Monday, December 23, 2024

ਅੰਮ੍ਰਿਤਸਰ ਵਿਕਾਸ ਮੰਚ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦਗਾਰ ਬਣਾਉਣ ਦੀ ਕੀਤੀ ਮੰਗ

ਕਿਹਾ ਇੰਗਲੈਂਡ ਤੋਂ ਉਨਾਂ ਦੀਆਂ ਨਿਸ਼ਾਨੀਆਂ ਲਿਆਂਦੀਆਂ ਜਾਣ ਵਾਪਸ
ਅੰਮ੍ਰਿਤਸਰ, 15 ਅਗਸਤ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਢੁੱਕਵੀਂ ਯਾਦਗਾਰ ਬਣਾਉਣ ਤੇ ਇੰਗਲੈਂਡ ਤੋਂ ਉਸ ਦੀਆਂ ਨਿਸ਼ਾਨੀਆਂ ਲਿਆਉਣ ਦੀ ਮੰਗ ਕੀਤੀ ਹੈ।ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਪ੍ਰਧਾਨ ਹਰਦੀਪ ਸਿੰਘ ਚਾਹਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਹੈ ਸ਼ਹੀਦ ਮਦਨ ਲਾਲ ਢੀਂਗਰਾ ਅਜਿਹੇ ਪਹਿਲੇ ਸ਼ਹੀਦ ਸਨ।ਜਿਸ ਨੇ 1 ਜੁਲਾਈ 1909 ਨੂੰ ਭਾਰਤ ਵਿਚਲੇ ਸੈਕਟਰੀ ਆਫ ਸਟੇਟ ਦੇ ਰਾਜਸੀ ਸਹਾਇਕ ਸਰ ਵਿਲੀਅਮ ਹਟ ਕਰਜ਼ਨ ਵਾਇਲੀ ਨੂੰ ਲੰਡਨ ਵਿੱਚ ਮਾਰ ਮੁਕਾਇਆ, ਜੋ ਭਾਰਤੀ ਵਿਦਿਆਰਥੀਆਂ ਦੀ ਖ਼ੁਫ਼ੀਆ ਨਿਗਰਾਨੀ ਕਰਦਾ ਸੀ।ਉਹ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਸੀ।ਭਾਰਤੀ ਵਿਦਿਆਰਥੀ ਉਸ ਤੋਂ ਬਹੁਤ ਦੁੱਖ਼ੀ ਸਨ।ਇਸ ਕੇਸ ਵਿੱਚ ਢੀਂਗਰਾ ਨੂੰ 17 ਅਗਸਤ 1909 ਨੂੰ ਲੰਡਨ ਦੀ ਪੈਂਟੋਨਵਿਲੇ ਜੇਲ੍ਹ ਵਿੱਚ ਫਾਂਸੀ ’ਤੇ ਚੜ੍ਹਾ ਕੇ ਸ਼ਹੀਦ ਕਰ ਦਿੱਤਾ ਗਿਆ ।
                  ਢੀਂਗਰਾ ਦੀ ਇਸ ਦਲੇਰਾਨਾ ਕਾਰਵਾਈ ਅਤੇ ਸ਼ਹਾਦਤ ਨੇ ਭਾਰਤੀ ਨੌਜੁਆਨਾਂ ਨੂੰ ਹਥਿਆਰਬੰਦ ਸੰਘਰਸ਼ ਲਈ ਇਕ ਚਿੰਗਿਆੜੀ ਦਾ ਕੰਮ ਕੀਤਾ ਤੇ ਉਹ ਉਨ੍ਹਾਂ ਲਈ ਪਹਿਲਾ ਰੋਲ ਮਾਡਲ ਬਣਿਆ।ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਚੰਦਰ ਸ਼ੇਖਰ ਆਜ਼ਾਦ ਆਦਿ ਨੌਜੁਆਨਾਂ ਦਾ ਉਹ ਪ੍ਰੇਰਨਾਸ੍ਰੋਤ ਸੀ।ਡਾ. ਸੈਫ਼ੁਲ ਦੀਨ ਕਿਚਲੂ ਵੀ ਉਸ ਸਮਾਗਮ ਵਿਚ ਸ਼ਾਮਲ ਸੀ, ਜਿਸ ਵਿਚ ਢੀਂਗਰਾ ਨੇ ਵਾਇਲੀ ਦਾ ਕਤਲ ਕੀਤਾ ਸੀ।ਸ਼ਾਇਦ ਇਹੋ ਹੀ ਕਾਰਨ ਸੀ ਕਿ ਉਸ ਨੇ ਅੰਮ੍ਰਿਤਸਰ ਆ ਕੇ ਉਨਾਂ ਆਜ਼ਾਦੀ ਦੀ ਲਹਿਰ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ ਤੇ ਉਸ ਨੇ ਸਾਰੀ ਉਮਰ ਹਿੰਦੂ ਮੁਸਲਮ ਏਕਤਾ ਤੇ ਦੇਸ਼ ਦੀ ਆਜ਼ਾਦੀ ਵਿੱਚ ਲਾ ਦਿੱਤੀ ਸੀ।
