ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੀ ਅਹਿਮ ਮੀਟਿੰਗ 18 ਸਤੰਬਰ ਨੂੰ ਲੁਧਿਆਣਾ ‘ਚ – ਕੁਲਵਰਨ ਸਿੰਘ
ਸੰਗਰੂਰ, 15 ਸਤੰਬਰ (ਜਗਸੀਰ ਲੌਂਗੋਵਾਲ ) – ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ (ਰਜਿ:) ਮੁੱਖ ਦਫ਼ਤਰ ਲੁਧਿਆਣਾ ਦੀ ਇੱਕ ਅਹਿਮ ਅਤੇ ਹੰਗਾਮੀ ਮੀਟਿੰਗ ਕਨਫੈਡਰੇਸ਼ਨ ਦੇ ਪ੍ਰਧਾਨ ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ 18 ਸਤੰਬਰ ਨੂੰ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ ਹੋਵੇਗੀ।ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਵਰਨ ਸਿੰਘ ਵਲੋਂ ਕਨਫੈਡਰੇਸ਼ਨ ਨਾਲ ਸਬੰਧਤ ਸਮੂਹ ਜਿਲ੍ਹਾ/ਤਹਿਸੀਲ/ਬਲਾਕ ਪ੍ਰਧਾਨਾਂ ਅਤੇ ਕਾਰਜ਼ਕਾਰੀ ਕਮੇਟੀ ਮੈਂਬਰਾਂ ਨੂੰ ਇਸ ਮੀਟਿੰਗ ਵਿੱਚ ਸਮੇਂ ਸਿਰ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ।
ਐਸੋਸੀਏਸ਼ਨ ਦੇ ਸੂਬਾਈ ਮੁੱਖ ਬੁਲਾਰੇ ਰਾਜ ਕੁਮਾਰ ਅਰੋੜਾ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਇਸ ਅਹਿਮ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਵਿਛੜੇ ਸਾਥੀਆਂ ਨੂੰ ਸਰਧਾਂਜਲੀ ਦਿੱਤੀ ਜਾਵੇਗੀ।ਇਸ ਉਪਰੰਤ ਪਟਿਆਲਾ ਅਤੇ ਚੰਡੀਗੜ੍ਹ ਵਿਖੇ ਕੀਤੀਆਂ ਗਈਆਂ ਵਿਸ਼ਾਲ ਰੈਲੀਆਂ ਸਮੇਤ ਪਿਛਲੇ ਕੀਤੇ ਸੰਘਰਸ਼ ਬਾਰੇ ਰਿਪੋਰਟ, ਸਰਕਾਰ ਨਾਲ ਹੋਈਆਂ ਮੀਟਿੰਗਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇਗੀ।ਪੈਨਸ਼ਨਰਾਂ ਦੇ ਬਣੇ ਸਾਂਝੇ ਫਰੰਟ ਬਾਰੇ ਵੀ ਇਸ ਮੀਟਿੰਗ ਵਿੱਚ ਦੱਸਿਆ ਜਾਵੇਗਾ।ਪੈਨਸ਼ਨਰਾਂ ਦੀ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਸੋਧਿਆ ਹੋਇਆ ਨੋਟੀਫਿਕੇਸ਼ਨ ਜੋ ਅਜੇ ਤੱਕ ਜਾਰੀ ਨਹੀਂ ਹੋਇਆ ਅਤੇ ਜੇਕਰ 18 ਸਤੰਬਰ ਤੱਕ ਜਾਰੀ ਹੋ ਜਾਂਦਾ ਹੈ ਤਾਂ ਉਸ ‘ਤੇ ਵੀ ਵਿਚਾਰ ਕੀਤੀ ਜਾਵੇਗੀ।
ਸੂਬਾਈ ਪੈਨਸ਼ਨਰ ਆਗੂ ਅਰੋੜਾ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪੰਜਾਬ ਦੇ ਸਮੁੱਚੇ ਪੈਨਸ਼ਨਰਾਂ ਦੀ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਸੋਧਿਆ ਹੋਇਆ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ ਅਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 01-01-2016 ਤੋਂ 125% ਮਹਿੰਗਾਈ ਭੱਤੇ ਤੇ ਘੱਟੋ ਘੱਟ 20% ਦਾ ਲਾਭ ਦਿੱਤਾ ਜਾਵੇ। ਕਰੋਨਾ ਮਹਾਂਮਾਰੀ ਦੌਰਾਨ ਜਿੰਨ੍ਹਾਂ ਪੈਨਸ਼ਨਰਾਂ ਵਲੋਂ ਆਪਣਾ ਇਲਾਜ਼ ਕਰਵਾਇਆ ਗਿਆ ਹੈ ਉਨ੍ਹਾਂ ਦੇ ਬਿੱਲਾਂ ਦੀ ਅਦਾਇਗੀ ਤੁਰੰਤ ਕੀਤੀ ਜਾਵੇ।ਉਨ੍ਹਾਂ ਇਹ ਵੀ ਕਿਹਾ ਕਿ 20 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਪੰਜਾਬ, ਯੂ.ਟੀ ਮੁਲਾਜ਼ਮ ਅਤੇ ਜੁਆਇੰਟ ਪੈਨਸ਼ਨਰਜ਼ ਫਰੰਟ ਦੇ ਆਗੂਆਂ ਨਾਲ ਹੋਣ ਵਾਲੀ ਮੀਟਿੰਗ ਵਿੱਚ ਜੇਕਰ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤਿੱਖਾ ਕਰਕੇ ਪੰਜਾਬ ਸਰਕਾਰ ਨੂੰ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਬਕ ਸਿਖਾਇਆ ਜਾਵੇਗਾ।
ਇਸ ਮੌਕੇ ਤੇ ਸੂਬਾਈ ਵਿੱਤ ਸਕੱਤਰ ਪ੍ਰੇਮ ਅਗਰਵਾਲ, ਜਿਲ੍ਹਾ ਪ੍ਰਧਾਨ ਅਤੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਧੁਰਾ, ਜਿਲ੍ਹਾ ਜਨਰਲ ਸਕੱਤਰ ਮੱਘਰ ਸਿੰਘ ਸੋਹੀ, ਡਾ. ਸਮਿੰਦਰ ਸਿੰਘ ਆਦਿ ਵੀ ਹਾਜ਼ਰ ਸਨ।