Sunday, January 12, 2025
Breaking News

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨੌਕਰੀਆਂ ਦਿਵਾਉਣ ‘ਚ ਅਹਿਮ ਰੋਲ ਅਦਾ ਕਰੇਗਾ ਫਿਊਲ ਨਾਲ ਕੀਤਾ ਸਮਝੌਤਾ -ਵੀ.ਸੀ

ਅੰਮ੍ਰਿਤਸਰ, 16 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਡਸਟਰੀ ਅਤੇ ਅਕਾਦਮਿਕਤਾ ਵਿਚ ਸਾਂਝ ਵਧਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ ਅਤੇ ਹੁਣ ਇਸ ਵਿਚ ਇਕ ਹੋਰ ਵਾਧਾ ਕਰਦਿਆਂ ਯੂਨੀਵਰਸਿਟੀ ਵੱਲੋਂ ਨਾਨ-ਪਰਾਫਿਟ ਸੰਸਥਾ ਫਰੈਂਡਜ਼ ਯੂਨੀਅਨ ਫਾਰ ਅਨਰਜ਼ਾਈਜ਼ਿੰਗ ਲਾਈਵਜ਼ (ਫਿਊਲ) ਨਾਲ ਸਮਝੌਤਾ ਕੀਤਾ ਹੈ ਜੋ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨੌਕਰੀਆਂ ਦਿਵਾਉਣ ਦੇ ਵਿਚ ਇਕ ਕੜੀ ਦੇ ਤੌਰ `ਤੇ ਕੰਮ ਕਰੇਗੀ। ਉਹ ਅੱਜ ਫਿਊਲ ਨਾਲ ਯੂਨੀਵਰਸਿਟੀ ਨਾਲ ਹੋਏ ਸਮਝੌਤੇ ਤੋਂ ਬਾਅਦ ਗੱਲਬਾਤ ਕਰ ਰਹੇ ਸਨ।
                     ਉਨ੍ਹਾਂ ਨੇ ਫਿਊਲ ਦੇ ਅਧਿਕਾਰੀਆਂ ਨੂੰ ਯੂਨੀਵਰਸਿਟੀ ਦੇ ਅਕਾਦਮਿਕ ਖੇਤਰ ਵਿਚ ਪਾਏ ਗਏ ਪੂਰਨਿਆਂ ਦੇ ਹਵਾਲੇ ਨਾਲ ਦੱਸਿਆ ਕਿ ਯੂਨੀਵਰਸਿਟੀ ਉਦਯੋਗ ਦੀਆਂ ਆਧੁਨਿਕ ਲੋੜਾਂ ਨੂੰ ਪਹਿਲਾਂ ਹੀ ਭਾਂਪ ਚੁੱਕੀ ਹੈ ਅਤੇ ਇਸੇ ਦੇ ਆਧਾਰ ਤੇ ਹੀ ਸਮੇਂ ਸਮੇਂ `ਤੇ ਸਾਇੰਸ, ਤਕਨਾਲੋਜੀ ਅਤੇ ਇੰਜੀਨਿਅਰਿੰਗ ਸਿਲੇਬਸਾਂ ਵਿਚ ਤਬਦੀਲੀ ਲਿਆ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਵਿਦਿਆਰਥੀ ਜੀਵਨ ਤੋਂ ਬਾਅਦ ਨੌਕਰੀ ਪ੍ਰਾਪਤ ਕਰ ਲਈ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਲੋੜਾਂ ਅਨੁਸਾਰ ਢਾਲਿਆ ਜਾਵੇ।ਪ੍ਰੋ. ਸੰਧੂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸਮਝੌਤੇ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਨੌਕਰੀਆਂ ਪ੍ਰਾਪਤ ਕਰਨ ਦੇ ਰਾਹ ਖੁੱਲ੍ਹਣਗੇ।