                     13 ਦਸੰਬਰ 1976 ਨੂੰ ਵੱਡੀ ਜੱਦੋਜਹਿਦ ਪਿਛੋਂ ਲੰਡਨ ਤੋਂ ਸ਼ਹੀਦ ਮਦਨ ਲਾਲ ਢੀਂਗਰਾ ਦੀਆਂ ਅਸਥੀਆਂ ਭਾਰਤ ਮੰਗਵਾਈਆਂ ਗਈਆਂ।ਸ਼ਰਧਾਂਜਲੀ ਭੇਂਟ ਕਰਨ ਹਿਤ ਸ਼ਹੀਦ ਦੀਆਂ ਅਸਥੀਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਹੁੰਦੀਆਂ ਹੋਈਆਂ 20 ਦਸੰਬਰ 1976 ਨੂੰ ਸ਼ਹੀਦ ਦੀ ਜਨਮ ਭੂਮੀ ਅੰਮ੍ਰਿਤਸਰ ਪੁੱਜੀਆਂ।ਸ਼ਹਿਰ ਦੀ ਮਾਲ ਮੰਡੀ ਨੇੜੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ।ਉਸੇ ਦੌਰਾਨ ਸਸਕਾਰ ਵਾਲੇ ਸਥਾਨ ’ਤੇ ਤਤਕਾਲੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਵਲੋਂ ਸ਼ਹੀਦ ਢੀਂਗਰਾ ਦੀ ਸਮਾਧ ਤੇ ਸਮਾਰਕ ਦਾ ਨੀਂਹ ਪੱਥਰ ਰੱਖਿਆ ਗਿਆ।ਇਸ ਥਾਂ ‘ਤੇ ਸ਼ਹੀਦ ਦਾ ਬੁੱਤ ਲੱਗਾ ਹੋਇਆ ਹੈ, ਜਦਕਿ ਦੂਸਰਾ ਬੁੱਤ ਟਾਊਨ ਹਾਲ ਵਿਖੇ ਸਥਾਪਿਤ ਕੀਤਾ ਗਿਆ ਹੈ ।
                      ਉਨਾਂ ਦੀ ਯਾਦ ਵਿੱਚ ਹਰ ਸਾਲ ਰਾਜ ਪੱਧਰੀ ਸਮਾਗਮ ਕੀਤਾ ਜਾਂਦਾ ਹੈ, ਪਰ ਕਿਸੇ ਵੀ ਸਰਕਾਰ ਨੇ ਉਸ ਦੇ ਜੱਦੀ ਘਰ ਨੂੰ ਸਾਂਭਣ ਤੇ ਉਸ ਦੀ ਯਾਦ ਵਿਚ ਅਜਾਇਬ ਘਰ ਬਨਾਉਣ ਦਾ ਯਤਨ ਨਹੀਂ ਕੀਤਾ।ਪ੍ਰਵਾਰਿਕ ਮੈਂਬਰਾਂ ਵਿਚੋਂ ਇਕ ਨੇ ਜੱਦੀ ਘਰ ਨੂੰ 2012 ਵਿਚ ਵੇਚ ਦਿੱਤਾ ਸੀ।ਜਿਸ ਨੂੰ ਖ੍ਰੀਦਣ ਵਾਲੇ ਨੇ ਢਹਿ ਢੇਰੀ ਕਰ ਦਿੱਤਾ ਤੇ ਇਹ ਮਾਮਲਾ ਮਾਨਯੋਗ ਪੰਜਾਬ ਅਤੇ ਹਾਈਕੋਰਟ ਵਿੱਚ ਪਹੁੰਚ ਗਿਆ।ਜਿਸ ਦਾ ਰਿਟ ਨੰਬਰ ਸਿਵਲ ਰਿਟ ਪਟੀਸ਼ਨ 3197 ਆਫ਼ 2012 ਹੈ।ਕੁੱਝ ਖੱਬੇ ਪੱਖੀ ਜਥੇਬੰਦੀਆਂ, ਸਾਬਕਾ ਮੰਤਰੀ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ, ਦੇਸ਼ ਭਗਤ ਭਗਤ ਯਾਦਗਾਰ ਕਮੇਟੀ ਜਲੰਧਰ, ਸ਼ਹੀਦ ਢੀਂਗਰਾ ਦੇ ਘਰ ਨੂੰ ਕੌਮੀ ਵਿਰਾਸਤ ਦਾ ਦਰਜ਼ਾ ਦੇਣ ਲਈ ਆਵਾਜ਼ ਬੁਲੰਦ ਕਰਦੀਆਂ ਰਹੀਆ ਹਨ।ਪਰ ਅਫ਼ਸੋਸ ਦੀ ਗੱਲ ਹੈ ਕਿ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਤੇ ਇਹ ਘਰ ਖੰਡਰ ਬਣਿਆ ਪਿਆ ਹੈ।
                 ਮੰਚ ਨੇ ਕੈਪਟਨ ਸਾਹਿਬ ਨੂੰ ਇਸ ਜਗ੍ਹਾ ਦਾ ਦੌਰਾ ਕਰਨ ਦੀ ਅਪੀਲ ਕੀਤੀ ਹੈ ਤੇ ਇਸ ਨੂੰ ਕੌਮੀ ਵਿਰਾਸਤ ਦਾ ਦਰਜ਼ਾ ਦੇਣ ਅਤੇ ਢੁੱਕਵੀਂ ਯਾਦਗਾਰ ਬਣਾਉਣ ਲਈ ਲੋੜੀਂਦੇ ਫੰਡ ਜਾਰੀ ਕਰਨ ਦੀ ਅਪੀਲ ਕੀਤੀ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …