ਪੱਛੜੇ ਵਰਗ ਦਾ ਸਿਆਸੀ ਗਠਨ ਹੋਣਾ ਸਮੇਂ ਦੀ ਮਜ਼ਬੂਰੀ – ਸੱਗੂ, ਮੱਲ੍ਹੀ
ਲੁਧਿਆਣਾ, 26 ਸਤੰਬਰ (ਪੰਜਾਬ ਪੋਸਟ ਬਿਊਰੋ) – ਓ.ਬੀ.ਸੀ ਵਰਗ (ਬੈਕਵਰਡ ਕਲਾਸ) ਅਤੇ ਬੀ.ਸੀ ਏਕਤਾ ਮੰਚ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸੱਗੂ, ਪ੍ਰਧਾਨ ਕੁਲਵੰਤ ਸਿੰਘ ਮੱਲ੍ਹੀ ਅਤੇ ਹੋਰ ਸੰਗਠਨਾਂ ਦੇ ਆਗੂਆਂ ਦੀ ਇਕ ਸਾਂਝੀ ਮੀਟਿੰਗ ਸਾਬਕਾ ਕੈਬਨਿਟ ਮੰਤਰੀ ਮਲਕੀਤ ਸਿੰਘ ਬੀਰਮੀ ਦੀ ਅਗਵਾਈ ‘ਚ ਲੁਧਿਆਣਾ ਵਿਖੇ ਹੋਈ।ਜਿਸ ਦੌਰਾਨ ਲੰਮੇ ਸਮੇਂ ਤੋਂ ਪੱਛੜੇ ਵਰਗ ਦੇ ਲੋਕਾਂ ਨਾਲ ਹੋ ਰਹੇ ਵਿਤਕਰੇ, ਉਨਾਂ ਦੀ ਭਲਾਈ ਅਤੇ ਸੰਵਿਧਾਨਕ ਹੱਕਾਂ ਬਾਰੇ ਹਰ ਪੱਖ ਤੋਂ ਵਿਚਾਰ ਚਰਚਾ ਕੀਤੀ ਗਈ।
ਪ੍ਰੈਸ ਨੂੰ ਜਾਰੀ ਬਿਆਨ ਅਨੁਸਾਰ ਮੀਟਿੰਗ ਵਿੱਚ ਪਿੱਛਲੇ ਅੱਠ ਮਹੀਨਿਆਂ ਤੋ ਓ.ਬੀ.ਸੀ ਪੰਜਾਬ ਦੇ ਵੱਖ-ਵੱਖ 35 ਸੰਗਠਨਾਂ ਦੇ ਕੀਤੇ ਗਏ ਸਰਵੇ ਮੰਥਨ ਤੋਂ ਬਾਅਦ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਇਸ ਸੱਤ ਘੰਟੇ ਦੀ ਮੀਟਿੰਗ ਤੋਂ ਬਾਅਦ ਸਰਬਸੰਮਤੀ ਨਾਲ ਇਕ ਮਤਾ ਪਾਸ ਕਰਕੇ ਮਲਕੀਤ ਸਿੰਘ ਬੀਰਮੀ ਨੂੰ ਇੱਕ ਆਗੂ ਦੇ ਰੂਪ ਵਿੱਚ ਓ.ਬੀ.ਸੀ ਵਰਗ ਦੀ ਪਾਰਟੀ ਬਣਾਉਣ ਦਾ ਅਧਿਕਾਰ ਦਿੱਤਾ ਗਿਆ।ਇਸ ਫੈਸਲੇ ਤੋਂ ਬਾਅਦ ਮਲਕੀਤ ਸਿੰਘ ਬੀਰਮੀ ਨੇ ਭਰੋਸਾ ਦਿੱਤਾ ਕਿ ਉਹ ਓ.ਬੀ.ਸੀ ਵਰਗ ਭਾਵ ਬੈਕਵਰਡ ਸ਼੍ਰੇਣੀਆਂ ਦੇ ਲੋਕਾਂ ਦੇ ਹੱਕਾਂ ਲਈ ਤਨ ਮਨ ਧਨ ਨਾਲ ਸੇਵਾ ਕਰਨਗੇ ਅਤੇ ਛੇਤੀ ਹੀ ਪ੍ਰੈਸ ਕਲੱਬ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਕੇ ਇਕ ਰਾਜਨੀਤਕ ਪਾਰਟੀ ਦਾ ਐਲਾਨ ਕਰਨਗੇ।ਪਾਰਟੀ ਦੇ ਨਾਮ ਦਾ ਐਲਾਨ ਕਰਕੇ ਇਸ ਦੇ 100 ਅਹੁੱਦੇਦਾਰਾਂ ਦਾ ਐਲਾਨ ਵੀ ਉਸੇ ਦਿਨ ਕੀਤਾ ਜਾਵੇਗਾ।ਬੀਰਮੀ ਨੇ ਅੱਗੇ ਕਿਹਾ ਕਿ ਪੰਜਾਬ ਦੇ 42% ਤੋਂ ਵੱਧ ਪੱਛੜੇ ਵਰਗ ਦੇ ਲੋਕਾਂ ਨੂੰ ਪੰਜਾਬ ਵਿੱਚ ਬਣਦਾ ਹੱਕ ਅੱਜ ਤੱਕ ਨਹੀਂ ਮਿਲਿਆ ਅਤੇ ਇਸ ਕਿਰਤੀ ਵਰਗ ਦੇ ਕੰਮਕਾਜ਼ ਵੀ ਠੱਪ ਹੋ ਰਹੇ ਹਨ।ਇਸ ਲਈ ਹੁਣ ਓ.ਬੀ.ਸੀ ਵਰਗ ਨੂੰ ਲਾਮਬੰਦ ਹੋ ਕੇ ਇੱਕ ਝੰਡੇ ਹੇਠ ਇਕੱਠੇ ਹੋਣ ਦਾ ਸਮਾਂ ਹੈ।ਉਨਾਂ ਕਿਹਾ ਕਿ ਓ.ਬੀ.ਸੀ ਵਰਗ ਦੀ ਇਹ ਪਾਰਟੀ ਪੰਜਾਬ ਵਿਧਾਨ ਸਭਾ ਦੀਆਂ ਆਗਾਮੀ 2022 ਦੀਆਂ ਚੋਣਾਂ ਵਿੱਚ 117 ਸੀਟਾਂ ‘ਤੇ ਚੋਣ ਲੜੇਗੀ।ਇਹ ਪਾਰਟੀ ਪੰਜਾਬ ਦੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਜਾਤੀਆਂ ਦੇ ਲੋਕਾਂ ਦੀ ਤਰਜ਼ਮਾਨੀ ਕਰਦੀ ਹੋਈ ਪੰਜਾਬ ਦੇ ਲੋਕਾਂ ਨੂੰ ਇੱਕ ਵਿਲੱਖਣ ਰਾਜ ਪ੍ਰਬੰਧ ਦੇਵੇਗੀ।
ਇਸ ਮੀਟਿੰਗ ਵਿੱਚ ਡਾ. ਸੋਹਣ ਲਾਲ ਬਲੱਗਣ ਪ੍ਰਧਾਨ, ਹਰਮੇਲ ਸਿੰਘ ਪ੍ਰਧਾਨ ਸੈਣੀ ਸਮਾਜ, ਕਰਮਜੀਤ ਸਿੰਘ ਨਾਰੰਗਵਾਲ ਪ੍ਰਧਾਨ ਅਤੇ ਹੋਰ ਆਗੂਆਂ ਨੇ ਹਿੱਸਾ ਲਿਆ।