ਫਿਊਲ ਸੰਸਥਾ ਦੇ ਸੀ.ਈ.ਓ. ਸ਼੍ਰੀ ਕੇਤਨ ਦੇਸ਼ਪਾਂਡੇ ਨੇ ਕਿਹਾ ਕਿ ਇਸ ਸਮਝੌਤੇ ਨਾਲ ਵਿਦਿਆਰਥੀਆਂ ਨੂੰ ਫਿਊਲ ਵੱਲੋਂ ਨੂੰ ਲੋੜੀਂਦੀ ਸਿਖਲਾਈ ਦਿੱਤੀ ਜਾਵੇਗੀ।ਜਿਸ ਵਿੱਚ ਰੁਝਾਣ ਸਿਖਲਾਈ, ਸਖਸ਼ੀਅਤ ਵਿਕਾਸ ਵਰਕਸ਼ਾਪ ਅਤੇ ਸਾਫਟ ਸਕਿਲਜ਼ ਵਿਚ ਸਿਖਲਾਈ ਆਦਿ ਸ਼ਾਮਲ ਹੈ।ਸਮਝੋਤੇ ‘ਤੇ ਦਸਤਖਤ ਕਰਨ ਸਮੇਂ ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਦੀਪ ਸਿੰਘ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਯੂਨੀਵਰਸਿਟੀ ਇੰਡਸਟਰੀ ਲਿੰਕੇਜ਼ ਸੈਲ ਦੇ ਡਾਇਰੈਕਟਰ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਅਤੇ ਡਾ. ਬੀ.ਐਸ ਬਾਜਵਾ ਹਾਜ਼ਰ ਸਨ।
               ਪ੍ਰੋ. ਬੇਦੀ ਨੇ ਕਿਹਾ ਕਿ ਫਿਊਲ ਸੰਸਥਾ ਪੂਰੇ ਭਾਰਤ ਵਿਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੈਰੀਅਰ ਨੂੰ ਤਲਾਸ਼ਣ ਅਤੇ ਤਰਾਸ਼ਣ ਵਿਚ ਮਦਦ ਕਰਦੀ ਹੈ।ਫਿਊਲ ਅਸ਼ੋਕਾ ਫੈਲੋਸ਼ਿਪ ਐਵਾਰਡ ਪ੍ਰਾਪਤ ਉਹ ਸੰਸਥਾ ਹੈ ਜੋ ਸਮਾਜਿਕ ਸਮੱਸਿਆਵਾਂ ਨੂੰ ਵਿਗਿਆਨਕ ਢੰਗ ਨਾਲ ਹੱਲ ਕਰਨ ਦੇ ਤੌਰ ‘ਤੇ ਜਾਣੀ ਜਾਂਦੀ ਹੈ।ਫਿਊਲ ਨੂੰ ਮਿਸਾਲੀ ਕੰਮਾਂ ਕਾਰਨ ਹੀ ਅਸ਼ੋਕਾ ਫੈਲੋਸ਼ਿਪ ਐਵਾਰਡ ਮਿਲਿਆ ਹੈ।
                     ਪਲੇਸਮੈਂਟ ਅਫਸਰ ਡਾ. ਅਮਿਤ ਚੋਪੜਾ ਨੇ ਕਿਹਾ ਕਿ ਯੂਨੀਵਰਸਿਟੀ ਦਾ ਪਲੇਸਮੈਂਟ ਵਿਭਾਗ ਹੁਣ ਤੱਕ ਉਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਵਿਚੋਂ ਆਪਣੇ ਸਭ ਤੋ ਵੱਧ ਵਿਦਿਆਰਥੀਆਂ ਨੂੰ ਵੱਖ-ਵੱਖ ਬੁਹੁਰਾਸ਼ਟਰੀ ਕੰਪਨੀਆਂ ਵਿਚ ਨੌਕਰੀਆਂ ਦਿਵਾ ਚੁਕਾ ਹੈ।ਇਸ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਲਈ ਫਿਊਲ ਨਾਲ ਸਮਝੌਤਾ ਕੀਤਾ ਗਿਆ ਹੈ।

Check Also

ਨਵੇਂ ਸਾਲ ਦੀ ਆਮਦ ‘ਤੇ ਜਿਲ੍ਹਾ ਬਾਰ ਐਸੋਸੀਏਸ਼ਨ ਨੇ ਕਰਵਾਇਆ ਧਾਰਮਿਕ ਸਮਾਗਮ

ਸੰਗਰੂਰ, 11 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਅਦਾਲਤੀ ਕੰਪਲੈਕਸ ਵਿਖੇ ਹਰ ਸਾਲ ਦੀ ਤਰ੍ਹਾਂ …