ਅਲਾਮਤ ਤੋਂ ਛੁਟਕਾਰਾ ਪਾ ਸਕਦਾ ਹੈ।ਡਿਪਟੀ ਮੈਡੀਕਲ ਕਮਿਸ਼ਨਰ ਡਾ: ਗੁਰਮੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਸਰਕਾਰ ਵੱਲੋਂ ਜੀਭ ਹੇਠਾਂ ਰੱਖਣ ਵਾਲੀ ਦਵਾਈ ਮੁਫਤ ਦਿੱਤੀ ਜਾਂਦੀ ਹੈ।ਜਿਸ ਦਾ ਕੋਰਸ ਇਕ ਤੋਂ ਦੋ ਸਾਲ ਦਾ ਹੈ।ਉਨ੍ਹਾਂ ਦੱਸਿਆ ਇਹ ਦਵਾਈ ਸਪੈਸ਼ਲ ਟੇ੍ਰਨਿੰਗ ਲਏ ਸਟਾਫ ਵਲੋਂ ਆਪਣੀ ਨਿਗਰਾਨੀ ਹੇਠ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਜਿਲੇ੍ ਦੇ 10 ਸਰਕਾਰੀ ਓਟ ਕੇਦਰ ਅੰਮ੍ਰਿਤਸਰ ਵਿਖੇ 3645, ਮਾਨਾਂਵਾਲਾ ਵਿਖੇ 1889, ਵੇਰਕਾ ਵਿਖੇ 716, ਤਰਸਿੱਕਾ ਵਿਖੇ 1496, ਚਵਿੰਡਾ ਦੇਵੀ ਵਿਖੇ 1134, ਅਜਨਾਲਾ ਵਿਖੇ 1770, ਮਜੀਠਾ 1186, ਲੋਪੇਕੇ 1174, ਕੇਂਦਰੀ ਜੇਲ੍ਹ 3086 ਅਤੇ ਬਾਬਾ ਬਕਾਲਾ ਵਿਖੇ 2257 ਨਸ਼ੇ ਤੋ ਪੀੜਤ ਵਿਅਕਤੀਆਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਹੈ। ਜਿਥੇ ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਮੁਫਤ ਦਵਾਈ ਦਿੱਤੀ ਜਾਂਦੀ ਹੈ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਪ੍ਰੇਰਿਤ ਕਰਕੇ ਇਨ੍ਹਾਂ ਕੇਂਦਰਾਂ ਵਿੱਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਨਸ਼ਾ ਛੱਡਣ ਵਾਲੀ ਦਵਾਈ ਦੇ ਕੇ ਸਮਾਜ ਦਾ ਹਿੱਸਾ ਬਣਾਇਆ ਜਾ ਸਕੇ।